ਯੂ.ਪੀ. ਵਾਸੀ ਦੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜੁਲਾਈ 2025 - ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਬ ਡਿਵੀਜ਼ਨ ਮੁੱਲਾਂਪੁਰ ਗਰੀਬਦਾਸ ਦੇ ਕਪਤਾਨ ਪੁਲਿਸ ਸ਼੍ਰੀ ਮੋਹਿਤ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ ਦਿਹਾਤੀ ਸ਼੍ਰੀ ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਕਰਵਾਈ ਕਰਦਿਆਂ, ਮਿਤੀ 21-07-2025 ਨੂੰ ਉੱਤਰ ਪ੍ਰਦੇਸ਼ ਦੇ ਨਿਵਾਸੀ ਸ਼ੈਕੀ ਦੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮ੍ਰਿਤਕ ਦੀ ਘਰਵਾਲੀ ਪ੍ਰਿਯੰਕਾ ਨੇ ਥਾਣਾ ਮਾਜਰੀ ਵਿੱਚ ਦਰਜ ਇਤਲਾਹ ਵਿੱਚ ਦੱਸਿਆ ਸੀ ਕਿ 20 ਜੁਲਾਈ ਦੀ ਸ਼ਾਮ 8 ਵਜੇ ਉਸਦਾ ਘਰਵਾਲਾ ਸ਼ੈਕੀ ਘਰੇਲੂ ਸਮਾਨ ਲੈਣ ਲਈ ਪਿੰਡ ਮੀਆਂਪੁਰ ਚੰਗਰ ਗਿਆ ਸੀ, ਪਰ ਰਾਤ ਭਰ ਘਰ ਨਹੀਂ ਆਇਆ। ਅਗਲੇ ਦਿਨ ਪਤਾ ਲੱਗਾ ਕਿ ਉਹ ਬਾਬਾ ਸ਼ੇਰ ਸਿੰਘ ਸਮਾਧ ਵਿਖੇ ਗੰਭੀਰ ਜ਼ਖ਼ਮਾਂ ਨਾਲ ਪਿਆ ਸੀ। ਜਦੋਂ ਪਰਿਵਾਰਕ ਮੈਂਬਰ ਉਥੇ ਪਹੁੰਚੇ, ਤਾਂ ਸ਼ੈਕੀ ਨੇ ਦੱਸਿਆ ਕਿ ਪਾਣੀ ਪੀਣ ਲਈ ਸਮਾਧ 'ਤੇ ਗਿਆ ਸੀ ਜਿੱਥੇ ਦੋ ਨਿਹੰਗਾਂ ਨੇ ਉਸਨੂੰ ਕਾਬੂ ਕਰ ਕੇ ਕੁੱਟ-ਮਾਰ ਕੀਤੀ। ਇਹ ਗੱਲ ਦੱਸਣ ਮਗਰੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ, ਥਾਣਾ ਮਾਜਰੀ ਦੇ ਮੁੱਖ ਅਫਸਰ ਇੰਸਪੈਕਟਰ ਯੋਗੇਸ਼ ਕੁਮਾਰ ਅਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ। ਪੁਲਿਸ ਨੇ ਜਾਂਚ ਦੌਰਾਨ ਦੋਸ਼ੀ ਨਿਹੰਗ ਸੁਦਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਵਾਸੀ ਪਿੰਡ ਕੋਟਲੀ, ਥਾਣਾ ਮੋਰਿੰਡਾ, ਜ਼ਿਲ੍ਹਾ ਰੂਪਨਗਰ ਅਤੇ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਰੋਲੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪਛਾਣ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਸਬੰਧ ਵਿੱਚ ਮਿਤੀ 21-07-2025 ਨੂੰ ਥਾਣਾ ਮਾਜਰੀ ਵਿੱਚ ਮੁਕੱਦਮਾ ਨੰਬਰ 70 ਅਧੀਨ ਧਾਰਾਵਾਂ 103, 126(2) ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਸੁਦਾਗਰ ਸਿੰਘ ਖ਼ਿਲਾਫ ਪਹਿਲਾਂ ਵੀ ਥਾਣਾ ਸ਼੍ਰੀ ਚਮਕੌਰ ਸਾਹਿਬ ਵਿੱਚ ਮਿਤੀ 26-03-2010 ਨੂੰ ਆਈ.ਪੀ.ਸੀ ਦੀਆਂ ਧਾਰਾਵਾਂ 324, 326, 148, 149 ਤਹਿਤ ਮਾਮਲਾ ਦਰਜ ਹੈ। ਇਸੇ ਤਰ੍ਹਾਂ ਦੋਸ਼ੀ ਇੰਦਰਜੀਤ ਸਿੰਘ ਖ਼ਿਲਾਫ ਮਿਤੀ 14-05-2013 ਨੂੰ ਥਾਣਾ ਸਦਰ ਖਰੜ ਵਿੱਚ ਧਾਰਾਵਾਂ 323, 341, 148, 149 ਤਹਿਤ ਕੇਸ ਦਰਜ ਹੋਇਆ ਸੀ।
ਗ੍ਰਿਫਤਾਰ ਦੋਸ਼ੀ:
1. ਸੁਦਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ, ਵਾਸੀ ਪਿੰਡ ਕੋਟਲੀ, ਥਾਣਾ ਮੋਰਿੰਡਾ, ਜ਼ਿਲ੍ਹਾ ਰੂਪਨਗਰ
2. ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ, ਵਾਸੀ ਪਿੰਡ ਬਰੋਲੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ
ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।