← ਪਿਛੇ ਪਰਤੋ
Babushahi Special: ਯੁੱਧ ਟੋਅ ਵੈਨਾਂ ਵਿਰੁੱਧ: ਵਪਾਰੀਆਂ ਨੇ ਨਗਰ ਨਿਗਮ ਦਾ ਸਿਆਸੀ ਚੋਗਾ ਚੁਗਣ ਤੋਂ ਪਾਸਾ ਵੱਟਿਆ
ਅਸ਼ੋਕ ਵਰਮਾ
ਬਠਿੰਡਾ,6 ਅਗਸਤ 2025: ਮਲਟੀਸਟੋਰੀ ਪਾਰਕਿੰਗ ਪ੍ਰਜੈਕਟ ਠੇਕੇਦਾਰ ਦੀਆਂ ਟੋਅ ਵੈਨਾਂ ਵੱਲੋਂ ਕਥਿਤ ਧੱਕੇ ਨਾਲ ਚੁੱਕੀਆਂ ਜਾਂਦੀਆਂ ਗੱਡੀਆਂ ਖਿਲਾਫ 15 ਅਗਸਤ ਨੂੰ ਦਿੱਤੇ ਬਠਿੰਡਾ ਬੰਦ ਦੇ ਸੱਦੇ ਤੋਂ ਪਹਿਲਾਂ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਮਸਲਾ ਹੱਲ ਕਰਨ ਦੇ ਭਰੋਸੇ ਨੂੰ ਸ਼ਹਿਰ ਦੇ ਵਪਾਰੀ ਆਗੂਆਂ ਨੇ ਫਿਲਹਾਲ ਪ੍ਰਵਾਨ ਕਰਨ ਤੋਂ ਪਾਸਾ ਵੱਟਿਆ ਹੈ। ਹਾਲਾਂਕਿ ਵਪਾਰੀ ਆਗੂ ਮੇਅਰ ਦੇ ਬਿਆਨ ਦੀ ਰੌਸ਼ਨੀ ’ਚ ਤੇਲ ਦੇਖੋ ਤੇਲ ਦੀ ਧਾਰ ਦੇਖੋ ਦੀ ਨੀਤੀ ਤੇ ਚੱਲਦੇ ਦਿਖਾਈ ਦੇ ਰਹੇ ਹਨ ਜਿੰਨ੍ਹਾਂ ਸਪਸ਼ਟ ਕੀਤਾ ਕਿ ਉਹ ਪੱਕੇ ਹੱਲ ਤੋਂ ਘੱਟ ਕੁੱਝ ਵੀ ਨਹੀਂ ਪ੍ਰਵਾਨ ਕਰਨਗੇ। ਜਿਲ੍ਹਾ ਲੋਕ ਸੰਪਰਕ ਵਿਭਾਗ ਨੇ ਅੱਜ ਪ੍ਰੈਸ ਬਿਆਨ ਜਾਰੀ ਕੀਤਾ ਹੈ ਜਿਸ ਮੁਤਾਬਕ ਮੇਅਰ ਪਦਮਜੀਤ ਮਹਿਤਾ ਨੇ ਕਿ ਟੋਅ ਵੈਨ ਦਾ ਮਸਲਾ ਇਸੇ ਮਹੀਨੇ ਹੱਲ ਕਰਨ ਦੀ ਗੱਲ ਕਹੀ ਹੈ। ਵਪਾਰੀ ਆਗੂ ਸਾਜਨ ਸ਼ਰਮਾ ਦੀ ਅਗਵਾਈ ਹੇਠਲੇ ਵਫਦ ਨੂੰ ਮੇਅਰ ਨੇ ਇਹ ਵਿਸ਼ਵਾਸ਼ ਦਿਵਾਇਆ ਹੈ। ਦੂਜੇ ਪਾਸੇ ਅੱਜ ਸ਼ਹਿਰ ਦੀਆਂ ਵਪਾਰਿਕ ਧਿਰਾਂ ਨੇ ਟੋਅ ਵੈਨਾਂ ਦੀ ਸਮੱਸਿਆ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਸੀ ਜਿੱਥੇ ਇਸ ਮੁੱਦੇ ਤੇ ਕਾਫੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਵਪਾਰ ਮੰਡਲ ਨੇ ਜੋ ਪ੍ਰੈਸ ਬਿਆਨ ਜਾਰੀ ਕੀਤਾ ਹੈ ਉਸ ’ਚ 15 ਅਗਸਤ ਨੂੰ ਬੰਦ ਰੱਖਣ ਜਾਂ ਨਾਂ ਰੱਖਣ ਸਬੰਧੀ ਪੂਰੀ ਤਰਾਂ ਚੁੱਪ ਵੱਟੀ ਹੈ ਜਿਸ ਤੋਂ ਸਪਸ਼ਟ ਹੈ ਕਿ ਵਪਾਰੀ ਆਗੂ ਹਰ ਕਦਮ ਫੂਕ ਫੂਕ ਕੇ ਰੱਖ ਰਹੇ ਹਨ। ਸ਼ਹਿਰ ਦੇ ਜਿਆਦਾਤਰ ਵਪਾਰੀ ਵੀ ਇਸ ਬਿਆਨ ਨੂੰ 15 ਅਗਸਤ ਦਾ ਧਰਨਾ ਰੱਦ ਕਰਵਾਉਣ ਲਈ ਚੋਗਾ ਪਾਉਣ ਨਾਲ ਜੋੜਕੇ ਦੇਖ ਰਹੇ ਹਨ। ਅੱਜ ਵੀ ਇਸ ਪੱਤਰਕਾਰ ਨੇ ਟੋਅ ਵੈਨਾਂ ਤੋਂ ਸਤਾਏ ਕਈ ਦੁਕਾਨਦਾਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਸਭਨਾਂ ਨੇ ਇੱਕੋ ਸੁਰ ’ਚ ਕਿਹਾ ਕਿ ਵਪਾਰ ਮੰਡਲ ਨੂੰ ਪੱਕੇ ਹੱਲ ਤੋਂ ਬਿਨਾਂ ਪੈਰ ਪਿੱਛੇ ਨਹੀਂ ਹਟਾਉਣੇ ਚਾਹੀਦੇ ਕਿਉਂਕਿ ਹੁਣ ਇਹ ਮਸਲਾ ਰੋਜੀ ਰੋਟੀ ਨਾਲ ਜੁੜ ਗਿਆ ਹੈ। ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਅਸਲ ’ਚ ਬਠਿੰਡਾ ਪ੍ਰਸ਼ਾਸ਼ਨ ਮੇਅਰ ਦੇ ਮੋਢੇ ਤੇ ਰੱਖਕੇ ਨਿਸ਼ਾਨਾ ਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਸ਼ਾਸ਼ਨ ਤੇ ਧਰਨਾ ਰੱਦ ਕਰਵਾਉਣ ਲਈ ਦਬਾਅ ਬਣਾਇਆ ਹੈ। ਖਾਸ ਤੌਰ ਤੇ ਅਜਾਦੀ ਦਿਵਸ ਮੌਕੇ ਕੋਈ ਰੋਸ ਮੁਜ਼ਾਹਰਾ ਜਾਂ ਬਠਿੰਡਾ ਬੰਦ ਤਾਂ ਸਰਕਾਰ ਬਿਲਕੁਲ ਵੀ ਨਹੀਂ ਚਾਹੁੰਦੀ ਹੈ। ਕਿੱਕਰ ਬਜ਼ਾਰ ਦੇ ਇੱਕ ਦੁਕਾਨਦਾਰ ਦਾ ਪ੍ਰਤੀਕਰਮ ਸੀ ਕਿ ਟੋਅ ਵੈਨਾਂ ਵੱਡੀ ਸਮੱਸਿਆ ਬਣ ਗਈਆਂ ਹਨ ਜਿੰਨ੍ਹਾਂ ਤੋਂ ਨਿਜਾਤ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਬਜ਼ਾਰਾਂ ਵਿੱਚ ਧੰਦਾ ਬੁਰੀ ਤਰਾਂ ਚੌਪਟ ਹੋ ਗਿਆ ਹੈ ਪਰ ਸਰਕਾਰ ਨਾਂ ਕੇਵਲ ਅੱਖਾਂ ਮੀਚੀ ਬੈਠੀ ਹੈ ਬਲਕਿ ਇਸ ਸਬੰਧ ’ਚ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹੁਣ ਇਹ ਨਵਾਂ ਪੱਤਾ ਚੱਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਨੂੰ ਬਿਨਾਂ ਕਿਸੇ ਠੋਸ ਪ੍ਰਾਪਤੀ ਦੇ ਆਪਣੀ ਇਹ ਲੜਾਈ ਖਤਮ ਨਹੀਂ ਕਰਨੀ ਚਾਹੀਦੀ । ਵਪਾਰ ਮੰਡਲ ਪੰਜਾਬ ਦੇ ਸੂਬਾ ਸਕੱਤਰ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਕੋਈ ਵੀ ਸ਼ਹਿਰ ਦੀ ਸ਼ਾਂਤੀ ਭੰਗ ਨਹੀਂ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਟੋਅ ਵੈਨਾਂ ਕਾਰਨ ਵਪਾਰੀਆਂ ਅਤੇ ਗਾਹਕਾਂ ਤੇ ਪੈ ਰਹੇ ਬੁਰੇ ਪ੍ਰਭਾਵ ਅਤੇ ਨਿੱਤ ਰੋਜ ਹੁੰਦੇ ਕੰਜਰ ਕਲੇਸ਼ ਕਰਕੇ ਸ਼ਹਿਰ ਵਾਸੀ ਮਸਲੇ ਦਾ ਪੱਕਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਬੰਦ ਦਾ ਸੱਦਾ ਕਾਇਮ ਹੈ ਪਰ ਜੇ ਪ੍ਰਸ਼ਾਸ਼ਨ ਨੇ ਲਿਖਤੀ ਰੂਪ ’ਚ ਟੋਅ ਵੈਨਾਂ ਸਬੰਧੀ ਕਾਰਵਾਈ ਕੀਤੀ ਤਾਂ ਮੀਟਿੰਗ ਕਰਕੇ ਅਗਲਾ ਫੈਸਲਾ ਲਿਆ ਜਾਏਗਾ । ਵਪਾਰ ਮੰਡਲ ਦੇ ਆਗੂ ਜੀਵਨ ਗੋਇਲ ਦਾ ਕਹਿਣਾ ਸੀ ਕਿ ਵਪਾਰ ਮੰਡਲ ਦੀਆਂ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਨਾਲ ਮੀਟਿੰਗਾਂ ਚੱਲ ਰਹੀਆਂ ਹਨ ਜਿਸ ਦੌਰਾਨ ਕਾਫੀ ਸਕਾਰਤਮਕ ਸੰਕੇਤ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਸੜਕਾਂ ਤੇ ਉੱਤਰਨ ਦਾ ਸ਼ੌਕ ਨਹੀਂ ਇਹ ਤਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਆਵਾਜਾਈ ਨੂੰ ਸਹੀ ਰੱਖਣ ਅਤੇ ਬਜ਼ਾਰਾਂ ਚੋਂ ਭੀੜ ਘਟਾਉਣ ਲਈ ਨਗਰ ਨਿਗਮ ਬਠਿੰਡਾ ਨੇ ਮਲਟੀਸਟੋਰੀ ਪਾਰਕਿੰਗ ਬਣਾਈ ਸੀ ਜਿਸ ਦਾ ਠੇਕਾ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਦਿੱਤਾ ਗਿਆ ਸੀ। ਜਦੋਂ ਠੇਕੇਦਾਰ ਦੇ ਕਾਰਿੰਦਿਆਂ ਨੇ ਬਜ਼ਾਰਾਂ ਚੋਂ ਕਥਿਤ ਧੱਕੇ ਨਾਲ ਕਾਰਾਂ ਵਗੈਰਾ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਵਿਰੋਧ ਹੋਣ ਲੱਗ ਪਿਆ। ਜਦੋਂ 15 ਅਗਸਤ 2024 ਨੂੰ ਜਦੋਂ ਜਿਲ੍ਹਾ ਪ੍ਰਸ਼ਾਸ਼ਨ ਅਜਾਦੀ ਦਿਵਸ ਮਨਾ ਰਿਹਾ ਸੀ ਤਾਂ ਟੋਅ ਵੈਨ ਮੁੱਦੇ ਤੇ ਵਪਾਰੀਆਂ ਨੇ ਬਠਿੰਡਾ ਬੰਦ ਕਰਕੇ ਜਬਰਦਸਤ ਰੋਸ ਧਰਨਾ ਹੁਣ ਸੀ। ਹੁਣ ਜਦੋਂ ਕਾਰਾਂ ਟੋਅ ਕਰਨ ਦਾ ਅਸਰ ਦੁਕਾਨਦਾਰਾਂ ਦੇ ਕਾਰੋਬਾਰ ਤੇ ਪੈਣ ਦੇ ਨਾਲ ਨਾਲ ਦੁਕਾਨਦਾਰੀ ਨੂੰ ਖਾਣ ਲੱਗਿਆ ਤਾਂ ਐਕਸ਼ਨ ਕਮੇਟੀ ਨੇ 15 ਅਗਸਤ 2025 ਨੂੰ ਬਠਿੰਡਾ ਬੰਦ ਰੱਖਕੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ ਜਿਸ ਦੇ ਨਜ਼ਦੀਕ ਆਉਂਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸੇ ਮਹੀਨੇ ਪੱਕਾ ਹੱਲ:ਮੇਅਰ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਸ਼ਹਿਰ ਦੀ ਤਰੱਕੀ ਤੇ ਆਰਥਿਕਤਾ ਲਈ ਕਾਰੋਬਾਰ ਨੂੰ ਬਚਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਭਾਈਚਾਰੇ ਦੀ ਬਿਹਤਰੀ ਲਈ ਸਖ਼ਤ ਅਤੇ ਢੁੱਕਵੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਦਿੱਕਤਾਂ ਨੂੰ ਦੇਖਦਿਆਂ ਟੋਅ ਵੈਨਾਂ ਦੇ ਮਸਲੇ ਦਾ ਇਸੇ ਮਹੀਨੇ ਪੱਕਾ ਹੱਲ ਕੱਢਿਆ ਜਾਏਗਾ।
Total Responses : 7100