ਘੱਗਰ ਨਦੀ ‘ਚ ਪਾਣੀ ਦੀ ਸਥਿਤੀ ਕੰਟਰੋਲ 'ਚ, ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ- ਪ੍ਰਥਮ ਗੰਭੀਰ
- ਕਿਹਾ, ਕੈਚਮੈਂਟ ਖੇਤਰ ‘ਚ ਪਾਣੀ ਘਟਣ ਕਾਰਨ ਪਾਣੀ ਦਾ ਪੱਧਰ ਹੋਰ ਵਧਣ ਦੀ ਕੋਈ ਸੰਭਾਵਨਾ ਨਹੀਂ
ਪਟਿਆਲਾ, 7 ਅਗਸਤ 2025 - ਡ੍ਰੇਨੇਜ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਨੇ ਦੱਸਿਆ ਹੈ ਕਿ ਕੱਲ੍ਹ ਚੰਡੀਗੜ੍ਹ/ਡੇਰਾਬੱਸੀ ਦੇ ਉੱਪਰਲੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਅੱਜ (ਵੀਰਵਾਰ ਨੂੰ) 14 ਫੁੱਟ ਤੱਕ ਵੱਧ ਗਿਆ ਸੀ, ਪ੍ਰੰਤੂ ਹੁਣ ਇਹ ਲਗਾਤਾਰ ਘਟ ਰਿਹਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਚੰਡੀਗੜ੍ਹ ਖੇਤਰ ਵਿੱਚ ਪਾਣੀ ਦਾ ਇਹ ਪੱਧਰ ਅਚਾਨਕ 10 ਫੁੱਟ ਤੱਕ ਵੱਧ ਗਿਆ ਸੀ, ਜਿੱਥੇ ਹੁਣ ਇਹ ਘੱਟ ਹੋ ਗਿਆ ਹੈ ਅਤੇ ਪਾਣੀ ਅੱਗੇ ਚਲਾ ਗਿਆ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ, ਪਿਛਲੇ 12 ਘੰਟਿਆਂ ਦੌਰਾਨ, ਭਾਂਖਰਪੁਰ/ਚੰਡੀਗੜ੍ਹ ਸਾਈਟ 'ਤੇ ਪਾਣੀ ਦਾ ਪੱਧਰ 2 ਫੁੱਟ ਤੱਕ ਘੱਟ ਗਿਆ ਹੈ। ਮੌਜੂਦਾ ਰੁਝਾਨ ਦੇ ਆਧਾਰ 'ਤੇ, ਸਰਾਲਾ ਵਿਖੇ ਘੱਗਰ ਦੇ ਹੋਰ ਵਧਣ ਦੀ ਉਮੀਦ ਨਹੀਂ ਹੈ, ਅਤੇ ਪੱਧਰ ਹੁਣ ਘੱਟਣਾ ਸ਼ੁਰੂ ਹੋ ਗਿਆ ਹੈ।
ਕਾਰਜਕਾਰੀ ਇੰਜੀਨੀਅਰ ਨੇ ਅੱਗੇ ਕਿਹਾ ਕਿ ਭਾਂਖਰਪੁਰ/ਚੰਡੀਗੜ੍ਹ ਦੇ ਪੱਧਰ ਦੇ ਆਧਾਰ 'ਤੇ ਕੱਲ੍ਹ ਹੀ ਇੱਕ ਚੇਤਾਵਨੀ/ਸਲਾਹ ਜਾਰੀ ਕੀਤੀ ਗਈ ਸੀ। ਪ੍ਰਥਮ ਗੰਭੀਰ ਨੇ ਅੱਗੇ ਕਿਹਾ ਕਿ ਹੁਣ, ਸਥਿਤੀ ਕਾਬੂ ਵਿੱਚ ਹੈ। ਇਸ ਤੋਂ ਇਲਾਵਾ, ਪਿਛਲੇ 12 ਘੰਟਿਆਂ ਵਿੱਚ ਜ਼ਿਲ੍ਹਾ ਕੈਚਮੈਂਟ ਖੇਤਰ ਵਿੱਚ ਕੋਈ ਮੀਂਹ ਪੈਣ ਦੀ ਰਿਪੋਰਟ ਨਹੀਂ ਹੈ, ਜਿਸ ਕਾਰਨ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਡਰੇਨੇਜ ਵਿਭਾਗ ਵੱਲੋਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਜਦਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਸਥਿਤੀ ਉਪਰ ਹਰ ਵੇਲੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਐਮਰਜੈਂਸੀ ਵਿੱਚ ਕੰਟਰੋਲ ਰੂਮ ਨੰਬਰ 0175-2350550 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਫ਼ਵਾਹਾਂ ਤੋਂ ਸੁਚੇਤ ਰਿਹਾ ਜਾਵੇ।