ਪੰਥ ਚੋਂ ਛੇਕੇ ਰਾਗੀ ਸਿੰਘ ਤੋਂ ਕੀਤਰਨ ਕਰਵਾਉਣ ਦਾ ਮਾਮਲਾ; ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਮੇਤ 3 ਨੂੰ ਸੁਣਾਈ ਧਾਰਮਿਕ ਸਜ਼ਾ
ਚੰਡੀਗੜ੍ਹ, 06 ਅਗਸਤ 2025- ਅੱਜ ਮਿਤੀ 22 ਸਾਵਣ ਨਾਨਕਸ਼ਾਹੀ ਸੰਮਤ 557 ਮੁਤਾਬਿਕ ੦੬ ਅਗਸਤ ੨੦੨੫ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ, ਜੰਮੂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਥ ’ਚੋਂ ਛੇਕੇ ਰਾਗੀ ਦਰਸ਼ਨ ਸਿੰਘ ਨੂੰ ਸਮਾਗਮ ਵਿਚ ਬੁਲਾਉਣ ਸਬੰਧੀ ਮਾਮਲਾ ਵਿਚਾਰਿਆ ਗਿਆ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਕੀਤੀ ਉਲੰਘਣਾ ਦੇ ਦੋਸ਼ ਵਜੋਂ ਰਣਜੀਤ ਸਿੰਘ ਟੋਹੜਾ ਪ੍ਰਧਾਨ ਤੇ ਜਗਪਾਲ ਸਿੰਘ ਕੈਸ਼ੀਅਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ, ਜੰਮੂ ਅਤੇ ਸੋਮਨਾਥ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਖਿਮ੍ਹਾ ਜਾਚਨਾ ਕੀਤੀ , ਜਿਸ ’ਤੇ ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਨੂੰ ਹੇਠ ਲਿਖੇ ਅਨੁਸਾਰ ਸੇਵਾ ਲਗਾਈ ਹੈ।
1. 11 ਦਿਨ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਜੋੜੇ ਝਾੜਨ, ਭਾਂਡੇ ਮਾਂਜਣ ਅਤੇ ਇੱਕ ਘੰਟਾ ਹੱਥੀ ਸੇਵਾ ਕਰਨ।
2. 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਪਾਠ ਜਪੁ ਜੀ ਸਾਹਿਬ ਅਤੇ ਪੰਜ ਪਾਠ ਜਾਪੁ ਸਾਹਿਬ ਜੀ ਦੇ ਕਰਨ।
3. ਸੇਵਾ ਪੂਰੀ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਹੋ ਕੇ 1100/-ਰੁਪਏ ਦੀ ਕੜਾਹਿ ਪ੍ਰਸਾਦਿ ਦੀ ਦੇਗ ਕਰਵਾ ਕੇ 1100/-ਰੁਪਏ ਗੁਰੂ ਦੀ ਗੋਲਕ ਵਿਚ ਪਾ ਕੇ ਅਰਦਾਸ ਕਰਵਾਉਣ।