Babushahi Special ਹਿਰਾਸਤੀ ਮੌਤ :ਭਿੰਦਰ ਕਾਂਡ ਵਿੱਚ ਹਾਈਕੋਰਟ ਵੱਲੋਂ ਪੁਲਿਸ ਮੁਲਾਜਮਾਂ ਨੂੰ ਅਗਾਊਂ ਜਮਾਨਤ
ਅਸ਼ੋਕ ਵਰਮਾ
ਬਠਿੰਡਾ,7ਅਗਸਤ 2025: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੋਨਿਆਣਾ ਇਲਾਕੇ ਦੇ ਪਿੰਡ ਲੱਖੀ ਜੰਗਲ ਨਿਵਾਸੀ ਭਿੰਦਰ ਸਿੰਘ ਦੀ ਪੁਲਿਸ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ’ਚ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਦੇ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਪੰਜਾਬ ਪੁਲਿਸ ਦੇ ਪੰਜਾਂ ਮੁਲਾਜ਼ਮਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਮੰਗਲਵਾਰ ਨੂੰ ਇਸ ਸਬੰਧ ਵਿੱਚ ਦਾਇਰ ਇੱਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ, ਜਸਟਿਸ ਰਾਜੇਸ਼ ਭਾਰਦਵਾਜ ਨੇ ਮੁਲਜਮਾਂ ਨੂੰ ਬਠਿੰਡਾ ਦੀ ਹੇਠਲੀ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਹਾਈਕੋਰਟ ਦੇ ਇੰਨ੍ਹਾਂ ਹੁਕਮਾਂ ਤੋਂ ਬਾਅਦ ਮੁਲਜਮ ਪੁਲਿਸ ਮੁਲਾਜ਼ਮਾਂ ਖਿਲਾਫ ਜਿਲ੍ਹਾ ਅਦਾਲਤ ਬਠਿੰਡਾ ’ਚ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਮਾਮਲਾ ਅਕਤੂਬਰ 2024 ’ਚ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਦਾ ਹੈ ਜਿਸ ਦੌਰਾਨ ਭਿੰਦਰ ਸਿੰਘ ਵਾਸੀ ਲੱਖੀ ਜੰਗਲ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ।
ਇਸ ਮੌਕੇ ਪੁਲਿਸ ਵੱਲੋਂ ਦਰਜ ਐਫਆਈਆਰ ’ਚ ਦਾਅਵਾ ਕੀਤਾ ਗਿਆ ਸੀ ਕਿ ਭਿੰਦਰ ਸਿੰਘ ਨੇ ਝੀਲ ਵਿੱਚ ਛਾਲ ਮਾਰਕੇ ਖੁਦਕਸ਼ੀ ਕੀਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਏ ਸਨ ਕਿ ਇਹ ਆਤਮ ਹੱਤਿਆ ਨਹੀਂ ਬਲਕਿ ਪੁਲਿਸ ਹਿਰਾਸਤ ਵਿੱਚ ਕੀਤਾ ਗਿਆ ਕਤਲ ਹੈ। ਇਸ ਸਾਲ 18 ਫਰਵਰੀ ਨੂੰ ਤਤਕਾਲੀ ਨਿਆਂਇਕ ਮੈਜਿਸਟਰੇਟ (ਪਹਿਲੀ ਸ਼੍ਰੇਣੀ) ਕੁਲਦੀਪ ਸਿੰਘ ਵੱਲੋਂ ਦਾਇਰ ਕੀਤੀ ਗਈ ਇੱਕ ਤੱਥ-ਖੋਜ ਰਿਪੋਰਟ ਵਿੱਚ ਸੀਆਈਏ-1 ਦੇ ਤਤਕਾਲੀ ਮੁਖੀ ਪੁਲਿਸ ਇੰਸਪੈਕਟਰ ਨਵਪ੍ਰੀਤ ਸਿੰਘ, ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਤੇ ਤਿੰਨ ਸਿਪਾਹੀਆਂ , ਗਗਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਇੱਕ ਵਿਅਕਤੀ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਅਤੇ ਇਸ ਮੌਤ ਨੂੰ ਡੁੱਬਣ ਦੇ ਰੂਪ ਵਿੱਚ ਤਬਦੀਲ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਰਿਪੋਰਟ ਅਨੁਸਾਰ ਸੀਆਈਏ ਸਟਾਫ ਵਨ ’ਚ ਪੁੱਛਗਿਛ ਦੌਰਾਨ ਭਿੰਦਰ ਸਿੰਘ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ।
ਰਿਪੋਰਟ ’ਚ ਦੱਸਿਆ ਸੀ ਕਿ ਹਿਰਾਸਤ ਦੌਰਾਨ ਦਿੱਤੇ ਤਸੀਹਿਆਂ ਕਾਰਨ ਭਿੰਦਰ ਦੀ ਮੌਤ ਹੋਈ ਹੈ। ਰਿਪੋਰਟ ਵਿੱਚ ਇੰਨ੍ਹਾਂ ਪੰਜਾਂ ਪੁਲਿਸ ਮੁਲਾਜਮਾਂ ’ਤੇ ਕਤਲ, ਸਬੂਤ ਨਸ਼ਟ ਕਰਨ ਅਤੇ ਹੋਰ ਅਪਰਾਧਾਂ ਲਈ ਮੁਕੱਦਮਾ ਚਲਾਉਣ ਦੀ ਵੀ ਸਿਫਾਰਸ਼ ਕੀਤੀ ਗਈ ਸੀ। ਜੁਡੀਸ਼ੀਅਲ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ, ਜ਼ਿਲ੍ਹਾ ਅਦਾਲਤ ਨੇ ਪੁਲਿਸ ਮੁਲਾਜਮਾਂ ਖਿਲਾਫ ਕਤਲ, ਸਬੂਤ ਗਾਇਬ ਕਰਨ ਆਦਿ ਲਈ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਸੀ। ਹਾਈਕੋਰਟ ਨੇ ਲੰਘੀ 28 ਜੁਲਾਈ ਨੂੰ, ਪੁਲਿਸ ਮੁਲਾਜ਼ਮਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ ਜਿਸ ਤੋਂ ਬਾਅਦ ਉਹ 31 ਜੁਲਾਈ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਏ ਸਨ। ਜ਼ਿਲ੍ਹਾ ਅਦਾਲਤ ਦੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਰਸਵੀਨ ਕੌਰ ਨੇ ਮੁਲਜ਼ਮਾਂ ਨੂੰ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਅਤੇ ਇੰਨੀ ਹੀ ਰਾਸ਼ੀ ਦੀ ਇੱਕ-ਇੱਕ ਜ਼ਮਾਨਤ ਦੇਣ ਲਈ ਕਿਹਾ ਸੀ। ਉਸ ਮਗਰੋਂ ਲੰਘੇ ਮੰਗਲਵਾਰ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ।
ਇਸ ਦੌਰਾਨ ਜ਼ਿਲ੍ਹਾ ਅਦਾਲਤ ਨੇ ਇੱਕ ਸੋਧਿਆ ਹੁਕਮ ਜਾਰੀ ਕਰਕੇ ਕਿਹਾ ਕਿ ਸਿਰਫ਼ ਰਾਜਵਿੰਦਰ ਸਿੰਘ, ਨਵਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਸਵਿੰਦਰ ਸਿੰੰਘ ਦੇ ਜ਼ਮਾਨਤੀ ਬਾਂਡ ਪ੍ਰਵਾਨ ਕੀਤੇ ਗਏ ਹਨ। ਇਸ ਤੋਂ ਪਹਿਲਾਂ ਗਗਨਪ੍ਰੀਤ ਸਿੰਘ ਦਾ ਨਾਮ ਗਲ੍ਹਤੀ ਨਾਲ ਸ਼ਾਮਲ ਹੋ ਗਿਆ ਸੀ ਜਿਸ ਨੂੰ ਹੁਣ ਦਰੁਸਤ ਕਰ ਦਿੱਤਾ ਹੈ। ਅੱਪਡੇਟ ਕੀਤੇ ਹੁਕਮ ਵਿੱਚ ਲਿਖਿਆ ਹੈ ਜ਼ਿਲ੍ਹਾ ਅਦਾਲਤ ਨੇ ਗਗਨਪ੍ਰੀਤ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਜਿਲ੍ਹਾ ਅਦਾਲਤ ਹੁਣ 11 ਅਗਸਤ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਜਿਕਰਯੋਗ ਹੈ ਕਿ ਭਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਲਿਆ ਅਤੇ 17 ਅਕਤੂਬਰ 2024 ਨੂੰ ਸੀਆਈਏ-1 ’ਚ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ । ਹਾਲਾਂਕਿ ਪੁਲਿਸ ਨੇ ਮੌਤ ਦਾ ਕਾਰਨ ਥਰਮਲ ਦੀ ਝੀਲ ’ਚ ਡੁੱਬਣਾ ਦੱਸਿਆ ਪਰ ਫੋਰੈਂਸਿਕ ਸਬੂਤ ਤੇ ਡਾਕਟਰ ਦੀ ਗਵਾਹੀ ਨਾਲ ਤਸੀਹੇ ਦੇਣ ਦੀ ਪੁਸ਼ਟੀ ਹੋਈ ਸੀ।
ਭਰਾ ਦੀ ਚਿੱਠੀ ਨੇ ਭੇਦ ਖੋਹਲਿਆ
ਮ੍ਰਿਤਕ ਭਿੰਦਰ ਸਿੰਘ ਦਾ ਭਰਾ ਸਤਨਾਮ ਸਿੰਘ ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਬੰਦ ਸੀ ਜਿੱਥੋਂ ਉਸ ਨੇ ਫਿਰੋਜ਼ਪੁਰ ਦੀ ਜਿਲ੍ਹਾ ਅਦਾਲਤ ਨੂੰ ਇਸ ਸਬੰਧ ’ਚ ਪੱਤਰ ਲਿਖਿਆ ਸੀ। ਪੱਤਰ ’ਚ ਦੋਸ਼ ਲਾਇਆ ਸੀ ਕਿ ਬਠਿੰਡਾ ਪੁਲਿਸ ਨੇ ਉਸ ਦੇ ਭਰਾ ਨੂੰ ਕਥਿਤ ਤੌਰ ’ਤੇ ਨਜਾਇਜ ਹਿਰਾਸਤ ਵਿੱਚ ਰੱਖਿਆ ਅਤੇ ਪੁੱਛਗਿਛ ਦੌਰਾਨ ਉਸ ਨੂੰ ਅਣਮਨੁੱਖੀ ਤਸੀਹੇ ਦੇਕੇ ਮਾਰ ਦਿੱਤਾ। ਫਿਰੋਜ਼ਪੁਰ ਅਦਾਲਤ ਨੇ ਸ਼ਕਾਇਤ ਸਬੰਧੀ ਪੱਤਰ ਜਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਨੂੰ ਭੇਜ ਦਿੱਤਾ ਜਿਸ ਦੀ ਬਠਿੰਡਾ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨੇ ਜਾਂਚ ਕਰਕੇ ਆਪਣੀ ਰਿਪੋਰਟ ਦਿੱਤੀ ਸੀ। ਰਿਪੋਰਟ ’ਚ ਸੀਆਈਏ ਸਟਾਫ ਵਨ ਦੇ ਤੱਤਕਾਲੀ ਇੰਸਪੈਕਟਰ ਮੁਖੀ ,ਇੱਕ ਹੈਡ ਕਾਂਸਟੇਬਲ ਅਤੇ ਤਿੰਨ ਸਿਪਾਹੀਆਂ ਨੂੰ ਭਿੰਦਰ ਸਿੰਘ ਦੀ ਮੌਤ ਲਈ ਜਿੰਮੇਵਾਰ ਕਰਾਰ ਦਿੰਦਿਆਂ ਮੁਕੱਦਮਾ ਚਲਾਉਣ ਦੀ ਸਿਫਾਰਸ਼ ਕੀਤੀ ਸੀ।