Cloudburst: ਬੱਦਲ ਫਟਣ ਕਾਰਨ ਭਾਰੀ ਤਬਾਹੀ, 200 ਤੋਂ ਵੱਧ ਲੋਕ ਲਾਪਤਾ
ਉਤਰਾਖੰਡ, 06 ਅਗਸਤ 2025- ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। 200 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਭਾਰਤੀ ਫੌਜ ਦਾ ਕਹਿਣਾ ਹੈ ਕਿ 9 ਸੈਨਿਕ ਵੀ ਲਾਪਤਾ ਹੋ ਗਏ ਹਨ। ਬੱਦਲ ਫਟਣ ਤੋਂ ਬਾਅਦ ਘਰ, ਦੁਕਾਨਾਂ, ਬਾਜ਼ਾਰ ਅਤੇ ਸੜਕਾਂ ਰੁੜ੍ਹ ਗਈਆਂ ਹਨ।
ਦੱਸਣਾ ਬਣਦਾ ਹੈ ਕਿ ਮੌਸਮ ਖਰਾਬ ਹੈ, ਲਗਾਤਾਰ ਮੀਂਹ ਪੈ ਰਿਹਾ ਹੈ, ਇਸ ਲਈ ਬਚਾਅ ਕਾਰਜ ਚਲਾਉਣ ਵਿੱਚ ਮੁਸ਼ਕਲ ਆ ਰਹੀ ਹੈ। ਧਾਰਲੀ ਅਤੇ ਸੁੱਖੀ ਟੌਪ ਖੇਤਰ ਵਿੱਚ ਦੋ ਬੱਦਲ ਫਟ ਗਏ, ਜਿਸਦਾ ਪ੍ਰਭਾਵ ਧਾਰਲੀ ਪਿੰਡ 'ਤੇ ਦੇਖਣ ਨੂੰ ਮਿਲਿਆ। ਇਸਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ।
ਉਤਰਕਾਸ਼ੀ ਵਿੱਚ ਇਸ ਘਟਨਾ ਤੋਂ ਬਾਅਦ, ਵੱਡੇ ਪੱਧਰ 'ਤੇ ਖੋਜ ਅਤੇ ਰਾਹਤ-ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਸਵੇਰ ਤੱਕ 130 ਤੋਂ ਵੱਧ ਜਾਨਾਂ ਬਚਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਤਰਾਖੰਡ ਦੇ ਮੁੱਖ ਮੰਤਰੀ ਤੋਂ ਲਗਾਤਾਰ ਅਪਡੇਟ ਲੈ ਰਹੇ ਹਨ।
ਭਾਰਤੀ ਫੌਜ, ਇੰਡੋ-ਤਿੱਬਤੀ ਸਰਹੱਦੀ ਪੁਲਿਸ (ITBP), ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF) ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (SDRF) ਦੀਆਂ ਕਈ ਟੀਮਾਂ ਬਚਾਅ ਕਾਰਜ ਚਲਾਉਣ ਲਈ ਤਾਇਨਾਤ ਹਨ। ਉਤਰਾਖੰਡ ਸਰਕਾਰ ਦੇ ਅਧਿਕਾਰੀਆਂ ਅਨੁਸਾਰ, ਹੁਣ ਤੱਕ 130 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ।