ਗੁਰੂ ਨਾਨਕ ਜਹਾਜ਼' (ਕਾਮਾਗਾਟਾ ਮਾਰੂ) ਵਰੇ-ਗੰਢ ਨੂੰ ਕੈਨੇਡਾ ਸਰਕਾਰ ਵੱਲੋਂ ਯਾਦਗਾਰੀ ਦਿਵਸ ਮਨਾਉਣ ਦਾ ਫੈਸਲਾ ਇਤਿਹਾਸਕ -ਪ੍ਰੋ. ਗੁਰਭਜਨ ਸਿੰਘ ਗਿੱਲ
111 ਸਾਲ ਪਹਿਲਾਂ’ਗੁਰੂ ਨਾਨਕ ਜਹਾਜ਼' (ਕਾਮਾਗਾਟਾ ਮਾਰੂ)ਕੈਨੇਡਾ ਦੀ ਧਰਤੀ ਤੇ ਨਾ ਉੱਤਰਨ ਦੇਣ ਦੀ ਵਰੇ-ਗੰਢ ਨੂੰ ਕੈਨੇਡਾ ਸਰਕਾਰ ਵੱਲੋਂ ਯਾਦਗਾਰੀ ਦਿਵਸ ਮਨਾਉਣ ਦੇ ਫੈਸਲੇ ਦਾ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਸੁਆਗਤ
ਲੁਧਿਆਣਾਃ 22 ਜੁਲਾਈ,2025 : ਕੈਨੇਡਾ ਵਿੱਚ 23 ਜੁਲਾਈ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ)ਯਾਦਗਾਰੀ ਦਿਹਾੜਾ ਐਲਾਨੇ ਜਾਣ ਦਾ ਸਵਾਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬ ਤੇ ਬੰਗਾਲ ਸਰਕਾਰ ਨੂੰ ਵੀ ਅਪੀਲ ਕੀਤੀ ਹੈ 23 ਜੁਲਾਈ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ)ਦਿਹਾੜਾ ਐਲਾਨਿਆ ਜਾਵੇ।
ਨਸਲਵਾਦ ਦੇ ਵਿਰੋਧ ਅਤੇ ਮਨੁੱਖੀ ਆਜ਼ਾਦੀ ਦੇ ਸੰਘਰਸ਼ ਦੇ ਦੌਰ ਦੀ 'ਗੁਰੂ ਨਾਨਕ ਜਹਾਜ਼' (ਕਾਮਾਗਾਟਾ ਮਾਰੂ) ਦੀ ਦਾਸਤਾਨ ਦੁਨੀਆ ਭਰ ਦੇ ਪੰਜਾਬੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ।
ਕੈਨੇਡਾ ਵਿੱਚ ਵੈਨਕੂਵਰ ਸਿਟੀ ਕੌਂਸਲ ਨੇ 23 ਜੁਲਾਈ ਦਾ ਦਿਨ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ' ਐਲਾਨ ਦਿੱਤਾ ਹੈ ਅਤੇ ਇਸ ਮੌਕੇ 'ਤੇ ਵਿਸ਼ੇਸ਼ ਐਲਾਨ ਨਾਮਾ ਜਾਰੀ ਕਰਦਿਆਂ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਨੂੰ ਮਾਨਤਾ ਦਿੱਤੀ ਹੈ।
ਇਤਿਹਾਸਿਕ ਸੱਚ ਇਹ ਹੈ ਕਿ ਇਹ ਦਾਸਤਾਨ 'ਗੁਰੂ ਨਾਨਕ ਜਹਾਜ਼' ਦੀ ਹੈ, ਜਿਸ ਨੂੰ ਵਧੇਰੇ ਕਰਕੇ ਕਾਮਾਗਾਟਾ ਮਾਰੂ ਦੇ ਨਾਂ 'ਤੇ ਹੀ ਜਾਣਿਆ ਜਾਂਦਾ ਰਿਹਾ ਹੈ, ਪਰ ਹੁਣ ਸੁਚੇਤ ਪੰਜਾਬੀਆਂ ਦੇ ਨਿਰੰਤਰ ਯਤਨਾਂ ਨਾਲ, ਵੱਖ-ਵੱਖ ਪੱਧਰਾਂ 'ਤੇ ਅਸਲੀ ਨਾਮ "ਗੁਰੂ ਨਾਨਕ ਜਹਾਜ਼" ਬਹਾਲ ਕਰਨ ਦੀਆਂ ਸੇਵਾਵਾਂ ਨੂੰ ਬੂਰ ਪੈ ਗਿਆ ਹੈ।

ਕੈਨੇਡਾ ਵਿੱਚ 23 ਜੁਲਾਈ ਦਾ ਦਿਨ ਗੁਰੂ ਨਾਨਕ ਜਹਾਜ਼ ਦਿਹਾੜਾ ਘੋਸ਼ਤ ਹੋਣਾ ਪੰਜਾਬ ਅਤੇ ਭਾਰਤ ਵਿੱਚ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਤੇ ਸਿੱਖ ਸੰਸਥਾਵਾਂ ਅਤੇ ਇਹਨਾਂ ਅਧੀਨ ਚਲਦੇ ਵਿਦਿਅਕ ਅਦਾਰਿਆਂ ਵਿੱਚ, (ਜਿੱਥੇ ਵੀ ਸ਼ਬਦ ਕਾਮਾਗਾਟਾਮਾਰੂ ਵਰਤਿਆ ਜਾਂਦਾ ਹੈ, ਗੁਰੂ ਨਾਨਕ ਜਹਾਜ ਨਹੀਂ,) ਸੋਧ ਕਰਨ ਅਤੇ 23 ਜੁਲਾਈ ਦਾ ਦਿਨ ਗੁਰੂ ਨਾਨਕ ਜਹਾਜ਼ ਦਿਹਾੜਾ ਸਵਿਕਾਰਨ ਦੀ ਪ੍ਰੇਰਨਾ ਦਿੰਦਾ ਹੈ।
ਦਰਅਸਲ 20ਵੀਂ ਸਦੀ ਦੇ ਆਰੰਭ ਵਿੱਚ, ਕੈਨੇਡਾ ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਪ੍ਰਵਾਸੀਆਂ ਉੱਪਰ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ। ਸਦੀ ਦੇ ਆਰੰਭ ਦੇ ਕੈਨੇਡਾ ਸਰਕਾਰ ਦੇ ਸਿੱਧੇ ਸਫਰ ਦੇ ਕਾਲੇ ਕਾਨੂੰਨ ਨੂੰ ਪ੍ਰਭਾਵਹੀਣ ਕਰਨ ਲਈ, ਕੈਨੇਡਾ ਦੇ ਮੋਢੀ ਸਿੱਖਾਂ ਦੀ ਸਲਾਹ 'ਤੇ, ਸਰਹਾਲੀ (ਅੰਮ੍ਰਿਤਸਰ) ਦੇ ਜੰਮਪਲ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਨੇ ਕੈਨੇਡਾ ਸਰਕਾਰ ਦੇ 'ਨਸਲੀ ਵਿਤਕਰੇ ਵਾਲੇ ਕਾਨੂੰਨ' ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਕਲਕੱਤੇ ਜਾ ਕੇ 'ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਕਾਇਮ ਕੀਤੀ, ਜਿਸ ਅਧੀਨ 'ਗੁਰੂ ਨਾਨਕ ਸਾਹਿਬ' ਦੇ ਨਾਂ 'ਤੇ ਜਹਾਜ਼, ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਗਿਆ। ਇਸ ਉਦੇਸ਼ ਦੀ ਪੂਰਤੀ ਲਈ ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ, ਨਾਲ ਛੇ ਮਹੀਨੇ ਲਈ 66 ਹਜ਼ਾਰ ਡਾਲਰ 'ਤੇ, 19 ਮਾਰਚ 1914 ਨੂੰ ਜਪਾਨੀ ਕੰਪਨੀ ਤੋਂ' ਕਿਰਾਏ 'ਤੇ ਲਿਆ।
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਦਾ ਨਾਮਕਰਨ 'ਗੁਰੂ ਨਾਨਕ ਜਹਾਜ਼' ਕੀਤਾ ਗਿਆ। ਗੁਰੂ ਨਾਨਕ ਜਹਾਜ਼ ਦੀਆਂ ਟਿਕਟਾਂ 'ਗੁਰੂ ਨਾਨਕ ਸਟੀਮਰ ਕੰਪਨੀ' ਵੱਜੋ ਪ੍ਰਕਾਸ਼ਿਤ ਹੋਈਆਂ। ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਗੁਰੂ ਨਾਨਕ ਜਹਾਜ਼ ਦੇ ਸਫ਼ਰ ਦੌਰਾਨ ਪੰਜ ਅਖੰਡ ਪਾਠ ਅਤੇ ਦੋ ਸਹਿਜ ਪਾਠ ਸੰਪੂਰਨ ਕੀਤੇ ਗਏ। ਜਹਾਜ ਵਿੱਚ ਨਿਸ਼ਾਨ ਸਾਹਿਬ ਝੁੱਲਦਾ ਸੀ। ਗੁਰੂ ਨਾਨਕ ਸ਼ਬਦ ਰੂਹਾਨੀ ਸਾਂਝ, ਮਨੁੱਖੀ ਪ੍ਰੇਮ, ਜਾਬਰ ਹਕੂਮਤਾਂ ਦਾ ਵਿਰੋਧ ਤੇ ਨਸਲਵਾਦੀ ਵਿਤਕਰੇ ਦੇ ਅੰਤ ਦਾ ਮਹਾਨ ਸਿਧਾਂਤ ਹੈ। ਗੁਰੂ ਨਾਨਕ ਜਹਾਜ਼ ਦੇ 377 ਮੁਸਾਫਿਰਾਂ ਵਿੱਚ 341 ਸਿੱਖ ਸਨ। ਉਹਨਾਂ ਤੋਂ ਇਲਾਵਾ 24 ਮੁਸਲਮਾਨ ਤੇ 12 ਹਿੰਦੂ ਮੁਸਾਫਿਰ ਸਨ। ਉਸ ਸਮੇਂ ਦੇ 'ਸਾਂਝਾ ਪੰਜਾਬ', ਜੋ ਕਿ ਅੱਜ ਕੱਲ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਹੋਇਆ ਹੈ, ਦੇ ਵਸਨੀਕ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਸਨ।
23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨਾਲ ਨਸਲੀ ਵਿਤਕਰਾ ਕਰਦਿਆਂ ਕੈਨੇਡਾ ਤੋਂ ਬ੍ਰਿਟਿਸ਼ ਇੰਡੀਆ ਨੂੰ ਵਾਪਸ ਮੋੜ ਦਿੱਤਾ ਗਿਆ ਸੀ। 28 ਸਤੰਬਰ 1914 ਨੂੰ ਬਜ-ਬਜ ਘਾਟ ਕਲਕੱਤਾ ਵਿਖੇ ਜਹਾਜ਼ ਪੁੱਜਣ ਤੇ ਮੁਸਾਫਰਾਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ 19 ਵਿਅਕਤੀਆਂ ਦੀਆਂ ਸ਼ਹੀਦੀਆਂ ਹੋਈਆਂ। ਇਹ ਮੁਸਾਫਿਰ ਗੁਰੂ ਨਾਨਕ ਜਹਾਜ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਗੁਰਦੁਆਰਾ ਸਾਹਿਬ ਕਲਕੱਤਾ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਬ੍ਰਿਟਿਸ਼ ਪੁਲਿਸ ਅਜਿਹਾ ਕਰਨ ਤੋਂ ਰੋਕ ਰਹੀ ਸੀ। ਇਸ ਕਰਕੇ ਇਹ ਸ਼ਹੀਦੀਆਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਹੋਈਆਂ ਸਨ। ਇਹ ਇਤਿਹਾਸ ਸਾਡਾ ਗੌਰਵਮਈ ਵਿਰਸਾ ਹੈ।
23 ਜੁਲਾਈ 2025 ਨੂੰ, ਗੁਰੂ ਨਾਨਕ ਜਹਾਜ਼ ਦੇ ਕੈਨੇਡਾ ਤੋਂ ਜਬਰੀ ਵਾਪਸ ਮੋੜੇ ਜਾਣ ਦੇ ਇਤਿਹਾਸ ਦੀ 111ਵੀਂ ਵਰੇਗੰਢ ਹੈ। ਇਸ ਮੌਕੇ ਤੇ ਕੈਨੇਡਾ ਵਿੱਚ '23 ਜੁਲਾਈ : ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ' ਐਲਾਨਦਿਆਂ ਹੋਇਆ ਇਸ ਇਤਿਹਾਸਕ ਨਾਂ ਨੂੰ ਮਾਨ -ਸਤਿਕਾਰ ਦਿੱਤਾ ਗਿਆ ਹੈ। ਇਸ ਹੀ ਸੰਦਰਭ ਵਿੱਚ 111ਵੀਂ ਵਰੇ-ਗੰਢ 'ਤੇ ਪਹਿਲੋਂ ਵੈਨਕੂਵਰ ਦੀ ਸਿਟੀ ਕੌਂਸਲ ਅਤੇ ਹੁਣ ਸਰੀ ਦੀ ਸਿਟੀ ਕੌਂਸਲ ਵੱਲੋਂ, ਗੁਰੂ ਨਾਨਕ ਜਹਾਜ਼ ਦੇ ਨਾਂ ਤੇ ਮੁੱਖ ਰੂਪ ਵਿੱਚ ਯਾਦਗਾਰੀ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਕੈਨੇਡਾ ਦੀ ਸਰਕਾਰ ਵੱਲੋਂ ਵੀ ਉਪਰੋਕਤ ਨਸਲਵਾਦੀ ਦੁਖਾਂਤ ਲਈ ਮਾਫੀ ਮੰਗੀ ਗਈ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਲਿਖੀ ਅਤੇ ਤਿੰਨ ਸਾਲ ਪਹਿਲਾਂ ਪ੍ਰਕਾਸ਼ਤ ਪੁਸਤਕ “ਗੁਰੂ ਨਾਨਕ ਜ਼ਹਾਜ਼” ਦੇ ਮੁੱਖ ਬੰਦ ਵਿੱਚ ਮੈਂ ਲਿਖਿਆ ਸੀ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਸੰਚਾਲਕ ਬਾਬਾ ਗੁਰਦਿੱਤ ਸਿੰਘ ਜੀ ਦਾ ਮਨ ਕੁਝ ਹੋਰ ਸੀ।ਉਹ ਕਨੇਡਾ ਸਰਕਾਰ ਵੱਲੋਂ ਹਿੰਦੁਸਤਾਨੀਆਂ ਨੂੰ ਕਨੇਡਾ ਆਉਣ ਤੋਂ ਰੋਕਣ ਦੀ ਨੀਤੀ ਅਧੀਨ “ਕਨੇਡਾ ਪ੍ਰਵਾਸ ਵਾਸਤੇ ਆਉਣ ਵਾਲੇ ਹਰ ਵਿਅਕਤੀ ਲਈ ਆਪਣੇ ਮੁਲਕ ਤੋਂ ਕਨੇਡਾ ਤੱਕ ਸਿੱਧਾ ਸਫਰ ਕਰਨ ਦੀ ਸ਼ਰਤ”, ਜਿਸ ਦੀ ਪੂਰਤੀ ਹਿੰਦੁਸਤਾਨ ਅਤੇ ਕਨੇਡਾ ਦਰਮਿਅਤਾਨ ਕਿਸੇ ਵੀ ਕੰਪਨੀ ਦਾ ਸਮੁੰਦਰੀ ਜਹਾਜ਼ ਨਾ ਚੱਲਦਾ ਹੋਣ ਕਾਰਨ ਅਸੰਭਵ ਸੀ, ਨੂੰ ਬੇਅਸਰ ਕਰਨ ਵਾਸਤੇ ਇਕ ਯੋਜਨਾ ਉੱਤੇ ਕੰਮ ਕਰ ਰਹੇ ਸਨ।
ਬਾਬਾ ਜੀ ਦੀ ਵਿਉਂਤ ਸੀ “ਸ੍ਰੀ ਗੁਰੂ ਨਾਨਕ ਸਟੀਮਰ/ਸਟੀਮਸ਼ੈੱਪ ਕੰਪਨੀ" ਨਾਉਂ ਦੀ ਕੰਪਨੀ ਬਣਾਈ ਜਾਵੇ ਜੋ ਕਲਕੱਤੇ (ਹਿੰਦੁਸਤਾਨ) ਅਤੇ ਵੈਨਕੂਵਰ (ਕਨੇਡਾ) ਦਰਮਿਆਨ ਬਾਕਾਇਦਾ ਸਮੁੰਦਰੀ ਜਹਾਜ਼ ਚਲਾਵੇ। ਇਸ ਸੋਚ ਦੇ ਪਹਿਲੇ ਕਦਮ ਵੱਜੋਂ ਹੀ ਉਹਨਾਂ ਕਿਰਾਏ ਉੱਤੇ ਲਏ ਜਹਾਜ਼ ਦਾ ਨਾਉਂ “ਸ੍ਰੀ ਗੁਰੂ ਨਾਨਕ ਜਹਾਜ਼" ਰੱਖਿਆ। ਬਾਬਾ ਜੀ ਨੇ ਕਾਮਾਗਾਟਾ ਮਾਰੂ ਜਹਾਜ਼ ਦੀ ਯਾਤਰਾ ਦਾ ਹਾਲ ਬਿਆਨ ਕਰਨ ਲਈ ਲਿਖੀ ਪੁਸਤਕ ਦਾ ਨਾਉਂ ਹੀ “ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ" ਨਹੀਂ ਰੱਖਿਆ ਸਗੋਂ ਇਸ ਪੁਸਤਕ ਵਿਚ ਘੱਟੋ ਘੱਟ ਡੇਢ ਦਰਜਨ ਵਾਰ ਜਹਾਜ਼ ਨੂੰ “ਸ੍ਰੀ ਗੁਰੂ ਨਾਨਕ ਜਹਾਜ਼” ਲਿਖਿਆ ਹੈ।ਜਹਾਜ਼ ਕਿਰਾਏ ਉੱਤੇ ਲਏ ਜਾਣ ਤੋਂ ਪਹਿਲਾਂ ਇਸ ਯੋਜਨਾ ਬਾਰੇ ਜਾਰੀ ਜਨਤਕ ਸੂਚਨਾ ਵਿਚ ਜਹਾਜ਼ ਨੂੰ 'ਸ੍ਰੀ ਗੁਰੂ ਨਾਨਕ ਜਹਾਜ਼" ਲਿਖਿਆ।
ਬਜ ਬਜ ਘਾਟ ਦੇ ਸਾਕੇ ਪਿੱਛੋਂ ਗੁਪਤਵਾਸ ਦੌਰਾਨ ਬਾਬਾ ਜੀ ਨੇ ਇਸ ਯਾਤਰਾ ਦਾ ਹਾਲ ਲਿਖਣਾ ਆਰੰਭਿਆ ਤਾਂ ਇਸ ਵਾਰਤਾ ਨੂੰ “ਸ੍ਰੀ ਗੁਰੂ ਨਾਨਕ ਜਹਾਜ਼" ਦੇ ਮੁਸਾਫਿਰਾਂ ਦੀ ਦਰਦ ਭਰੀ ਵਾਰਤਾ ਦੱਸਿਆ। ਇਸ ਵਾਰਤਾ ਦਾ ਅਰੰਭ ਇਉਂ ਹੁੰਦਾ ਹੈ, “ਅਜ ਐਤਵਾਰ 1 ਮਈ 1921 ਮੁਤਾਬਕ 19 ਵਿਸਾਖ ਸੰਮਤ 1978 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸਾ ਸੋਧ ਕੇ ਕੜਾਹ ਪਰਸ਼ਾਦ ਦੀ ਦੇਗ ਹਾਜਰ ਕਰਕੇ ...ਨਗਰ ਚੂਹੜਪੁਰ ਕਲਾਂ, ਜ਼ਿਲਾ ਸਹਾਰਨਪੁਰ ਵਿਖੇ “ਸ੍ਰੀ ਗੁਰੂ ਨਾਨਕ ਜਹਾਜ਼ ” (ਕਾਮਾਗਾਟਾ ਮਾਰੂ) ਦੀ ਦਰਦ ਭਰੀ ਵਾਰਤਾ ਪ੍ਰਾਰੰਭ ਕੀਤੀ।” ਪੁਸਤਕ ਵਿਚ ਲਗਪਗ ਡੇਢ ਦਰਜਨ ਵਾਰ ਜਹਾਜ਼ ਦਾ ਨਾਂ ਲਿਖਦਿਆਂ ਇਸ ਨੂੰ “ਗੁਰੂ ਨਾਨਕ ਜਹਾਜ਼” ਦੱਸਿਆ ਹੈ। “ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਦੀ ਕਹਾਣੀ ਬਿਆਨ ਕਰਦਿਆਂ ਜੇ ਕਿਸੇ ਥਾਂ ਸਪਸ਼ਟੀਕਰਨ ਖਾਤਰ ਕੋਮਾਗਾਟਾ ਮਾਰੂ ਨਾਂ ਵਰਤਣਾ ਵੀ ਪਿਆ ਹੈ ਤਾਂ ਬਾਬਾ ਜੀ ਨੇ “ਗੁਰੂ ਨਾਨਕ ਜਹਾਜ਼” ਲਿਖਣ ਤੋਂ ਪਿੱਛੋਂ ਲਿਖਿਆ ਹੈ।
ਇਸ ਪੁਸਤਕ ਦੀ ਜ਼ਬਤੀ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਵੀ ਇਹ ਹੀ ਨਾਉਂ ਦਰਜ ਹੈ।ਨੋਟੀਫਿਕੇਸ਼ਨ ਵਿਚ ਪੁਸਤਕ ਦਾ ਪਹਿਲੇ ਭਾਗ ਦਾ ਨਾਉਂ “ਗੁਰੂ ਨਾਨਕ ਜਹਾਜ਼" ਅਤੇ ਦੂਜੇ ਭਾਗ ਦਾ ਨਾਉਂ “ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ" ਂ ਲਿਖਿਆ ਮਿਲਦਾ ਹੈ।ਪੁਸਤਕ ਦੇ ਉਰਦੂ ਐਡੀਸ਼ਨ ਨੂੰ ਜ਼ਬਤ ਕਰਨ ਲਈ ਜਾਰੀ ਕੀਤੇ ਨੋਟੀਫੀਕੇਸ਼ਨ ਵਿਚ ਇਸ ਦਾ ਨਾਉਂ "ਬਰਬਾਦ ਮੁਸਾਫਿਰ ਯਾਨੀ ਗੁਰੂ ਨਾਨਕ ਜਹਾਜ਼ ਕੇ ਮੁਸਾਫਿਰੋਂ ਕੀ ਦੁਖ ਭਰੀ ਕਹਾਣੀ" ਲਿਖਿਆ ਹੈ।ਕਹਿਣ ਦਾ ਭਾਵ ਇਹ ਹੈ ਕਿ ਹਰ ਪੱਖ ਤੋਂ ਵੇਖਦਿਆਂ ਜਹਾਜ਼ ਦਾ ਸਹੀ ਨਾਉਂ "ਸ੍ਰੀ ਗੁਰੂ ਨਾਨਕ ਜਹਾਜ਼" ਹੀ ਬਣਦਾ ਹੈ ਇਸ ਲਈ ਭਵਿੱਖ ਵਿਚ ਲੇਖਕਾਂ ਨੂੰ ਇਸ ਜਹਾਜ਼ ਨੂੰ ਇਸ ਨਾਉਂ ਨਾਲ ਹੀ ਯਾਦ ਕੀਤਾ ਜਾਣਾ ਬਣਦਾ ਹੈ। ਕੈਨੇਡਾ ਵਿੱਚ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਮੁਖੀ ਸਾਹਿਬ ਥਿੰਦ ਤੇ ਸਰਗਰਮ ਸਾਥੀਆਂ ਦੀਆਂ ਕੋਸ਼ਿਸ਼ਾਂ ਸਦਕਾ ਕੈਨੇਡਾ ਸਰਕਾਰ ਇਸ ਧੱਕੇ ਦੀ ਕੁੱਝ ਸਾਲ ਪਹਿਲਾਂ ਮੁਆਫ਼ੀ ਮੰਗ ਚੁਕੀ ਹੈ ਪਰ ਰੁਣ ਡਾ. ਗੁਰਵਿੰਦਰ ਸਿੰਘ ਧਾਲੀਵਾਲ ਤੇ ਸਾਥੀਆਂ ਦੀ ਸਰਗਰਮੀ ਸਦਕਾ ਗੁਰੂ ਨਾਨਕ ਜਹਾਜ਼ ਦਿਵਸ ਮਨਾਇਆ ਜਾਣਾ ਵੀ ਵੱਡੀ ਜਿੱਤ ਹੈ। ਇਤਿਹਾਸ ਦੀਆਂ ਪੁਸਤਕਾਂ ਵਿੱਚ ਇਸ ਗੁਰੂ ਨਾਨਕ ਜਹਾਜ਼ ਦਾ ਇੰਦਰਾਜ ਹੋਣਾ ਬਹੁਤ ਜ਼ਰੂਰੀ ਹੈ।
ਨਾਂ ਲਿਖਦਿਆਂ ਇਸ ਨੂੰ “ਗੁਰੂ ਨਾਨਕ ਜਹਾਜ਼” ਦੱਸਿਆ ਹੈ। “ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਦੀ ਕਹਾਣੀ ਬਿਆਨ ਕਰਦਿਆਂ ਜੇ ਕਿਸੇ ਥਾਂ ਸਪਸ਼ਟੀਕਰਨ ਖਾਤਰ ਕੋਮਾਗਾਟਾ ਮਾਰੂ ਨਾਂ ਵਰਤਣਾ ਵੀ ਪਿਆ ਹੈ ਤਾਂ ਬਾਬਾ ਜੀ ਨੇ “ਗੁਰੂ ਨਾਨਕ ਜਹਾਜ਼” ਲਿਖਣ ਤੋਂ ਪਿੱਛੋਂ ਲਿਖਿਆ ਹੈ।
ਇਸ ਪੁਸਤਕ ਦੀ ਜ਼ਬਤੀ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਵੀ ਇਹ ਹੀ ਨਾਉਂ ਦਰਜ ਹੈ।ਨੋਟੀਫਿਕੇਸ਼ਨ ਵਿਚ ਪੁਸਤਕ ਦਾ ਪਹਿਲੇ ਭਾਗ ਦਾ ਨਾਉਂ “ਗੁਰੂ ਨਾਨਕ ਜਹਾਜ਼" ਅਤੇ ਦੂਜੇ ਭਾਗ ਦਾ ਨਾਉਂ “ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ" ਂ ਲਿਖਿਆ ਮਿਲਦਾ ਹੈ।ਪੁਸਤਕ ਦੇ ਉਰਦੂ ਐਡੀਸ਼ਨ ਨੂੰ ਜ਼ਬਤ ਕਰਨ ਲਈ ਜਾਰੀ ਕੀਤੇ ਨੋਟੀਫੀਕੇਸ਼ਨ ਵਿਚ ਇਸ ਦਾ ਨਾਉਂ "ਬਰਬਾਦ ਮੁਸਾਫਿਰ ਯਾਨੀ ਗੁਰੂ ਨਾਨਕ ਜਹਾਜ਼ ਕੇ ਮੁਸਾਫਿਰੋਂ ਕੀ ਦੁਖ ਭਰੀ ਕਹਾਣੀ" ਲਿਖਿਆ ਹੈ।ਕਹਿਣ ਦਾ ਭਾਵ ਇਹ ਹੈ ਕਿ ਹਰ ਪੱਖ ਤੋਂ ਵੇਖਦਿਆਂ ਜਹਾਜ਼ ਦਾ ਸਹੀ ਨਾਉਂ "ਸ੍ਰੀ ਗੁਰੂ ਨਾਨਕ ਜਹਾਜ਼" ਹੀ ਬਣਦਾ ਹੈ ਇਸ ਲਈ ਭਵਿੱਖ ਵਿਚ ਲੇਖਕਾਂ ਨੂੰ ਇਸ ਜਹਾਜ਼ ਨੂੰ ਇਸ ਨਾਉਂ ਨਾਲ ਹੀ ਯਾਦ ਕੀਤਾ ਜਾਣਾ ਬਣਦਾ ਹੈ। ਕੈਨੇਡਾ ਵਿੱਚ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਮੁਖੀ ਸਾਹਿਬ ਥਿੰਦ ਤੇ ਸਰਗਰਮ ਸਾਥੀਆਂ ਦੀਆਂ ਕੋਸ਼ਿਸ਼ਾਂ ਸਦਕਾ ਕੈਨੇਡਾ ਸਰਕਾਰ ਇਸ ਧੱਕੇ ਦੀ ਕੁੱਝ ਸਾਲ ਪਹਿਲਾਂ ਮੁਆਫ਼ੀ ਮੰਗ ਚੁਕੀ ਹੈ ਪਰ ਰੁਣ ਡਾ. ਗੁਰਵਿੰਦਰ ਸਿੰਘ ਧਾਲੀਵਾਲ ਤੇ ਸਾਥੀਆਂ ਦੀ ਸਰਗਰਮੀ ਸਦਕਾ ਗੁਰੂ ਨਾਨਕ ਜਹਾਜ਼ ਦਿਵਸ ਮਨਾਇਆ ਜਾਣਾ ਵੀ ਵੱਡੀ ਜਿੱਤ ਹੈ। ਇਤਿਹਾਸ ਦੀਆਂ ਪੁਸਤਕਾਂ ਵਿੱਚ ਇਸ ਗੁਰੂ ਨਾਨਕ ਜਹਾਜ਼ ਦਾ ਇੰਦਰਾਜ ਹੋਣਾ ਬਹੁਤ ਜ਼ਰੂਰੀ ਹੈ।
.jpg)