ਇਕ ਘੰਟਾ ਹੋਈ ਬਰਸਾਤ ਕਾਰਨ ਪੂਰਾ ਸ਼ਹਿਰ ਪਾਣੀ ਵਿੱਚ ਡੁਬਿਆ, ਬਣ ਗਏ ਹੜ ਵਰਗੇ ਹਾਲਾਤ
ਦੀਪਕ ਜੈਨ
ਜਗਰਾਉਂ, 22 ਜੁਲਾਈ 2025 - ਜਗਰਾਓ ਅੰਦਰ ਇੱਕ ਘੰਟਾ ਮੌਹਲੇਧਾਰ ਬਰਸਾਤ ਪੈਣ ਕਾਰਨ ਪੂਰਾ ਸ਼ਹਿਰ ਪਾਣੀ ਨਾਲ ਲਭਾ ਲਭ ਭਰ ਗਿਆ ਅਤੇ ਸੜਕਾਂ ਉਪਰੋਂ ਲੋਕਾਂ ਦਾ ਲੰਘਣਾ ਵੀ ਦੁਸ਼ਵਾਰ ਹੋ ਗਿਆ। ਸਥਾਨਕ ਝਾਂਸੀ ਰਾਣੀ ਚੌਂਕ ਤੋਂ ਲੈ ਕੇ ਕਮਲ ਚੌਂਕ ਅਤੇ ਪੁਰਾਣੀ ਸਬਜ਼ੀ ਮੰਡੀ ਰੋਡ, ਕੁੱਕੜ ਚੌਂਕ ਤੋਂ ਇਲਾਵਾ ਇਲਾਕੇ ਵਿੱਚ ਵਿਉਪਾਰ ਦੀ ਹੱਬ ਜਾਣੀ ਜਾਂਦੀ ਪੁਰਾਣਾ ਦਾਣਾ ਮੰਡੀ ਅੰਦਰ ਵੀ ਪਾਣੀ ਕਈ ਕਈ ਫੁੱਟ ਤੱਕ ਭਰ ਗਿਆ ਅਤੇ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਵੀ ਪਾਣੀ ਦਾਖਲ ਹੋ ਗਿਆ. ਜਿਸ ਕਾਰਨ ਕਈ ਦੁਕਾਨਦਾਰਾਂ ਦਾ ਕਰਿਆਨੇ ਵਗੈਰਾ ਦਾ ਸਮਾਨ ਵੀ ਬਰਸਾਤ ਕਾਰਨ ਖਰਾਬ ਹੋਇਆ।
ਅੱਜ ਦੀ ਬਾਰਿਸ਼ ਨੇ ਇੱਕ ਵਾਰ ਫੇਰ ਨਗਰ ਕੌਂਸਲ ਦੇ ਖੋਖਲੇ ਦਾਅਵਿਆਂ ਦੀ ਵੀ ਪੋਲ ਖੋਲ ਦਿੱਤੀ ਜਿਸ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਅਤੇ ਪ੍ਰਧਾਨ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਵੱਲੋਂ ਨਾਲਿਆਂ ਦੀ ਸਫਾਈ ਜੰਗੀ ਪੱਧਰ ਤੇ ਕਰਵਾ ਦਿੱਤੀ ਗਈ ਹੈ ਅਤੇ ਹੁਣ ਬਰਸਾਤ ਦਾ ਪਾਣੀ ਕਿਸੇ ਹੀਲੇ ਵੀ ਸੜਕਾਂ ਅਤੇ ਪੁਰਾਣੀ ਦਾਣਾ ਮੰਡੀ ਅੰਦਰ ਨਹੀਂ ਜਮਾ ਹੋਵੇਗਾ। ਪਰ ਅੱਜ ਦੀ ਬਾਰਿਸ਼ ਨੇ ਉਹਨਾਂ ਦੇ ਇਹਨਾਂ ਸਾਰੇ ਦਾਅਵਿਆਂ ਨੂੰ ਝੂਠਾ ਸਾਬਤ ਕੀਤਾ ਅਤੇ ਜਗਰਾਉਂ ਦੇ ਬਹੁਤੇ ਇਲਾਕਿਆਂ ਅੰਦਰ ਤਾਂ ਪਹਿਲਾਂ ਨਾਲੋਂ ਵੀ ਉੱਚੇ ਪੱਧਰ ਤੇ ਪਾਣੀ ਜਮਾ ਹੁੰਦਾ ਦੇਖਿਆ ਗਿਆ।
ਇਸ ਤੋਂ ਵੀ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਜਿੱਥੇ ਪਾਣੀ ਪਹਿਲਾਂ ਕੁਝ ਦੇਰ ਵਿੱਚ ਹੀ ਨਿਕਲ ਜਾਂਦਾ ਸੀ ਅਤੇ ਸੜਕਾਂ ਪਾਣੀ ਨਾਲ ਧੋਤੀਆਂ ਵੀ ਜਾਂਦੀਆਂ ਸਨ। ਪਰ ਅੱਜ ਦੀ ਬਾਰਿਸ਼ ਦੇ ਪਾਣੀ ਨੂੰ ਨਿਕਲਣ ਲਈ ਵੀ ਛੇ ਸੱਤ ਘੰਟੇ ਲੱਗ ਗਏ ਅਤੇ ਉਸ ਤੋਂ ਇਲਾਵਾ ਸੜਕਾਂ ਉੱਪਰ ਵੀ ਪਾਣੀ ਨਿਕਲਣ ਬਾਅਦ ਗੰਦਗੀ ਅਤੇ ਚਿੱਕੜ ਨਾਲ ਭਰੀਆਂ ਹੋਈਆਂ ਨਜ਼ਰ ਆਈਆਂ। ਇਲਾਕੇ ਦੇ ਲੋਕਾਂ ਨੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੀਡਰਾਂ ਨੂੰ ਰੱਜ ਕੇ ਕੋਸਿਆ ਉਥੇ ਉਹਨਾਂ ਸਰਕਾਰ ਕੋਲੋਂ ਮੰਗ ਵੀ ਕੀਤੀ ਕਿ ਸਰਕਾਰ ਉਹਨਾਂ ਦੀ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦੇਵੇ ਅਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਸੋਸ਼ਲ ਮੀਡੀਆ ਉੱਪਰ ਵੀ ਲੋਕਾਂ ਨੇ ਇਸ ਪਾਣੀ ਦੇ ਇਕੱਠਾ ਹੋਣ ਦੀਆਂ ਵੀਡੀਓ ਬਣਾ ਕੇ ਵੱਡੀ ਪੱਧਰ ਤੇ ਵਾਇਰਲ ਕੀਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੀਡਰਾਂ ਨੂੰ ਇਸ ਸਮੱਸਿਆ ਦਾ ਹੱਲ ਨਾ ਕਿਤੇ ਜਾਣਕਾਰਨ ਰੱਜ ਕੇ ਭੰਡਿਆ।
ਸੋਸ਼ਲ ਮੀਡੀਆ ਉੱਤੇ ਹਲਕਾ ਵਿਧਾਇਕ ਵੱਲੋਂ ਦੋ ਸਾਲ ਪਹਿਲਾਂ ਜਾਰੀ ਕੀਤਾ ਹੋਇਆ ਹਲਫੀਆ ਬਿਆਨ ਦੀ ਬਹੁਤ ਵਾਇਰਲ ਹੋਇਆ ਜਿਸ ਮੁਤਾਬਕ ਉਹਨਾਂ ਵੱਲੋਂ ਵਿਧਾਇਕ ਦੀਆਂ ਵੋਟਾਂ ਸਮੇਂ ਇਹ ਹਲਫ ਲਿੱਤੀ ਗਈ ਸੀ ਕਿ ਜੇਕਰ ਜਨਤਾ ਉਹਨਾਂ ਨੂੰ ਇਸ ਵਾਰ ਚੁਣਦੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਡੇਢ ਸਾਲ ਦੇ ਅੰਦਰ ਹੀ ਇਲਾਕੇ ਵਿੱਚ ਬਰਸਾਤੀ ਪਾਣੀ ਦੇ ਜਮਾ ਹੋਣ ਦੀ ਸਮੱਸਿਆ ਨੂੰ ਹੱਲ ਕਰਵਾ ਦਿੱਤਾ ਜਾਵੇਗਾ। ਪਰ ਹੁਣ ਕਈ ਸਾਲ ਬੀਤ ਜਾਣ ਮਗਰੋਂ ਵੀ ਇਸ ਸਮੱਸਿਆ ਦਾ ਜਿੱਥੇ ਹੱਲ ਨਹੀਂ ਹੋਇਆ ਉਥੇ ਲੋਕਾਂ ਨੂੰ ਇਸ ਗੱਲ ਉੱਪਰ ਵੀ ਨਮੋਸ਼ੀ ਹੈ ਕੀ ਹਲਕਾ ਵਿਧਾਇਕ ਨੇ ਇਸ ਮਸਲੇ ਦੇ ਹੱਲ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ।
ਹਲਕਾ ਵਿਧਾਇਕ ਵੱਲੋਂ ਇਲਾਕੇ ਅੰਦਰ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਲਈ ਅਖਾੜੇ ਵਾਲੀ ਨਹਿਰ ਤੋਂ ਪਾਈਪ ਲਾਈਨ ਦੇ ਪ੍ਰੋਜੈਕਟ ਨੂੰ ਤਾਂ ਜੰਗੀ ਪੱਧਰ ਤੇ ਲਿਆਂਦਾ ਗਿਆ ਪਰ ਉਸ ਨੂੰ ਵੀ ਉਹ ਪੂਰਾ ਨਹੀਂ ਕਰਵਾ ਸਕੇ ਅਤੇ ਰਾਏਕੋਟ ਰੋਡ ਜੋ ਕਿ ਕੁਝ ਸਮਾਂ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ ਅਤੇ ਉਸ ਉਪਰੋਂ ਠੇਕੇਦਾਰ ਵੱਲੋਂ ਤੋੜੀਆਂ ਗਈਆਂ ਇੰਟਰਲੋਕ ਟਾਈਲਾਂ ਵੀ ਦੁਬਾਰਾ ਨਹੀਂ ਲਗਵਾਈਆਂ ਜਾ ਸਕੀਆਂ। ਜਿਸ ਕਾਰਨ ਪੂਰੀ ਸੜਕ ਉੱਪਰ ਬਰਸਾਤ ਨੇ ਚਿੱਕੜ ਬਣਾ ਦਿੱਤਾ।
ਇਸ ਤੋਂ ਵੀ ਵੱਧ ਨਮੋਸ਼ੀ ਵਾਲੀ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਦਲਿਤ ਸਮਾਜ ਦੇ ਮਸੀਹਾ ਬਾਬਾ ਭੀਮ ਰਾਓ ਅੰਬੇਡਕਰ ਦੇ ਸਥਾਪਿਤ ਕੀਤੇ ਬੁੱਤ ਵਾਲੇ ਚੌਂਕ ਦੀ ਹਾਲਤ ਦੇਖ ਕੇ ਪਤਾ ਲੱਗਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਗਰ ਕੌਂਸਲ ਪ੍ਰਧਾਨ ਤੋਂ ਇਲਾਵਾ ਹਲਕਾ ਵਿਧਾਇਕ ਵੀ ਇਸ ਚੌਂਕ ਨੂੰ ਵੀ ਨਹੀਂ ਬਣਵਾ ਰਹੇ ਹਨ। ਅੱਜ ਦੀ ਬਰਸਾਤ ਕਾਰਨ ਪੂਰਾ ਅੰਬੇਡਕਰ ਚੌਂਕ ਵੀ ਪੂਰੀ ਤਰਹਾਂ ਚਿੱਕੜ ਨਾਲ ਭਰਿਆ ਪਿਆ ਸੀ ਅਤੇ ਲੋਕਾਂ ਦਾ ਉਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਸੀ।
ਕੀ ਕਹਿਣਾ ਹੈ ਇਸ ਮਸਲੇ ਦੇ ਹੱਲ ਲਈ ਹਲਕਾ ਵਿਧਾਇਕ ਦਾ
ਜਦੋਂ ਜਗਰਾਉਂ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਬਾਰੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੁਕੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਮਸਲੇ ਦੇ ਹੱਲ ਲਈ ਪਹਿਲਾਂ ਹੀ ਉਪਰਾਲੇ ਕੀਤੇ ਜਾ ਚੁੱਕੇ ਹਨ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰ ਬੋਰਡ ਵੱਲੋਂ ਇੱਕ ਤਖਮੀਨਾ ਬਣਾ ਕੇ ਨਗਰ ਕੌਂਸਲ ਨੂੰ ਇੱਕ ਐਸਟੀਮੇਟ ਪੱਤਰ ਬਣਾ ਕੇ ਭੇਜਿਆ ਗਿਆ ਹੈ। ਜਿਸ ਮੁਤਾਬਕ 10 ਕਰੋੜ 64 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਸਥਾਨਕ ਕਮਲ ਚੌਂਕ ਦੇ ਨਜ਼ਦੀਕ ਸਥਾਪਿਤ ਕੀਤਾ ਜਾਵੇਗਾ। ਜਿਸ ਲਈ ਨਗਰ ਕੌਂਸਲ ਨੂੰ ਰਕਮ ਜਮਾ ਕਰਵਾਉਣ ਲਈ ਹਦਾਇਤ ਕੀਤੀ ਗਈ ਹੈ। ਪ੍ਰੰਤੂ ਨਗਰ ਕੌਂਸਲ ਅੰਦਰ ਸੱਤਾਧਾਰੀ ਕਾਂਗਰਸ ਧੜੇ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਵੱਲੋਂ ਇਸ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਅੱਗੇ ਕਿਹਾ ਕਿ ਜੇਕਰ ਨਗਰ ਕੌਂਸਲ ਪ੍ਰਧਾਨ ਪੰਜਾਬ ਵਾਟਰ ਸਪਲਾਈ ਐਂਡ ਸੀਵਰ ਬੋਰਡ ਦੇ ਅਧਿਕਾਰੀਆਂ ਵੱਲੋਂ ਆਈ ਉਕਤ ਚਿੱਠੀ ਮੁਤਾਬਕ ਕੰਮ ਕਰਦੇ ਤਾਂ ਇਹ ਮਸਲਾ ਕਦੋਂ ਦਾ ਹੱਲ ਹੋ ਜਾਣਾ ਸੀ।