ਬੰਦੀ ਸਿੰਘਾਂ ਨੂੰ ਸਰਕਾਰਾਂ ਬਿਨ੍ਹਾਂ ਸ਼ਰਤ ਰਿਹਾਅ ਕਰਨ: ਬਾਬਾ ਬਲਬੀਰ ਸਿੰਘ
ਡੇਰਾ ਮੁਖੀ ਨੂੰ ਬਾਰ-ਬਾਰ ਫਰਲੋ ਦੇਣੀ ਸਰਾਸਰ ਗਲਤ ਹੈ
ਸ੍ਰੀ ਫਤਹਿਗੜ੍ਹ ਸਾਹਿਬ:- 06 ਅਗਸਤ2025- ਡੇਰਾ ਸਿਰਸੇ ਦੇ ਮੁਖੀ ਰਾਮ ਰਹੀਮ ਨੂੰ 40 ਦਿਨ ਦੀ ਫਿਰ ਪਰੋਲ ਦਿੱਤੇ ਜਾਣ ਤੇ ਰੋਸ ਦਾ ਇਜ਼ਹਾਰ ਕਰਦੇ ਨਿਹੰਗ ਸਿੰਘਾਂ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਭਾਰਤ ਅੰਦਰ ਸਿੱਖਾਂ ਨਾਲ ਦੋਹਰਾ ਸਲੂਕ ਕੀਤਾ ਜਾ ਰਿਹਾ ਹੈ। ਬਲਾਤਕਾਰ ਦੇ ਗੁਨਾਹਾਂ ਵਿੱਚ ਘਿਰੇ ਵਿਅਕਤੀ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ। ਪਰ ਸਿੱਖ ਜੁਝਾਰੂ ਜੋ ਕਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਲਈ ਕੋਈ ਰਿਆਇਤ ਨਹੀਂ ਹੈ। ਉਨ੍ਹਾਂ ਕਿਹਾ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਵੀਹ ਸਾਲਾਂ ਕੈਦ ਦੀ ਸਜ਼ਾ ਭੁਗਤ ਰਹੇ ਇਸ ਡੇਰਾ ਮੁਖੀ ਰਾਮ ਰਹੀਮ ਨੂੰ ਆਜ਼ਾਦੀ ਦਿਵਸ `ਤੇ ਉਸ ਦੇ ਆਉਂਦੇ ਜਨਮ ਦਿਨ ਲਈ 40 ਦਿਨਾਂ ਦੀ ਪੈਰੋਲ ਦਿੱਤੀ ਜਾਣ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸਖ਼ਤ ਇਤਰਾਜ਼ ਜਤਾਇਆ ਹੈ।ਉਨ੍ਹਾਂ ਕਿਹਾ ਲੰਘੇ ਅਪਰੈਲ ਮਹੀਨੇ ਉਹ 21 ਦਿਨਾਂ ਦੀ ਪੈਰੋਲ ਲੈ ਚੁੱਕਿਆ ਹੈ ਅਤੇ ਇਸ ਤੋਂ ਪਹਿਲਾਂ ਜਨਵਰੀ ਵਿਚ ਪੂਰੇ 30 ਦਿਨ ਦੀ ਪੈਰੋਲ ਵੀ ਉਸ ਨੂੰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਸਾਧਵੀਆਂ ਨਾਲ ਬਲਾਤਕਾਰ ਤੋਂ ਇਲਾਵਾ ਉਸ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਕੇਸ ਵਿੱਚ ਮੁਜਰਮ ਕਰਾਰ ਦਿੱਤਾ ਜਾ ਚੁੱਕਿਆ ਹੈ। ਬਲਾਤਕਾਰ ਅਤੇ ਹੱਤਿਆ ਜਿਹੇ ਸੰਗੀਨ ਕੇਸਾਂ ਵਿੱਚ ਮੁਜਰਮ ਠਹਿਰਾਏ ਕਿਸੇ ਸ਼ਖ਼ਸ ਨੂੰ ਇੰਝ ਵਾਰ-ਵਾਰ ਪੈਰੋਲ `ਤੇ ਛੱਡਿਆ ਜਾਣਾ ਚਿੰਤਾ ਪੈਦਾ ਕਰਨ ਵਾਲਾ ਰੁਝਾਨ ਹੈ। ਉਨ੍ਹਾਂ ਕਿਹਾ ਪਿਛਲੇ ਕੁਝ ਸਾਲਾਂ ਵਿੱਚ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਜਾਂਦਾ ਰਿਹਾ ਹੈ ਇਸ ਪਿੱਛੇ ਸਿਆਸੀ ਜੋੜ-ਤੋੜ ਖੇਡ ਹੈ। ਉਨ੍ਹਾਂ ਕਿਹਾ ਘਿਨਾਉਣੇ ਅਪਰਾਧ ਦੇ ਦੋਸ਼ੀ ਸ਼ਖ਼ਸ ਨੂੰ ਪੈਰੋਲ ਸੌਖਿਆਂ ਹੀ ਨਹੀਂ ਮਿਲ ਜਾਣੀ ਚਾਹੀਦੀ। ਉਨ੍ਹਾਂ ਕਿਹਾ ਭਾਰਤੀ ਕਨੂੰਨ ਸਿੱਖਾਂ ਲਈ ਦੋਹਰਾ ਮਾਪਦੰਡ ਕਿਉਂ ਅਪਨਾਅ ਰਿਹਾ ਹੈ ਉਨ੍ਹਾਂ ਹੋਰ ਕਿਹਾ ਕਿ ਇਸ ਤਰ੍ਹਾਂ ਨਾਲ ਸਿੱਖਾਂ ਅੰਦਰ ਰੋਹ ਤੇ ਰੋਸ਼ ਦਾ ਪਣਪਨਾ ਕੁਦਰਤੀ ਹੈ ਸਰਕਾਰਾਂ ਸਿੱਖਾਂ ਨੂੰ ਜਾਣਬੁਝ ਕੇ ਉਸ ਰਾਹ ਤੌਰ ਰਹੀਆਂ ਹਨ ਜਿਸ ਰਾਹ ਉਹ ਤੁਰਨਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਜੁਝਾਰੂਆਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਹੈ।