11 ਅਗਸਤ ਨੂੰ ਸਿਰਜਿਆ ਜਾਵੇਗਾ ਇਤਿਹਾਸ: ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਇੱਕਮੱਤ ਅਤੇ ਇੱਕਮੁੱਠ - ਭਰਤੀ ਕਮੇਟੀ
ਮੀਰੀ ਪੀਰੀ ਦੇ ਸਿਧਾਂਤ ਦੇ ਦ੍ਰਿੜਤਾ ਨਾਲ ਦਿੱਤਾ ਜਾਵੇਗਾ ਪਹਿਰਾ, ਰਾਜਨੀਤੀ ਉਪਰ ਧਰਮ ਦਾ ਕੁੰਡਾ ਰਹੇਗਾ ਮਜ਼ਬੂਤ
ਸਮੁੱਚੀ ਲੀਡਰਸ਼ਿਪ ਜਾਤੀ ਤੌਰ ਤੇ ਅਗਲੇ ਦੋ ਦਿਨਾਂ ਵਿੱਚ ਡੈਲੀਗੇਟ ਨਾਲ ਰਾਬਤਾ ਕਰਕੇ ਸੁਝਾਅ ਲਵੇਗੀ
ਚੰਡੀਗੜ੍ਹ, 7 ਅਗਸਤ: ਸ਼੍ਰੋਮਣੀ ਅਕਾਲੀ ਦਲ ਹਿਤੈਸ਼ੀ ਲੀਡਰਸ਼ਿਪ ਦੀ ਅੱਜ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਇਸ ਮੌਕੇ 11 ਅਗਸਤ ਦੇ ਦਿਨ ਨੂੰ ਇਤਿਹਾਸਕ ਬਣਾਉਣ ਲਈ ਵਿਚਾਰ ਵਟਾਂਦਰਾ ਹੋਇਆ। ਸਭ ਤੋਂ ਪਹਿਲਾਂ ਭਰਤੀ ਕਮੇਟੀ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਸੀਮਤ ਸਮੇਂ ਵਿੱਚ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੇਣ ਲਈ ਪੁਨਰ ਸੁਰਜੀਤੀ ਮੁਹਿੰਮ ਨੂੰ ਘਰ ਘਰ ਤੱਕ ਲਿਜਾਣ ਵਿੱਚ ਆਪਣਾ ਇਤਿਹਾਸਿਕ ਯੋਗਦਾਨ ਪਾਇਆ। ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਇੱਕਮੱਤ ਅਤੇ ਇਕਜੁਟਤਾ ਨਾਲ ਅਤੇ ਇੱਕਮੁੱਠ ਹੋਕੇ ਪੰਥ ਅਤੇ ਪੰਜਾਬ ਦੇ ਵਢੇਰੇ ਹਿੱਤਾਂ ਦੇ ਲਈ ਪਹਿਲਕਦਮੀ ਕੀਤੀ । ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ 11 ਅਗਸਤ ਦੇ ਜਨਰਲ ਇਜਲਾਸ ਲਈ ਪੰਥ ਅਤੇ ਪੰਜਾਬ ਪ੍ਰਤੀ ਏਜੰਡਾ ਤੇ ਡੂੰਘਾ ਮੰਥਨ ਕੀਤਾ। ਇਸ ਦੇ ਨਾਲ ਹੀ ਅਗਲੇ ਦੋ ਦਿਨਾ ਵਿੱਚ ਭਵਿੱਖ ਦੀ ਰਣਨੀਤੀ, ਪੰਥ ਅਤੇ ਪੰਜਾਬ ਨੂੰ ਬਿਹਤਰ ਪਾਲਿਸੀ ਅਤੇ ਪ੍ਰੋਗਰਾਮ ਦੇਣ ਲਈ ਸਟੇਟ ਡੈਲੀਗੇਟ ਦੇ ਵਿਚਾਰ ਅਤੇ ਰਾਇ ਜਾਨਣ ਦਾ ਫੈਸਲਾ ਹੋਇਆ। ਇਸ ਮੀਟਿੰਗ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ, ਪਿਛਲੇ ਸਮਿਆਂ ਵਿੱਚ ਰਾਜਨੀਤੀ ਦਾ ਧਰਮ ਵਿੱਚ ਬੇਹੱਦ ਬੇਲੋੜੀ ਦਖਲ ਅੰਦਾਜੀ ਨੇ ਜਿੱਥੇ ਪੰਥਕ ਸੰਸਥਾਵਾਂ ਦੀ ਸਰਵਉਚਤਾ, ਪ੍ਰਭਸੱਤਾ ਨੂੰ ਬਹੁੱਤ ਵੱਡੀ ਢਾਅ ਲਾਈ ਹੈ, ਉੱਥੇ ਹੀ ਦਖਲ ਅੰਦਾਜੀ ਕਾਰਨ ਹੋਏ ਫੈਸਲਿਆਂ ਦਾ ਵੱਡਾ ਨੁਕਸਾਨ ਵੀ ਪੰਥ ਨੂੰ ਝੱਲਣਾ ਪਿਆ। ਇਸ ਲਈ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਘੜੀ ਜਾਣ ਵਾਲੀ ਨਵੀਂ ਰਣਨੀਤੀ ਪੂਰਨ ਤੌਰ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਦ੍ਰਿੜ੍ਹਤਾ ਨਾਲ ਮੰਨਣ ਅਤੇ ਉਸ ਉਪਰ ਪਹਿਰਾ ਦੇਣ ਵਾਲੀ ਹੋਵੇਗੀ। ਰਾਜਨੀਤੀ ਉਪਰ ਧਰਮ ਦੇ ਕੁੰਡਾ ਹਰ ਹਾਲਤ ਵਿੱਚ ਮਜ਼ਬੂਤ ਰੱਖਿਆ ਜਾਵੇਗਾ।