ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਦੀ ਮੁਹਿੰਮ ਦਾ ਆਗਾਜ਼
ਜਾਮਨੂੰ, ਅੰਬ ਅਤੇ ਅਮਰੂਦ ਸਮੇਤ ਵੱਖ-ਵੱਖ 3000 ਬੂਟੇ ਸ਼ਹਿਰ ਦੀ ਸੜਕਾਂ ਦੇ ਕਿਨਾਰਿਆਂ ’ਤੇ ਲਗਾਏ ਜਾਣਗੇ
ਰੋਹਿਤ ਗੁਪਤਾ
ਬਟਾਲਾ, 7 ਅਗਸਤ ਬਟਾਲਾ ਸ਼ਹਿਰ ਨੂੰ ਹਰਿਆ ਭਰਿਆ ਤੇ ਖੂਬਸੂਰਤ ਬਣਾਉਣ ਦੇ ਮੰਤਵ ਨਾਲ ਨਗਰ ਨਿਗਮ ਬਟਾਲਾ ਵਲੋਂ ਵਿਸ਼ੇਸ ਉਪਰਾਲਾ ਕਰਦਿਆਂ ਅੱਜ ਪੂਰੇ ਸ਼ਹਿਰ ਅੰਦਰ ਫਲਦਾਰ ਬੂਟੇ ਲਗਾਉ ਦੀ ਮੁਹਿੰਮ ਆਰੰਭੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ-ਕਮ.ਕਮਿਸਨਰ ਨਗਰ ਨਿਗਮ ਬਟਾਲਾ ਅਤੇ ਅੰਮ੍ਰਿਤ ਕਲਸੀ ਵਲੋਂ ਕੀਤੀ ਗਈ। ਇਸ ਮੌਕੇ ਡਾਇਰੈਕਟਰ ਮਨਜੀਤ ਸਿੰਘ ਭੁੱਲਰ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ ਅਤੇ ਐਸ.ਡੀ.ਓ ਰੋਹਿਤ ਉੱਪਲ ਵੀ ਮੋਜੂਦ ਸਨ।
ਗੁਰਦਾਸਪੁਰ-ਬਟਾਲਾ ਬਾਈਪਾਸ ਸ਼ਹਿਰ ਦੇ ਅੰਦਰੂਨੀ ਖੇਤਰ ਤੋਂ ਜਾਮਨੂੰ ਦਾ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਜਿਥੇ ਬਟਾਲਾ ਸ਼ਇਹਰ ਅੰਦਰ ਚਹੁਪੱਖੀ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਉਸਦੇ ਨਾਲ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਗੱਲ ਕਰਦਿਆਂ ਵਿਕਰਮਜੀਤ ਸਿਘ ਪਾਂਥੇ,ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸ਼ਹਿਰ ਦੀ ਸਾਰੀਆਂ ਮੁੱਖ ਸੜਕਾਂ ’ਤੇ ਫਲਦਰ ਜਾਮਨੂੰ, ਅੰਬ ਤੇ ਅਮਰੂਦ ਆਦਿ ਦੇ ਕਰੀਬ 3,000 ਬੂਟੇ ਲਗਾਏ ਜਾਣਗੇ। ਉਨਾਂ ਦੱਸਿਆ ਕਿ ਜਿਸ ਜਗ੍ਹਾ ’ਤੇ ਇਹ ਫਲਦਾਰ ਬੂਟੇ ਲਗਾਉਣ ਦੀ ਵਿਵਸਥਾ ਨਹੀਂ ਹੋਵੇਗੀ, ਉਥੇ ਬੇਗਨਵੀਜ਼ ਦੇ ਫੁੱਲ ਲਗਾਏ ਜਾਣਗੇ, ਜੋ ਸ਼ਹਿਰ ਨੂੰ ਹਰਿਆ ਭਰਿਆ ਰੱਖਣਗੇ। ਉਨਾਂ ਦੱਸਿਆ ਕਿ ਜਿਥੇ ਵੀ ਬੂਟੇ ਲਗਾਏ ਜਾਣਗੇ ਉਸਦੇ ਨਾਲ ਬੂਟਿਆਂ ਦੀ ਹਿਫਾਜ਼ਤ ਲਈ ਟ੍ਰੀ ਗਾਰਡ ਵੀ ਲਗਾਇਆ ਜਾ ਰਿਹਾ ਹੈ, ਤਾਂ ਜੋ ਬੂਟਿਆਂ ਨੂੰ ਪਸ਼ੂਆਂ ਆਦਿ ਤੋਂ ਬਚਾਇਆ ਜਾ ਸਕੇ।
ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਬਟਾਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਸਹਿਯੋਗ ਕਰਨ ਅਤੇ ਜਿਥੇ ਬੂਟੇ ਲਗਾਏ ਗਏ ਹਨ ਉਨਾਂ ਦੀ ਸਾਂਭ ਸੰਭਾਲ ਵੱਲ ਤਵੱਜੋਂ ਦਿੱਤੀ ਜਾਵੇ ਤਾਂ ਅਸੀਂ ਸਾਰੇ ਰਲ-ਮਿਲ ਕੇ ਸ਼ਹਿਰ ਨੂੰ ਹਰਿਆ ਭਰਿਆ ਤੇ ਸੁੰਦਰ ਬਣਾ ਸਕੀਏ।