ਤੇ ਹੁਣ ਧਾਰਮਿਕ ਮੇਲੇ ਦੌਰਾਨ ਸਰਪੰਚ 'ਤੇ ਚਲ ਗਈਆਂ ਤਾਬੜਤੋੜ ਗੋਲੀਆਂ
ਤਿੰਨ ਹਮਲਾਵਰਾਂ ਵੱਲੋਂ ਚਲਾਈਆ ਗੋਲੀਆ ਨਾਲ ਸਰਪੰਚ ਸਮੇਤ ਚਾਰ ਤੋਂ ਪੰਜ ਲੋਕ ਜ਼ਖਮੀ ਹੋਣ ਦੀ ਖਬਰ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਨੇੜਲਾ ਪਿੰਡ ਬੋਦੇ ਦੀ ਖੂਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਿੱਦਾਂ ਹੀ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਦੇਵ ਸਿੰਘ ਬਾਬਾ ਸਾਬਾ ਸਟੇਜ ਤੋਂ ਥੱਲੇ ਆਏ , ਹਮਲਾਵਰਾਂ ਨੇ ਸਰਪੰਚ ਤੇ ਹਮਲਾ ਬੋਲ ਦਿੱਤਾ, ਤੇ ਗੋਲੀਆਂ ਚਲਾ ਦਿੱਤੀਆਂ ।ਇਸ ਦੌਰਾਨ ਸਾਬਾ ਸਰਪੰਚ, ਇੱਕ ਬਾਉਂਸਰ ਅਤੇ ਹੋਰ ਵੀ ਤਿੰਨ ਤੋਂ ਚਾਰ ਲੋਕ ਜਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਕੁਝ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਮੌਕੇ ਦੇ ਚਸ਼ਮਦੀਦ ਅਤੇ ਜਖਮੀ ਨੌਜਵਾਨ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸਟੇਜ ਤੋਂ ਥੱਲੇ ਉਤਰੇ ਹੀ ਸਨ ਕਿ ਉਹਨਾਂ ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਲਗਾਤਾਰ 10 ਤੋਂ 12 ਗੋਲੀਆਂ ਚਲੀਆਂ ਜਿਸ ਕਾਰਨ ਭਗਦੜ ਮੱਚ ਗਈ, ਇਥੋਂ ਤੱਕ ਕਿ ਸਟੇਜ ਤੇ ਗਾ ਰਿਹਾ ਗਾਇਕ ਵੀ ਦੌੜ ਗਿਆ । ਸਰਪੰਚ ਦੇ ਨਾਲ ਉਸ ਦਾ ਬਾਉਂਸਰ ਅਤੇ ਕੁਝ ਲੋਕ ਜਖਮੀ ਹੋਏ ਜਿਨਾਂ ਵਿੱਚੋਂ ਮੇਰੇ ਹੱਥ ਤੇ ਵੀ ਗੋਲੀ ਲੱਗੀ। ਉਥੇ ਹੀ ਇੱਕ ਹੋਰ ਪ੍ਰਤੱਖ ਦਰਸ਼ੀ ਮਹਿਲਾ ਬਲਬੀਰ ਕੌਰ ਨੇ ਦੱਸਿਆ ਕਿ ਮੇਲਾ ਲਗਭਗ ਮੁੱਕਣ ਦੇ ਕਗਾਰ ਤੇ ਸੀ ਅਤੇ ਗਾਇਕ ਵੱਲੋਂ ਆਖਰੀ ਕਵਾਲੀ ਗਾਈ ਜਾ ਰਹੇ ਸੀ ਜਿਸ ਦੌਰਾਨ ਤਿੰਨ ਨੌਜਵਾਨ ਮੇਲੇ ਵਿੱਚ ਵੜ ਆਏ ਅਤੇ ਤਾਬੜ ਤੋੜ ਗੋਲੀ ਚਲਾ ਦਿੱਤੀਆਂ। ਉਸ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਨੂੰ ਲੋਕਾਂ ਨੇ ਫੜ ਕੇ ਕਾਬੂ ਵੀ ਕਰ ਲਿਆ ਪਰ ਬਾਕੀ ਦੋ ਦੌੜ ਗਏ।
ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਇਥੇ ਮੇਲਾ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਉਹਨਾਂ ਤੇ ਹਮਲਾਵਰਾ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਪਿੰਡ ਦੇ ਸਰਪੰਚ ਸਾਬਾ ਤੋਂ ਇਲਾਵਾ ਤਿੰਨ ਤੋਂ ਚਾਰ ਲੋਕ ਜਖਮੀ ਦੱਸੇ ਜਾ ਰਹੇ ਹਨ ।ਅਸੀਂ ਇਥੋਂ ਉਹਨਾਂ ਦੇ ਬਿਆਨ ਲੈਣ ਲਈ ਜਾ ਰਹੇ ਹਾਂ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।