ਕੇਂਦਰੀ ਯੂਨੀਵਰਸਿਟੀ ਨੂੰ ਨਵੇਂ ਵਿਭਾਗ, ਕੇਂਦਰ ਸਥਾਪਤ ਕਰਨ ਅਤੇ ਅਕਾਦਮਿਕ ਕੋਰਸ ਚਲਾਉਣ ਦੀ ਪ੍ਰਵਾਨਗੀ
ਅਸ਼ੋਕ ਵਰਮਾ
ਬਠਿੰਡਾ, 6 ਅਗਸਤ 2025 : ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 46 ਨਵੀਆਂ ਅਸਾਮੀਆਂ (44 ਅਧਿਆਪਨ ਅਤੇ 2 ਗੈਰ-ਅਧਿਆਪਨ) ਦੀ ਸਥਾਪਨਾ ਲਈ ਪ੍ਰਵਾਨਗੀ ਮਿਲੀ ਹੈ। ਇਸ ਦੇ ਨਾਲ ਯੂਨੀਵਰਸਿਟੀ ਹੁਣ 5 ਨਵੇਂ ਵਿਭਾਗ, 2 ਕੇਂਦਰ ਸਥਾਪਤ ਕਰੇਗੀ ਅਤੇ 17 ਨਵੇਂ ਅਕਾਦਮਿਕ ਪ੍ਰੋਗਰਾਮ ਲਾਗੂ ਕਰੇਗੀ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਇਹ ਫੈਸਲਾ ਸਿਰਫ਼ ਯੂਨੀਵਰਸਿਟੀ ਦੀ ਅਕਾਦਮਿਕ ਸਾਖ ਨੂੰ ਹੀ ਮਜ਼ਬੂਤ ਨਹੀਂ ਕਰੇਗਾ, ਸਗੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਪੰਜਾਬ ਦੀ ਸਭਿਆਚਾਰਕ ਅਤੇ ਆਤਮਿਕ ਧਰਤੀ ਵੱਲ ਆਕਰਸ਼ਿਤ ਕਰੇਗਾ।ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਟੱਡੀ ਸੈਂਟਰ ਦੀ ਸਥਾਪਨਾ, ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ, ਜੋ ਉਨ੍ਹਾਂ ਦੇ ਆਦਰਸ਼ਾਂ ਅਤੇ ਕੁਰਬਾਨੀ ਦੀ ਵਿਰਾਸਤ ਨੂੰ ਸਮਝਣ ਅਤੇ ਭਵਿੱਖੀ ਪੀੜ੍ਹੀਆਂ ਤੱਕ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਪ੍ਰੋ. ਤਿਵਾਰੀ ਨੇ ਦੱਸਿਆ ਕਿ ਸੀਯੂ ਪੰਜਾਬ ਨੇ ਪਹਿਲਾਂ ਹੀ ਵਿਗਿਆਨ, ਮਨੁੱਖਤਾ, ਕਾਨੂੰਨ, ਪ੍ਰਬੰਧਨ ਅਤੇ ਸਮਾਜਿਕ ਵਿਗਿਆਨ ਵਿੱਚ ਰਾਸ਼ਟਰੀ ਪੱਧਰ 'ਤੇ ਮਾਣਯੋਗ ਸਥਾਨ ਹਾਸਲ ਕਰ ਲਿਆ ਹੈ। ਨਵੇਂ ਵਿਭਾਗਾਂ ਅਤੇ ਕੇਂਦਰਾਂ ਦੀ ਸਥਾਪਨਾ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ, ਕਮਿਊਨਿਟੀ ਸਿਹਤ, ਜਨਤਕ ਨੀਤੀ, ਧਾਰਮਿਕ ਅਧਿਐਨ ਅਤੇ ਜੀਵ ਵਿਗਿਆਨ ਵਰਗੇ ਉਭਰਦੇ ਖੇਤਰਾਂ ਵਿੱਚ ਯੂਨੀਵਰਸਿਟੀ ਦਾ ਯੋਗਦਾਨ ਹੋਰ ਵਧੇਗਾ। ਇਸ ਮੌਕੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੁਰਿਕਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਅਤੇ ਰਜਿਸਟਰਾਰ ਡਾ. ਵਿਜੇ ਸ਼ਰਮਾ ਆਦਿ ਹਾਜ਼ਰ ਸਨ।