ਨਸ਼ੇ ਦੀ ਆਦਤ ਸਰੀਰਕ ਅਤੇ ਮਾਨਸਿਕ ਨੁਕਸਾਨ ਦੇ ਨਾਲ ਨਾਲ ਭਵਿੱਖ ਦਾ ਵੀ ਖਾਤਮਾ ਕਰਦੀ ਹੈ- ਪ੍ਰਿੰਸੀਪਲ ਭੱਟੀ
- ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਰੋਹਿਤ ਗੁਪਤਾ
ਬਟਾਲਾ, 7 ਅਗਸਤ 2025 - ਅੱਜ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ’ਰੈਡ ਰਿਬਨ ਕਲੱਬ’ ਅਤੇ ਐਨ.ਐਸ.ਐਸ ਯੂਨਿਟ ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਵੱਡੀ ਤਾਦਾਦ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਨਸ਼ੇ ਦੀ ਆਦਤ ਨਾ ਸਿਰਫ ਵਿਅਕਤੀ ਦੇ ਸਰੀਰ ਅਤੇ ਦਿਮਾਗ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖਤਮ ਕਰ ਦਿੰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕੱਠੇ ਹੋ ਕੇ ਮਜ਼ਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ।
ਉਨਾਂ ਕਿਹਾ ਕਿ ਨਸ਼ਾ ਇੱਕ ਮਿੱਠਾ ਜ਼ਹਿਰ ਹੈ ਜਿਸ ਨਾਲ ਸ਼ਰੀਰ ਵਿਚ ਕੁੱਝ ਸਮੇਂ ਲਈ ਤਾਂ ਚੁਸਤੀ ਆ ਜਾਂਦੀ ਹੈ ਪਰ ਇਹ ਹੌਲੀ-ਹੌਲੀ ਸ਼ਰੀਰ ਦੇ ਅੰਦਰੂਨੀ ਅੰਗਾਂ ਨੂੰ ਖਤਮ ਕਰ ਰਿਹਾ ਹੁੰਦਾ ਹੈ।
ਇਸ ਮੌਕੇ ਬਿਜਲੀ ਵਿਭਾਗ ਦੇ ਮੁਖੀ ਵਿਜੇ ਕੁਮਾਰ ਮਿਨਹਾਸ, ਪਲੇਸਮੈਂਟ ਅਫਸਰ ਜਸਬੀਰ ਸਿੰਘ, ਲੈਕਚਰਾਰ ਰਜਿੰਦਰ ਕੁਮਾਰ, ਐਨ.ਸੀ.ਸੀ ਅਫਸਰ ਲੈਫਟੀਨੈਂਟ ਨਵਜੋਤ ਸਲਾਰੀਆ, ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਆਦ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਬਚ ਕੇ ਪੜ੍ਹਾਈ, ਖੇਡਾਂ ਅਤੇ ਸਮਾਜ ਸੇਵਾ ਲਈ ਪ੍ਰੇਰਤ ਕੀਤਾ।