ਕਟਾਰੂਚੱਕ ਵੱਲੋਂ ਗੈਸ ਏਜੰਸੀਆਂ 'ਤੇ ਅਚਨਚੇਤ ਛਾਪਾਮਾਰੀ
- ਤੋਲ ਕੰਡਿਆਂ ਵਿੱਚ ਊਣਤਾਈਆਂ ਪਾਏ ਜਾਣ ਦਾ ਲਿਆ ਗੰਭੀਰ ਨੋਟਿਸ
- ਵਿਭਾਗੀ ਨਿਯਮਾਂ ਅਨੁਸਾਰ ਸਖਤ ਕਾਰਵਾਈ ਕਰਨ ਦੀ ਹਦਾਇਤ
- ਗੈਸ ਉਪਭੋਗਤਾਵਾਂ ਦੀ ਲੁੱਟ ਖਸੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ/ ਫਤਹਿਗੜ੍ਹ ਸਾਹਿਬ, 6 ਅਗਸਤ 2025 - ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਸਰਹਿੰਦ ਵਿਖੇ ਵੱਖ—ਵੱਖ ਗੈਸ ਏਜੰਸੀਆਂ ਤੇ ਗੋਦਾਮਾਂ *ਤੇ ਕੀਤੀ ਅਚਨਚੇਤ ਛਾਪਾਮਾਰੀ ਦੌਰਾਨ ਤੋਲ ਕੰਡਿਆਂ ਵਿੱਚ ਊਣਤਾਈਆਂ ਪਾਏ ਜਾਣ ਦਾ ਗੰਭੀਰ ਨੋਟਿਸ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਗੈਸ ਉਪਭੋਗਤਾਵਾਂ ਦਾ ਵਿੱਤੀ ਸੋ਼ਸਣ ਹੈ ਅਤੇ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਇਹ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਗੈਸ ਏਜੰਸੀਆਂ ਵਿੱਚ ਗੈਸ ਉਪਭੋਗਤਾਵਾਂ ਦੀ ਕਿਸੇ ਵੀ ਪੜਾਅ 'ਤੇ ਖੱਜਲ ਖੁਆਰੀ ਜਾਂ ਵਿੱਤੀ ਲੁੱਟ ਖਸੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਗੈਸ ਏਜੰਸੀ ਮਾਲਕ ਜਾਂ ਕਰਮਚਾਰੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਾਂਚ ਪੜਤਾਲ ਦੌਰਾਨ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਕੁਝ ਗੈਸ ਏਜੰਸੀਆਂ ਵੱਲੋਂ ਗੈਸ ਸਿਲੰਡਰਾਂ ਦੇ ਤੋਲ ਕੰਡੇ ਸਬੰਧੀ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਬਰਦਾਸ਼ਤਯੋਗ ਨਹੀਂ ਹੈ ਅਤੇ ਇਸ ਸਬੰਧੀ ਲੁੱਟ ਖਸੁੱਟ ਨੂੰ ਸਖਤੀ ਨਾਲ ਰੋਕਣ ਲਈ ਸਬੰਧਤ ਗੈਸ ਏਜੰਸੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਡੀ.ਐਫ.ਐਸ.ਸੀ ਨੂੰ ਹਦਾਇਤ ਕੀਤੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਗੈਸ ਏਜੰਸੀਆਂ ਖਿਲਾਫ਼ ਵਿਭਾਗੀ ਕਾਰਵਾਈ ਆਰੰਭੀ ਜਾਵੇ ਅਤੇ ਇਸ ਵਿੱਚ ਕਿਸੇ ਵੀ ਢਿੱਲਮਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਗੈਸ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਗੈਸ ਸਪਲਾਈ ਲੈਣ ਮੌਕੇ ਆਪਣੇ ਸਾਹਮਣੇ ਗੈਸ ਸਿਲੰਡਰਾਂ ਦੀ ਤੁਲਵਾਈ ਕਰਵਾਉਣ ਤਾਂ ਜੋ ਕੋਈ ਵੀ ਵਿਅਕਤੀ ਹੇਰਾਫੇਰੀ ਜਾਂ ਭ੍ਰਿਸ਼ਟਾਚਾਰ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਗੈਸ ਸਪਲਾਈ ਕਰਨ ਵਾਲਿਆਂ ਲਈ ਕੰਡੇ ਆਪਣੇ ਨਾਲ ਰੱਖਣੇ ਲਾਜ਼ਮੀ ਕੀਤੇ ਹੋਏ ਹਨ ਪਰ ਕਈ ਥਾਈ ਇਹ ਦੇਖਣ ਵਿੱਚ ਆਇਆ ਹੈ ਕਿ ਗੈਸ ਸਪਲਾਈ ਕਰਨ ਵਾਲੇ ਵਾਹਨਾਂ ਵਿੱਚ ਕੰਡੇ ਨਹੀਂ ਰੱਖੇ ਜਾਂਦੇ ਜਿਸ ਨਾਲ ਇਹ ਸਿੱਧੇ ਤੌਰ 'ਤੇ ਹਦਾਇਤਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ਉਤੇ ਤੋਲ ਕੰਡੇ ਰੱਖੇ ਪਾਏ ਗਏ ਹਨ ਪਰ ਇਹ ਕੰਡੇ ਸਰਕਾਰੀ ਤੌਰ 'ਤੇ ਅਥੋਰਾਈਜ਼ ਨਹੀਂ ਹਨ।ਉਨ੍ਹਾਂ ਨੇ ਚੈਕਿੰਗ ਦੌਰਾਨ ਜਿਥੇ ਮੌਕੇ *ਤੇ ਹੀ ਵੱਖ ਵੱਖ ਗੈਸ ਸਿਲੰਡਰਾਂ ਦੀ ਆਪਣੇ ਸਾਹਮਣੇ ਤੁਲਵਾਈ ਕਰਵਾ ਕੇ ਦੇਖਿਆ ਉਥੇ ਨਾਲ ਹੀ ਮੌਕੇ *ਤੇ ਮੌਜੂਦ ਗੈਸ ਖਪਤਕਾਰਾਂ ਤੋਂ ਵੀ ਏਜੰਸੀਆਂ ਦੀ ਕਾਰਜਪ੍ਰਣਾਲੀ ਤੇ ਕਾਰ ਵਿਹਾਰ ਬਾਰੇ ਫੀਡਬੈਕ ਹਾਸਲ ਕੀਤੀ।
ਇਸ ਮੌਕੇ ਮਨੋਹਰ ਸਿੰਘ ਕੰਟਰੋਲਰ ਹੈਡ ਕੁਆਰਟਰ ਅਤੇ ਡੀ.ਐਫ.ਐਸ.ਸੀ ਮੀਨਾਕਸ਼ੀ ਵੀ ਮੌਜੂਦ ਸਨ।