ਗੁਰਦਾਸਪੁਰ ਵਿਖੇ ਲੱਗੇ 'ਉਮੀਦ ਬਜ਼ਾਰ' (ਅਕਾਂਕਸ਼ਾ ਹੱਟ) ਨੇ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਿਆ
ਆਮ ਲੋਕਾਂ ਦੇ ਨਾਲ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਉਮੀਦ ਬਜ਼ਾਰ ਵਿੱਚ ਕੀਤੀ ਖ਼ਰੀਦਦਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 21 ਅਗਸਤ- ਭਾਰਤ ਸਰਕਾਰ ਦੇ ਨੀਤੀ ਆਯੋਗ ਵੱਲੋਂ 'ਅਕਾਂਕਸ਼ਾ ਹੱਟ' ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਵਿੱਚ ਲਗਾਏ ਗਏ 'ਉਮੀਦ ਬਜ਼ਾਰ' ਨੇ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਤਿੰਨ ਰੋਜ਼ਾ ਇਸ ਉਮੀਦ ਬਜ਼ਾਰ ਵਿੱਚ ਜ਼ਿਲ੍ਹੇ ਦੇ 50 ਸਵੈ ਸਹਾਇਤਾ ਸਮੂਹਾਂ ਨੇ ਆਪਣੇ ਸਟਾਲ ਲਗਾਏ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਗ੍ਰਾਹਕ ਇਨ੍ਹਾਂ ਸਟਾਲਾਂ ਤੋਂ ਸਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ। ਉਮੀਦ ਬਜ਼ਾਰ ਦੇ ਦੂਸਰੇ ਦਿਨ ਵੀ ਅੱਜ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੇ ਨਾਲ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਉਮੀਦ ਬਜ਼ਾਰ ਵਿੱਚ ਵੱਡੇ ਪੱਧਰ 'ਤੇ ਖ਼ਰੀਦਦਾਰੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਉਮੀਦ ਬਜ਼ਾਰ ਵਿੱਚ ਜ਼ਿਲ੍ਹੇ ਦੇ 50 ਤੋਂ ਵੱਧ ਸਵੈ ਸਹਾਇਤਾ ਸਮੂਹਾਂ ਅਤੇ ਕਿਸਾਨ ਸਮੂਹਾਂ ਵੱਲੋਂ ਆਪਣੇ ਉਤਪਾਦਾਂ ਨੂੰ ਵੇਚਣ ਲਈ ਸਟਾਲ ਲਗਾਏ ਗਏ ਹਨ। ਇਨ੍ਹਾਂ ਸਟਾਲਾਂ ਵਿੱਚ ਸੂਟ ਤੇ ਫੁਲਕਾਰੀਆਂ, ਪੰਜਾਬੀ ਜੁੱਤੀ, ਔਰਤਾਂ ਦੇ ਹਾਰ-ਸ਼ਿੰਗਾਰ ਦਾ ਸਮਾਨ, ਬੱਚਿਆਂ ਦੇ ਖਿਡੌਣੇ, ਅਚਾਰ, ਮੁਰੱਬੇ, ਹਲਦੀ, ਖਾਣ-ਪੀਣ ਦੇ ਸਮਾਨ ਤੋਂ ਇਲਾਵਾ, ਡੈਕੋਰੇਸ਼ਨ ਦਾ ਸਮਾਨ ਅਤੇ ਹੋਰ ਰੋਜ਼ਾਨਾਂ ਜ਼ਰੂਰਤ ਦਾ ਸਮਾਨ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜ਼ਾਰ ਵਿੱਚ ਆਉਣ ਵਾਲੇ ਗ੍ਰਾਹਕਾਂ ਲਈ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਬਜ਼ਾਰ ਦੀ ਰੌਣਕ ਵਿੱਚ ਵਾਧਾ ਕਰਨ ਲਈ ਸੱਭਿਆਚਾਰਕ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਰਾਣੇ ਬੱਸ ਅੱਡੇ ਗੁਰਦਾਸਪੁਰ ਵਿਖੇ ਉਮੀਦ ਬਜ਼ਾਰ 22 ਅਗਸਤ ਨੂੰ ਵੀ ਸਵੇਰੇ 10:00 ਵਜੇ ਤੋਂ ਰਾਤ 10:00 ਵਜੇ ਤੱਕ ਚੱਲੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਮੀਦ ਬਜ਼ਾਰ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖ਼ਰੀਦਦਾਰੀ ਕਰਨ ਤਾਂ ਜੋ ਆਪਣੇ ਜ਼ਿਲ੍ਹੇ ਦੀਆਂ ਮਿਹਨਤੀ ਔਰਤਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ।
ਇਸ ਮੌਕੇ ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਜਯੋਤਸਨਾ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਨੀਤੀ ਆਯੋਗ ਵੱਲੋਂ ਪੇਂਡੂ ਤੇ ਸ਼ਹਿਰੀ ਖੇਤਰ ਦੇ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਲਈ ਅਕਾਂਕਸ਼ਾ ਹੱਟ ਪ੍ਰੋਗਰਾਮ ਤਹਿਤ ਉਮੀਦ ਬਜ਼ਾਰ ਜਰੀਏ ਸਵੈ-ਸਹਾਇਤਾ ਸਮੂਹਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਵੇਚਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਹੁਨਰ ਦੀ ਕੋਈ ਘਾਟ ਨਹੀਂ ਹੈ ਅਤੇ ਉਮੀਦ ਬਜ਼ਾਰ ਦੌਰਾਨ ਸਵੈ-ਸਹਾਇਤਾ ਸਮੂਹਾਂ ਵੱਲੋਂ ਆਪਣੇ ਹੱਥੀਂ ਬਣਾਇਆ ਜੋ ਸਮਾਨ ਵੇਚਿਆ ਜਾ ਰਿਹਾ ਹੈ ਉਹ ਉੱਚ ਮਿਆਰੀ ਤੇ ਬਜ਼ਾਰ ਦੇ ਮੁਕਾਬਲੇ ਕਿਫ਼ਾਇਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਘਰੇਲੂ ਔਰਤਾਂ ਨੂੰ ਰੁਜ਼ਗਾਰ ਨਾਲ ਜੋੜ ਕੇ ਉਨ੍ਹਾਂ ਲਈ ਆਮਦਨ ਦੇ ਨਵੇਂ ਅਵਸਰ ਪੈਦਾ ਕਰਨ ਵਿੱਚ ਸਹਾਈ ਹੋਵੇਗੀ।
ਇਸ ਮੌਕੇ ਮਿਸ਼ਨ ਆਜੀਵਕਾ ਦੇ ਜ਼ਿਲ੍ਹਾ ਮੈਨੇਜਰ ਅਮਰਪਾਲ ਸਿੰਘ, ਡਿਪਟੀ ਮੈਨੇਜਰ ਵਰਿੰਦਰ ਸਿੰਘ, ਬਲਾਕ ਪ੍ਰੋਗਰਾਮ ਮੈਨੇਜਰ ਸਤਿੰਦਰਬੀਰ ਕੌਰ, ਬਲਾਕ ਫੈਲੋ ਡੇਰਾ ਬਾਬਾ ਨਾਨਕ ਸੁਖਮਨ ਦੀਪ ਕੌਰ, ਬਲਾਕ ਫੈਲੋ ਕਲਾਨੌਰ ਬਲਜੀਤ ਕੌਰ, ਡੀ.ਐੱਫ.ਐੱਮ. ਸਿਮਰਜੀਤ ਸਿੰਘ, ਬੀ.ਪੀ.ਐੱਮ. ਸਰੋਵਰ ਕੁੰਡਲ, ਆਲਮਜੀਤ ਸਿੰਘ, ਕੰਨਵਰਦੀਪ ਸਿੰਘ, ਨਵਜੋਤ ਸਿੰਘ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ, ਗੁਰਦਿਆਲ ਸਿੰਘ ਸੱਲੋਪੁਰ ਤੋਂ ਇਲਾਵਾ ਇਲਾਕੇ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।