ਮਜੀਠੀਆ ਖਿਲਾਫ ਕਾਰਵਾਈ, ਸਿਆਸੀ ਬਦਲਾਖੋਰੀ- ਬ੍ਰਹਮਪੁਰਾ ਦਾ ਵੱਡਾ ਇਲਜ਼ਾਮ
ਤਰਨ ਤਾਰਨ 7 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ 'ਤੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਆਪਣੇ ਹਲਕੇ ਦੇ ਦੌਰੇ ਦੌਰਾਨ ਪਿੰਡ ਪੱਖੋਪੁਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ 'ਆਪ' ਸਰਕਾਰ ਅਤੇ ਇਸਦੇ ਦਿੱਲੀ ਬੈਠੇ ਆਕਾਵਾਂ 'ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਕੀਤਾ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ, "ਬਿਕਰਮ ਸਿੰਘ ਮਜੀਠੀਆ 'ਤੇ ਇਹ ਕਾਰਵਾਈ ਕਾਨੂੰਨ ਦਾ ਰਾਜ ਨਹੀਂ, ਸਗੋਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਨਿੱਜੀ ਕਿੜ ਅਤੇ ਸਿਆਸੀ ਈਰਖਾ ਦਾ ਨੰਗਾ-ਚਿੱਟਾ ਪ੍ਰਗਟਾਵਾ ਹੈ। ਜਿਸ ਆਦਮੀ ਨੇ ਕਦੇ ਝੂਠੇ ਇਲਜ਼ਾਮਾਂ ਲਈ ਮਜੀਠੀਆ ਦੇ ਪੈਰੀਂ ਪੈ ਕੇ ਲਿਖਤੀ ਮੁਆਫ਼ੀ ਮੰਗੀ ਹੋਵੇ, ਅੱਜ ਉਹੀ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਬਦਲੇ ਦੀ ਅੱਗ ਵਿੱਚ ਸੜ ਰਿਹਾ ਹੈ। ਇਹ ਸਿਆਸਤ ਨਹੀਂ, ਸਿਆਸੀ ਕਾਇਰਤਾ ਹੈ।"
ਉਨ੍ਹਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ "ਪੰਜਾਬ ਦੇ ਇਤਿਹਾਸ ਦੀ ਸਭ ਤੋਂ ਕਮਜ਼ੋਰ ਅਤੇ ਰਿਮੋਟ-ਕੰਟਰੋਲ ਵਾਲੀ ਸਰਕਾਰ" ਦੱਸਦਿਆਂ ਕਿਹਾ, "ਭਗਵੰਤ ਮਾਨ ਨੇ ਪੰਜਾਬ ਦੀ ਵਾਗਡੋਰ ਪੂਰੀ ਤਰ੍ਹਾਂ ਦਿੱਲੀ ਦੇ ਹਵਾਲੇ ਕਰ ਦਿੱਤੀ ਹੈ ਅਤੇ ਉਹ ਸਿਰਫ਼ ਇੱਕ ਕਠਪੁਤਲੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ, ਜੋ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਇੱਕ ਜੁਝਾਰੂ ਆਗੂ 'ਤੇ ਸਰਕਾਰੀ ਤੰਤਰ ਰਾਹੀਂ ਜ਼ੁਲਮ ਢਾਹ ਰਹੇ ਹਨ। ਉਨ੍ਹਾਂ ਸਖ਼ਤ ਆਲੋਚਨਾ ਕਰਦਿਆਂ ਕਿਹਾ, "ਜਦੋਂ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਹੋਵੇ, ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੋਵੇ ਅਤੇ ਸਰਕਾਰ ਆਪਣੀ ਹਰ ਗਾਰੰਟੀ ਤੋਂ ਮੁੱਕਰ ਗਈ ਹੋਵੇ, ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੀਆਂ ਘਟੀਆ ਹਰਕਤਾਂ ਹੀ ਕੀਤੀਆਂ ਜਾਂਦੀਆਂ ਹਨ।
ਸ੍ਰ. ਬ੍ਰਹਮਪੁਰਾ ਨੇ ਅੱਗੇ ਕਿਹਾ, "ਪਰ ਇਹ ਯਾਦ ਰੱਖਣ, 'ਆਪ' ਦੀ ਇਸ ਧੱਕੇਸ਼ਾਹੀ ਅਤੇ ਝੂਠ ਦੇ ਮਹਿਲ ਨੂੰ ਅਸੀਂ ਮਾਣਯੋਗ ਅਦਾਲਤ ਵਿੱਚ ਢਹਿ-ਢੇਰੀ ਕਰ ਦੇਵਾਂਗੇ। ਸਾਨੂੰ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਅਟੁੱਟ ਭਰੋਸਾ ਹੈ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ਼ ਘੜੀ ਗਈ ਇਹ ਸਾਰੀ ਸਿਆਸੀ ਸਾਜ਼ਿਸ਼ ਬੇਨਕਾਬ ਹੋਵੇਗੀ ਅਤੇ 'ਆਪ' ਸਰਕਾਰ ਵੱਲੋਂ ਵਰਤੇ ਗਏ ਸਾਰੇ ਹਥਕੰਡੇ ਸਿਰੇ ਤੋਂ ਨਕਾਰ ਦਿੱਤੇ ਜਾਣਗੇ, ਸੱਚ ਅਤੇ ਇਨਸਾਫ਼ ਦੀ ਜਿੱਤ ਯਕੀਨੀ ਹੈ।
ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਮੌਜੂਦ ਸਨ, ਜਿੰਨ੍ਹਾਂ ਵਿੱਚ ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ, ਜਗਰੂਪ ਸਿੰਘ ਪੱਖੋਪੁਰ ਯੂਥ ਅਕਾਲੀ ਆਗੂ, ਗੁਰਦੇਵ ਸਿੰਘ ਸ਼ਬਦੀ ਕਿਸਾਨ ਆਗੂ, ਸਮਾਜ ਸੇਵਕ, ਮਨਜਿੰਦਰ ਸਿੰਘ ਲਾਟੀ ਚੋਹਲਾ ਸਾਹਿਬ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।