Canada: ਸਰੀ ਦੀ ਇਮਾਰਤ ‘ਤੇ ਲਾਏ ‘ਖਾਲਿਸਤਾਨ’ ਦੇ ਬੈਨਰ ਹਟਾਉਣ ਦੀ ਅਪੀਲ
ਹਰਦਮ ਮਾਨ
ਸਰੀ, 8 ਅਗਸਤ 2025-ਸਰੀ ਵਿਖੇ ਯੂਨਿਟ 200-7050, 120 ਸਟਰੀਟ ‘ਤੇ ਸਥਿਤ ਸੀਨੀਅਰਜ਼ ਸੈਂਟਰ ਦੀ ਇਮਾਰਤ ਉੱਪਰ ਲਾਏ ਗਏ ‘ਖਾਲਿਸਤਾਨ ਗਣਰਾਜ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਬੈਨਰਾਂ ਦਾ ਵਿਰੋਧ ਕਰਦਿਆਂ ਇੰਡੋ-ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਦੇ ਪ੍ਰਧਾਨ ਅਤੇ 161 ਮੈਂਬਰਾਂ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ, ਸਰੀ ਸਿਟੀ ਦੀ ਮੇਅਰ, ਸਿਟੀ ਆਫ ਸਰੀ ਦੇ ਬਾਈਲਾਅਜ਼ ਅਧਿਕਾਰੀਆਂ ਅਤੇ ਸਰੀ ਪੁਲਿਸ ਨੂੰ ਈਮੇਲ ਭੇਜ ਕੇ ਇਨ੍ਹਾਂ ਬੈਨਰਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਇਨ੍ਹਾਂ ਨੂੰ ਹਟਾ ਕੇ ਸੀਨੀਅਰ ਸੈਂਟਰ ਦੇ ਬੈਨਰ ਮੁੜ ਲਗਵਾਉਣ ਲਈ ਬੇਨਤੀ ਕੀਤੀ ਹੈ।
ਸੀਨੀਅਰਜ਼ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਨੇ 1 ਅਗਸਤ, 2025 ਦੀ ਰਾਤ ਨੂੰ ਸੀਨੀਅਰਜ਼ ਸੈਂਟਰ ਦੇ ਮੁੱਖ ਗੇਟ 'ਤੇ ਦੋ ਖਾਲਿਸਤਾਨੀ ਬੈਨਰ ਲਾਏ ਹਨ ਅਤੇ ਸੀਨੀਅਰਜ਼ ਸੋਸਾਇਟੀ ਦੀ ਨੇਮ ਪਲੇਟ ਹਟਾ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਇਹ ਸੋਸਾਇਟੀ 1993 ਤੋਂ ਬੀਸੀ ਸੋਸਾਇਟੀਜ਼ ਐਕਟ ਅਧੀਨ ਇੱਕ ਰਜਿਸਟਰਡ ਸੰਸਥਾ ਹੈ ਅਤੇ ਉਦੋਂ ਤੋਂ ਹੀ ਇਸ ਸੋਸਾਇਟੀ ਦਾ ਰਜਿਸਟਰਡ ਦਫਤਰ ਏਸੇ ਐਡਰੈਸ ‘ਤੇ ਹੈ। ਸੁਸਾਇਟੀ ਦੇ ਲਗਭਗ 500 ਮੈਂਬਰ ਹਨ ਅਤੇ 100 ਤੋਂ ਵੱਧ ਮੈਂਬਰ ਰੋਜ਼ਾਨਾ ਇਸ ਸੀਨੀਅਰ ਸੈਂਟਰ ਵਿੱਚ ਆਉਂਦੇ ਹਨ ਅਤੇ ਕਾਰਡ ਰੂਮ ਵਿੱਚ ਤਾਸ਼ ਖੇਡਦੇ ਹਨ, ਪੂਲ ਟੇਬਲ, ਅਖ਼ਬਾਰ ਪੜ੍ਹਦੇ ਹਨ, ਟੀਵੀ ਸ਼ੋਅ ਦਾ ਆਨੰਦ ਲੈਂਦੇ ਹਨ, ਉੱਪਰਲੀ ਮੰਜ਼ਿਲ ‘ਤੇ ਜਿੰਮ ਦੀ ਵਰਤੋਂ ਕਰਦੇ ਹਨ ਅਤੇ ਔਰਤ ਮੈਂਬਰਾਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ। ਇਹ ਸੈਂਟਰ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ।
ਸ. ਢਿੱਲੋਂ ਨੇ ਕਿਹਾ ਕਿ ਨਵੇਂ ਲਾਏ ਗਏ ‘ਖਾਲਿਸਤਾਨ ਬੈਨਰ’ ਸਾਡੇ ਸੀਨੀਅਰ ਮੈਂਬਰਾਂ ਦੇ ਜੀਵਨ ਨੂੰ ਬੇਹੱਦ ਪ੍ਰਭਾਵਿਤ ਕਰਨਗੇ ਕਿਉਂਕਿ ਹਰ ਸਾਲ 200 ਤੋਂ ਵੱਧ ਮੈਂਬਰ ਭਾਰਤ ਜਾਂਦੇ ਹਨ ਅਤੇ ਖਾਲਿਸਤਾਨ ਦੇ ਨਾਮ ‘ਤੇ, ਭਾਰਤ ਸਰਕਾਰ ਇਨ੍ਹਾਂ ਕੈਨੇਡੀਅਨ ਨਾਗਰਿਕਾਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਹ ਬੈਨਰ ਹਟਾਏ ਜਾਣ ਅਤੇ ਮੁੱਖ ਗੇਟ ‘ਤੇ ਇਸ ਸੁਸਾਇਟੀ ਦਾ ਨਾਮ ਦੁਬਾਰਾ ਲਿਖਵਾਇਆ ਜਾਵੇ ਪਰ ਅਜੇ ਤੱਕ ਇਸ ਸੰਬੰਧ ਵਿਚ ਕੁਝ ਨਹੀਂ ਕੀਤਾ ਗਿਆ।
ਉਨ੍ਹਾਂ ਸਿਟੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੀਨੀਅਰ ਸ਼ਹਿਰੀਆਂ ਦੀ ਰੱਖਿਆ ਕੀਤੀ ਜਾਵੇ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੈਨਰ ਹਟਾਉਣ ਲਈ ਪ੍ਰੇਰਿਆ ਜਾਵੇ।