ਨਰਮੇ ਅਤੇ ਕਪਾਹ ਦਾ ਮਾਮਲਾ :ਸਰਵੇਲੈਂਸ ਟੀਮਾਂ ਵੱਲੋਂ ਲਗਾਤਾਰ ਖੇਤਾਂ ‘ਚ ਸਰਵੇਖਣ ਜਾਰੀ
ਅਸ਼ੋਕ ਵਰਮਾ
ਬਠਿੰਡਾ, 7 ਅਗਸਤ : ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫਸਲ ਉੱਪਰ ਕੀੜੇ ਮਕੌੜਿਆਂ ਦੇ ਹਮਲੇ ਸਬੰਧੀ ਸਰਵੇਲੈਂਸ ਟੀਮਾਂ ਵੱਲੋਂ ਹਫਤੇ ਵਿੱਚ ਦੋ ਦਿਨ (ਸੋਮਵਾਰ ਅਤੇ ਵੀਰਵਾਰ) ਨੂੰ ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਫਸਲ ਸਬੰਧੀ ਲੋੜੀਂਦੀ ਸਲਾਹ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪੱਧਰ ‘ਤੇ ਬਲਾਕ ਪੱਧਰੀ ਟੀਮਾਂ ਵੱਲੋਂ 120 ਖੇਤਾਂ ਦਾ ਸਰਵੇਖਣ ਕੀਤਾ ਗਿਆ ਜਿਸ ਵਿੱਚ ਚਿੱਟੀ ਮੱਖੀ ਅਤੇ ਹਰੇ ਤੇਲੇ ਦੀ ਪੱਤਿਆਂ ਉੱਪਰ ਗਿਣਤੀ ਸਰਵੇਖਣ ਵਿੱਚ ਹਾਲ ਤੱਕ ਆਰਥਿਕ ਨੁਕਸਾਨ ਦੇ ਪੱਧਰ ਤੋਂ ਨੀਚੇ ਆਈ ਹੈ ਜਿਨ੍ਹਾਂ ਖੇਤਾਂ ਵਿੱਚ ਕੀੜਿਆਂ ਦੀ ਗਿਣਤੀ ਥੋੜ੍ਹੀ ਵਧ ਰਹੀ ਹੈ, ਉਨ੍ਹਾਂ ਕਿਸਾਨਾਂ ਨੂੰ ਲਗਾਤਾਰ ਖੇਤਾਂ ਦਾ ਸਰਵੇਖਣ ਕਰਨ ਦੀ ਸਲਾਹ ਦਿੱਤੀ ਗਈ।
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਲੋੜ ਪੈਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਚਿੱਟੀ ਮੱਖੀ ਦੀ ਰੋਕਥਾਮ ਲਈ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) 200 ਗਰਾਮ ਜਾਂ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) 400 ਐਮ ਐਲ ਜਾਂ ਓਸ਼ੀਨ 20 ਐਸ ਜੀ (ਡਾਇਨੋਟੈਫੂਰਾਨ)60 ਗਰਾਮ ਜਾਂ ਪੋਲੋ 50 ਡਬਲਯੂ ਪੀ (ਡਾਇਆਫੈਨਥੂਯੂਰੋਨ) 200 ਗਰਾਮ ਜਾਂ ਲੈਨੋ 10 ਈ ਸੀ (ਪਾਇਰੀਪਰੋਕਸੀਫਿਨ) ਜਾਂ ਓਬਰੇਨ 22.9 ਐਸ.ਸੀ (ਸਪੈਰੋਮੈਸੀਫਿਨ) 200 ਐਮ.ਐਲ ਜਾਂ ਓਲਾਲਾ 50 ਡਬਲਯੂ ਜੀ (ਫਲੋਨਿਕਾਮਿਡ) 80 ਗਰਾਮ ਜਾਂ ਡੈਂਟਟੋਟਸੂ 50 ਡਬਲਯੂ ਜੀ (ਕਲੋਥੀਅਨਡਿਨ) 20 ਗਰਾਮ ਜਾਂ ਫੋਸਮਾਈਟ 50 ਈ ਸੀ (ਈਥੀਆਨ) 800 ਐਮ ਐਲ ਆਦਿ ਦਵਾਈਆਂ ਪ੍ਰਤੀ ਏਕੜ ਅਦਲ ਬਦਲ ਕੇ ਸਪਰੇ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋ ਲੈਨੋ ਅਤੇ ਓਬਰੇਨ ਦਵਾਈਆਂ ਚਿੱਟੀ ਮੱਖੀ ਦੇ ਬੱਚਿਆਂ ਲਈ ਜ਼ਿਆਦਾ ਅਸਰਦਾਰ ਹਨ। ਇਸ ਦੇ ਨਾਲ ਹੀ ਹਰੇ ਤੇਲੇ ਦੀ ਰੋਕਥਾਮ ਲਈ ਕੀਫਨ 15 ਈ ਸੀ (ਟੌਫੈਨਪਾਇਰੈਡ) 300 ਐਮ ਐਲ ਜਾਂ ਓਸ਼ੀਨ 20 ਐਸ ਸੀ (ਡਾਇਨੋਟੈਫੂਰਾਨ) 60 ਗ੍ਰਾਮ ਜਾਂ ਨਿਓਨ 5 ਈ ਸੀ (ਫੈਲਪਾਇਰੋਕਸੀਮੇਟ) 300 ਐਮ.ਐਲ ਜਾਂ ਓਲਾਲਾ 50 ਡਬਲਯੂ ਜੀ (ਫਲੋਨਿਕਾਮਿਡ) 80 ਗਰਾਮ ਜਾਂ ਐਕਟਾਰਾ 25 ਡਬਲਯੂ ਜੀ (ਥਾਇਆਮੀਥਾਕਸਮ) 40 ਗਰਾਮ ਪ੍ਰਤੀ ਏਕੜ ਦੀ ਸਪਰੇ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੁਲਾਬੀ ਸੁੰਡੀ ਨਰਮੇ ਦੇ ਖੇਤਾਂ ਵਿੱਚ ਨਾ ਮਾਤਰ ਹੀ ਮਿਲ ਰਹੀ ਹੈ ਅਤੇ ਇਸ ਤੇ ਲਗਾਤਾਰ ਸਰਵੇਖਣ ਕੀਤੇ ਜਾ ਰਹੇ ਹਨ ਪ੍ਰੰਤੂ ਹੁਣ ਤੱਕ ਇਸ ਦਾ ਕੋਈ ਨੁਕਸਾਨ ਨਹੀਂ ਵੇਖਿਆ ਗਿਆ ਇਸ ਸਮੇਂ ਨਰਮੇ ਦੀ ਫਸਲ ਉੱਪਰ ਫੁੱਲ ਤੇ ਫਲ ਲੱਗਣ ਦਾ ਸਮਾਂ ਚੱਲ ਰਿਹਾ ਹੈ ਇਸ ਲਈ ਪੋਟਾਸ਼ੀਅਮ ਨਾਈਟਰੇਟ (13:0:45) ਦੀ ਸਪਰੇ 2 ਫੀਸਦੀ (2 ਕਿਲੋ 100 ਲੀਟਰ ਪਾਣੀ ਵਿੱਚ) ਦੇ ਹਿਸਾਬ ਨਾਲ ਹਫਤੇ ਬਾਅਦ, ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਨਰਮੇ ਦੀ ਫਸਲ ਦਾ ਚੰਗੇ ਤੋਂ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ।