ਜਣੇਪੇ ਮਗਰੋਂ ਨਵਜੰਮੀ ਬੱਚੀ ਦੀ ਮੌਤ 'ਤੇ ਸਿਹਤ ਮਹਿਕਮੇ ਦਾ ਵੱਡਾ ਐਕਸ਼ਨ, ਡਾਕਟਰ ਖਿਲਾਫ ਜਾਂਚ ਸ਼ੁਰੂ
ਰਵਿੰਦਰ ਢਿੱਲੋਂ
- ਖੰਨਾ ਸਿਵਲ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਡਾਕਟਰ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ, ਐਸਐਮਓ ਨੇ ਮਾਂ ਦੀ ਜਾਨ ਬਚਾਈ
ਖੰਨਾ, 22 ਜੁਲਾਈ 2025 - ਖੰਨਾ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇੱਕ ਨਵਜੰਮੇ ਬੱਚੀ ਦੀ ਮੌਤ ਹੋ ਗਈ। ਮਾਮਲੇ ਵਿੱਚ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਕਵਿਤਾ ਡਿਊਟੀ 'ਤੇ ਹੋਣ ਦੇ ਬਾਵਜੂਦ ਬਿਨਾਂ ਸੂਚਨਾ ਦਿੱਤੇ ਸਟੇਸ਼ਨ ਛੱਡ ਕੇ ਚਲੇ ਗਏ। ਐਸਐਮਓ ਅਤੇ ਹਸਪਤਾਲ ਸਟਾਫ ਵੱਲੋਂ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਉਹ ਮਰੀਜ਼ ਨੂੰ ਚੈੱਕ ਕਰਨ ਨਹੀਂ ਆਏ ਤੇ ਕਹਿ ਦਿੱਤਾ ਕਿ ਰੈਫਰ ਕਰ ਦੋ।
ਸਥਿਤੀ ਗੰਭੀਰ ਹੋਣ ਤੇ ਐਸਐਮਓ ਡਾ. ਮਨਿੰਦਰ ਭਸੀਨ ਨੇ ਖੁਦ ਮੋਰਚਾ ਸੰਭਾਲਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਔਰਤ ਨੂੰ ਰੈਫਰ ਕਰਨ ਦੀ ਬਜਾਏ ਹਸਪਤਾਲ ਵਿੱਚ ਹੀ ਡਿਲੀਵਰੀ ਕਰਵਾਉਣਾ ਚਾਹੁੰਦਾ ਸੀ। ਡਾ. ਭਸੀਨ ਰਾਤ 10 ਵਜੇ ਹਸਪਤਾਲ ਪਹੁੰਚੇ ਅਤੇ ਤੁਰੰਤ ਆਪਣੀ ਟੀਮ ਨਾਲ ਓਪਰੇਸ਼ਨ ਸ਼ੁਰੂ ਕੀਤਾ। ਔਰਤ ਦੀ ਹਾਲਤ ਨਾਜ਼ੁਕ ਸੀ ਕਿਉਂਕਿ ਬੱਚੇ ਦੀ ਲੈਟਰੀਨ ਅੰਦਰ ਹੀ ਨਿਕਲ ਗਈ ਸੀ। ਡਾਕਟਰਾਂ ਨੇ ਮਾਂ ਅਤੇ ਬੱਚੇ ਦੋਵਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬੱਚੇ ਨੂੰ ਬੜੀ ਮੁਸ਼ਕਲ ਨਾਲ ਰਿਵਾਇਵ ਕੀਤਾ ਗਿਆ ਤੇ ਉਸਨੂੰ ਬਚਾਇਆ ਗਿਆ ਤੇ ਸਟੇਏਬਲ ਕਰਨ ਲਈ ਐਂਬੂਲੈਂਸ ਰਾਹੀਂ ਪਟਿਆਲਾ ਰੈਫਰ ਕੀਤਾ ਗਿਆ। ਪਟਿਆਲਾ ਤੋਂ ਚੰਡੀਗੜ੍ਹ ਲਿਜਾਂਦੇ ਸਮੇਂ ਬੱਚੀ ਦੀ ਮੌਤ ਹੋ ਗਈ।
ਡਾ. ਭਸੀਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਹਰੇਕ ਸੰਭਵ ਕੋਸ਼ਿਸ਼ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਸਿਵਲ ਸਰਜਨ ਨੂੰ ਰਿਪੋਰਟ ਭੇਜ ਕੇ ਡਾ. ਕਵਿਤਾ ਸ਼ਰਮਾ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਸਿਵਲ ਸਰਜਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਾ. ਕਵਿਤਾ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।