Big News ਮਾਣਹਾਨੀ ਮਾਮਲਾ: ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਕੰਗਣਾ ਰਣੌਤ ਨੂੰ ਅਦਾਲਤੀ ਝਟਕਾ
ਅਦਾਲਤ ਵੱਲੋਂ ਅਗਲੀ ਤਰੀਕ ਤੇ ਪੇਸ਼ ਹੋਣ ਦੇ ਸਖਤ ਹੁਕਮ
ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2025: ਭਾਜਪਾ ਦੀ ਹਿਮਾਚਲ ਦੇ ਚੰਬਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਨੂੰ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ’ਚ ਬਠਿੰਡਾ ਅਦਾਲਤ ਨੇ ਅੱਜ ਕਾਫੀ ਸਖਤੀ ਦਿਖਾਈ ਹੈ। ਜਿਲ੍ਹਾ ਅਦਾਲਤ ਨੇ ਕੰਗਣਾ ਨੂੰ ਝਟਕਾ ਦਿੰਦਿਆਂ ਅਗਲੀ ਤਰੀਕ ਨੂੰ ਜਿਸਮਾਨੀ ਤੌਰ ਤੇ ਪੇਸ਼ ਹੋਣ ਸਬੰਧੀ ਸਖਤ ਹੁਕਮ ਦਿੱਤੇ ਹਨ। ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਣੀ ਹੈ ਅਤੇ ਇਸ ਮੌਕੇ ਕੰਗਨਾ ਨੂੰ ਹਰ ਹਾਲਤ ’ਚ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਦਾਲਤ ਕੰਗਣਾ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕਰ ਸਕਦੀ ਹੈ। ਅਦਾਕਾਰਾ ਇਸ ਤੋਂ ਪਹਿਲਾਂ ਵੀ ਅਦਾਲਤ ’ਚ ਪੇਸ਼ ਹੋਣ ਤੋਂ ਟਾਲਾ ਵਟਦੀ ਆ ਰਹੀ ਹੈ ਅਤੇ ਅੱਜ ਵੀ ਅੱਜ ਕੰਗਣਾ ਤਰਫੋਂ ਆਏ ਵਕੀਲਾਂ ਨੇ ਅਦਾਕਾਰਾ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਤੋਂ ਛੋਟ ਦੇਣ ਦੀ ਮੰਗ ਕੀਤੀ ਸੀ।
ਵਕੀਲ ਦਾ ਇਹ ਵੀ ਕਹਿਣਾ ਸੀ ਕਿ ਭਾਜਪਾ ਸੰਸਦ ਮੈਂਬਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤ ਸਕਦੀ ਹੈ ਜਿਸ ਦਾ ਬੀਬੀ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬਹਿਣੀ ਵਾਲ ਨੇ ਤਿੱਖਾ ਵਿਰੋਧ ਕੀਤਾ ਹੈ। ਐਡਵੋਕੇਟ ਬਹਿਣੀਵਾਲ ਨੇ ਦੱਸਿਆ ਕਿ ਅਦਾਲਤੀ ਇਤਿਹਾਸ ’ਚ ਇਹ ਕਦੇ ਨਹੀਂ ਹੋਇਆ ਕਿ ਕਿਸੇ ਵਿਅਕਤੀ ਨੂੰ ਪਹਿਲੀ ਪੇਸ਼ੀ ਤੇ ਹੀ ਇਸ ਤਰਾਂ ਦੀ ਰਿਆਇਤ ਦਿੱਤੀ ਗਈ ਹੋਵੇ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਕੰਗਣਾ ਦੇ ਵਕੀਲਾਂ ਨੂੰ ਕਾਫੀ ਸਖਤ ਲਹਿਜ਼ੇ ’ਚ ਅਗਲੀ ਤਰੀਕ ਤੇ ਪੇਸ਼ ਹੋਣਾ ਯਕੀਨੀ ਬਨਾਉਣ ਦੀ ਹਦਾਇਤ ਕੀਤੀ ਹੈ। ਸੁਪਰੀਮ ਕੋਰਟ ਵੱਲੋਂ 12 ਸਤੰਬਰ ਨੂੰ ਭਾਜਪਾ ਸੰਸਦ ਮੈਂਬਰ ਦੀ ਪਟੀਸ਼ਨ ’ਤੇ ਸੁਣਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਬਠਿੰਡਾ ’ਚ ਜੁਡੀਸ਼ੀਅਲ ਮੈਜਿਸਟਰੇਟ (ਫ਼ਸਟ ਕਲਾਸ) ਦੀ ਅਦਾਲਤ ਵਿਚ ਮੁੜ ਕੇਸ ਸ਼ੁਰੂ ਹੋਣ ਲਈ ਰਾਹ ਪੱਧਰਾ ਹੋ ਗਿਆ ਸੀ ਜਿਸ ਤੋਂ ਬਾਅਦ ਜਿਲ੍ਹਾ ਅਦਾਲਤ ਵੱਲੋਂ 29 ਸਤੰਬਰ ਦੀ ਸੁਣਵਾਈ ਤੈਅ ਕੀਤੀ ਗਈ ਸੀ।
