ਐਚਐਮਈਐਲ ਨੇ ਦੋ ਰੋਜ਼ਾ ਸਰਟੀਫਾਈਡ ਸੁਰੱਖਿਆ ਟਰੇਨਿੰਗ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 7 ਅਗਸਤ 2025:ਐਚਪੀਸੀਐਲ-ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ) ਨੇ ਪੰਜਾਬ ਦੇ ਫੈਕਟਰੀਜ਼ ਨਿਰਦੇਸ਼ਾਲਿਆਦੇ ਸਹਿਯੋਗ ਨਾਲ ਬਠਿੰਡਾ ਸਥਿਤ ਆਪਣੀ ਯੂਨਿਟ ਵਿੱਚ ਦੋ ਰੋਜ਼ਾ ਸਰਟੀਫਾਈਡ ਸੁਰੱਖਿਆ ਟਰੇਨਿੰਗ ਪ੍ਰੋਗਰਾਮ ਕਰਵਾਇਆ ਜਿਸ ਦਾ ਉਦਘਾਟਨ ਬਠਿੰਡਾ ਦੇ ਡਿਪਟੀ ਡਾਇਰੈਕਟਰ – ਫੈਕਟਰੀਜ਼, ਵਿਸ਼ਾਲ ਸਿੰਗਲਾ ਨੇ ਕੀਤਾ। ਇਸ ਮੌਕੇ ਐਚਐਮਈਐਲ ਦੇ ਫੈਕਟਰੀ ਮੈਨੇਜਰ ਅਤੇ ਵਾਇਸ ਪ੍ਰੇਜ਼ੀਡੈਂਟ – ਪੈਟਕੇਮ, ਸ਼੍ਰੀ ਅੰਸ਼ੁ ਸ਼ਰਮਾ ਅਤੇ ਵਾਇਸ ਪ੍ਰੇਜ਼ੀਡੈਂਟ – ਸੇਫਟੀ, ਸ਼੍ਰੀ ਹੈਕਟਰ ਸਲਾਜ਼ਾਰ ਵੀ ਮੌਜੂਦ ਸਨ। ਆਪਣੇ ਭਾਸ਼ਣ ਦੌਰਾਨ ਸ਼੍ਰੀ ਸਿੰਗਲਾ ਨੇ ਕਿਹਾ ਕਿ ਉਦਯੋਗਿਕ ਸੁਰੱਖਿਆ ਕੇਵਲ ਕਾਨੂੰਨੀ ਲੋੜ ਨਹੀਂ, ਬਲਕਿ ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਜਿਸਨੂੰ ਰੋਜ਼ਾਨਾ ਦੇ ਕੰਮਕਾਜ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਰਮਚਾਰੀਆਂ ਵਿਚ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਹਰ ਪੱਧਰ 'ਤੇ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।
ਐਚਐਮਈਐਲ ਵੱਲੋਂ ਸ਼੍ਰੀ ਅੰਸ਼ੁ ਸ਼ਰਮਾ ਅਤੇ ਸ਼੍ਰੀ ਹੈਕਟਰ ਸਲਾਜ਼ਾਰ ਨੇ ਕਿਹਾ ਕਿ ਸੁਰੱਖਿਆ ਸਿਰਫ ਤਰਜੀਹ ਨਹੀਂ, ਸਗੋਂ ਕੰਪਨੀ ਦੀ ਮੁੱਖ ਮੂਲਵੱਧਤਾ ਹੈ, ਜਿਸਨੂੰ ਹਰ ਕਰਮਚਾਰੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗੇ ਟਰੇਨਿੰਗ ਪ੍ਰੋਗਰਾਮ ਕਰਮਚਾਰੀਆਂ ਦੀ ਯੋਗਤਾ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਅਸਲੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕਰਦੇ ਹਨ। ਐਨਐੱਫਐਲ, ਬਠਿੰਡਾ ਦੇ ਸੇਫਟੀ ਅਫਸਰ ਸ਼੍ਰੀ ਅਨਿਲ ਸ਼ਰਮਾ ਨੇ ਉਦਯੋਗਿਕ ਹਾਦਸਿਆਂ ਦੀਆਂ ਕੇਸ ਸਟਡੀਜ਼ ਰਾਹੀਂ ਮਹੱਤਵਪੂਰਨ ਸਿੱਖਿਆ ਦਿੱਤੀ। ਇਸ ਤੋਂ ਬਾਅਦ ਸ਼੍ਰੀ ਸਾਹਿਲ ਗੋਯਲ, ਡਿਪਟੀ ਡਾਇਰੈਕਟਰ – ਫੈਕਟਰੀਜ਼, ਸੰਗਰੂਰ ਨੇ ਖ਼ਤਰੇ ਦੀ ਪਛਾਣ ਅਤੇ ਰੋਕਥਾਮ 'ਤੇ ਸੈਸ਼ਨ ਦਿੱਤਾ। ਸ਼੍ਰੀ ਨਰਿੰਦਰ ਬੱਸੀ, ਡਿਪਟੀ ਚੀਫ ਵਾਰਡਨ – ਸਿਵਲ ਡਿਫੈਂਸ, ਬਠਿੰਡਾ ਨੇ “ਕਿਵੇਂ ਜੀਵਨ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਈਏ” ਵਿਸ਼ੇ ਉੱਤੇ ਭਾਸ਼ਣ ਦਿੱਤਾ। ਦਿਨ ਦਾ ਸਮਾਪਨ ਸ਼੍ਰੀ ਦਵਿੰਦਰ ਸਿੰਘ, ਸੀਨੀਅਰ ਸੇਫਟੀ ਅਫਸਰ – ਅਲਟ੍ਰਾਟੈੱਕ ਸੀਮੈਂਟ ਲਿਮਿਟਡ ਵੱਲੋਂ ਬਿਹੇਵਿਅਰ-ਬੇਸਡ ਸੇਫਟੀ ਸੈਸ਼ਨ ਨਾਲ ਹੋਇਆ।
ਦੂਜੇ ਦਿਨ ਦੀ ਮੁੱਖ ਆਕਰਸ਼ਣ ਰਾਸ਼ਟਰੀ ਆਫ਼ਤ ਪ੍ਰਤਿਕਿਰਿਆ ਬਲ (NDRF) ਵੱਲੋਂ ਲਾਈਵ ਪ੍ਰੈਕਟਿਕਲ ਡੈਮੋਨਸਟਰੈਸ਼ਨ ਸੀ, ਜਿਸ 'ਚ ਜ਼ਮੀਨ ਅਤੇ ਉੱਚਾਈ ਉੱਤੇ ਹਾਦਸਾਗ੍ਰਸਤ ਵਿਅਕਤੀਆਂ ਦੀ ਬਚਾਅ ਕਾਰਵਾਈ ਵਿਖਾਈ ਗਈ। ਇਸ ਸੈਸ਼ਨ ਨੇ ਭਾਗੀਦਾਰਾਂ ਨੂੰ ਆਫ਼ਤਾਂ ਦੌਰਾਨ ਤੇਜ਼ ਅਤੇ ਸੁਰੱਖਿਅਤ ਤਰੀਕੇ ਨਾਲ ਰਸਪਾਂਸ ਦੇਣ ਦਾ ਵਿਅਵਹਾਰਕ ਗਿਆਨ ਦਿੱਤਾ।ਪ੍ਰੋਗਰਾਮ ਦਾ ਸਮਾਪਨ ਸਰਟੀਫਿਕੇਟ ਵੰਡ ਸਮਾਰੋਹ ਨਾਲ ਹੋਇਆ, ਜਿਸ ਦੌਰਾਨ ਸ਼੍ਰੀ ਵਿਸ਼ਾਲ ਸਿੰਗਲਾ ਅਤੇ ਐਚਐਮਈਐਲ ਦੇ ਸੀਨੀਅਰ ਅਧਿਕਾਰੀਆਂ ਨੇ ਸਾਰੇ ਭਾਗੀਦਾਰਾਂ ਦੀ ਉਤਸ਼ਾਹਭਰੀ ਹਾਜ਼ਰੀ ਅਤੇ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਨਿਭਾਈ ਜਿੰਮੇਵਾਰੀ ਦੀ ਸਾਰਥਕਤਾ ਦੀ ਸ਼ਲਾਘਾ ਕੀਤੀ। ਇਸ ਮੌਕੇ 'ਤੇ ਸ਼੍ਰੀ ਸੰਜੀਵ, ਏਗਜ਼ੀਕਿਊਟਿਵ ਅਫਸਰ ਪੰਜਾਬ ਇੰਡਸਟਰਿਆਲ ਸੇਫਟੀ ਕੌਂਸਲ, ਮੋਹਾਲੀ ਸਮੇਤ ਹੋਰ ਵਿਸ਼ੇਸ਼ ਮਹਿਮਾਨ ਵੀ ਮੌਜੂਦ ਸਨ।