ਬਜ਼ੁਰਗ ਮਾਈ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਜੁਡੀਸ਼ੀਅਲ ਮੈਜਿਸਟਰੇਟ (ਫ਼ਸਟ ਕਲਾਸ) ਬਠਿੰਡਾ ਦੀ ਅਦਾਲਤ ਵਿੱਚ ਧਾਰਾ 499,500 ਤਹਿਤ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੇ ਕੇਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਦੀ ਥਾਂ ਕੰਗਣਾ ਰਣੌਤ ਨੇ ਇਸ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ ਬਠਿੰਡਾ ਅਦਾਲਤ ਵਿੱਚ ਚੱਲ ਰਹੇ ਮਾਮਲੇ ਦੀ ਕਾਰਵਾਈ ਤੇ ਲਾਈ ਰੋਕ ਲਾ ਦਿੱਤੀ ਸੀ ਜਿਸ ਨੂੰ ਕੁੱਝ ਸਮਾਂ ਪਹਿਲਾਂ ਹਟਾ ਲਿਆ ਗਿਆ ਸੀ। ਉਸ ਮਗਰੋਂ ਕੰਗਣਾ ਸੁਪਰੀਮ ਕੋਰਟ ਚਲੀ ਗਈ ਸੀ ਜਿੱਥੋਂ ਫੈਸਲਾ ਆਉਣ ਤੋਂ ਬਾਅਦ ਕੰਗਣਾ ਰਣੌਤ ਨੂੰ ਬਠਿੰਡਾ ਅਦਾਲਤ ’ਚ ਪੇਸ਼ ਹੋਣ ਲਈ 29 ਸਤੰਬਰ ਦੇ ਸੰਮਨ ਜਾਰੀ ਕੀਤੇ ਸਨ। ਉਮੀਦ ਸੀ ਕਿ ਅੱਜ ਕੰਗਣਾ ਰਣੋਤ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਲਈ ਆਏਗੀ ਪਰ ਅਜਿਹਾ ਹੋਣ ਦੀ ਥਾਂ ਦਿੱਲਿਓਂ ਵਕੀਲ ਕੰਗਣਾ ਦੀ ਜਗ੍ਹਾ ਅਦਾਲਤ ’ਚ ਪੇਸ਼ ਹੋਏ ਸਨ।
ਜਿਕਰਯੋਗ ਹੈ ਕਿ ਸਾਲ 2020 ਵਿੱਚ ਕੇਂਦਰ ਸਰਕਾਰ ਖਿਲਾਫ ਤਿੰਨ ਖੇਤੀ ਸੋਧ ਕਾਨੂੰਨਾਂ (ਹੁਣ ਰੱਦ ਹਨ) ਵਿਰੁੱਧ ਕਿਸਾਨ ਅੰਦੋਲਨ ਵਿੱਚ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ ਨੇ ਵੀ ਹਿੱਸਾ ਲਿਆ ਸੀ। ਜਦੋਂ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ’ਤੇ ਟਵੀਟ ਰਾਹੀਂ ਟਿੱਪਣੀ ਕਰਦਿਆਂ ਉਸ ਨੂੰ 100 ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ਵਿੱਚ ਕੁੱਦਣ ਵਾਲੀ ਔਰਤ ਦੱਸਿਆ ਸੀ। ਭਾਵੇਂ ਉਦੋਂ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਲਾਅਣਤਾਂ ਪਾਉਣ ਤੋਂ ਬਾਅਦ ਕੰਗਨਾ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਇਸ ਬਜ਼ੁਰਗ ਨੇ ਉਸ ਨੂੰ ਸਿੱਧੇ ਤੌਰ ’ਤੇ ਲਲਕਾਰਿਆ ਸੀ। ਇਹ ਮਾਮਲਾ ਸੋਸ਼ਲ ਮੀਡੀਆ ਤੇ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਅਤੇ ਲੋਕਾਂ ਨੇ ਕੰਗਣਾ ਰਣੌਤ ਖਿਲਾਫ ਭਾਂਤ ਭਾਂਤ ਦੀਆਂ ਅਤੇ ਤਲਖ ਟਿੱਪਣੀਆਂ ਕੀਤੀਆਂ ਸਨ।