ਵੱਡੀ ਖ਼ਬਰ: ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਵੱਲੋਂ CM ਮਾਨ ਮੁਲਾਕਾਤ
ਨਸ਼ਿਆਂ ਖਿਲਾਫ਼ ਸਖ਼ਤ ਕਾਰਵਾਈ ਅਤੇ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਦੀ ਸ਼ਲਾਘਾ
ਚੰਡੀਗੜ੍ਹ, 21 ਜੁਲਾਈ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਪੜਾ ਸਨਅਤ, ਬਾਗਬਾਨੀ, ਸਿੱਖਿਆ, ਖੇਡਾਂ ਦੇ ਸਮਾਨ, ਲਾਈਟ ਇੰਜੀਨੀਅਰਿੰਗ, ਸਾਈਕਲ ਮੈਨੂਫੈਕਚਰਿੰਗ, ਰੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਬਰਤਾਨੀਆ ਨਾਲ ਮਜ਼ਬੂਤ ਰਿਸ਼ਤਿਆਂ ਦੀ ਲੋੜ ’ਤੇ ਜ਼ੋਰ ਦਿੱਤਾ। ਬਰਾਤਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੈਟ ਨੇ ਅੱਜ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਇਸ ਦੌਰਾਨ ਪੰਜਾਬ ਅਤੇ ਬਰਤਾਨੀਆ ਵਿਚਕਾਰ ਪੁਰਾਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨੀਆ ਦੇ ਅਰਥਚਾਰੇ ਵਿੱਚ ਪੰਜਾਬੀ ਭਾਈਚਾਰੇ ਦਾ ਮਹੱਤਵਪੂਰਨ ਯੋਗਦਾਨ ਹੈ। ਮੁੱਖ ਮੰਤਰੀ ਨੇ ਵਿਆਪਕ ਸਮਝੌਤਿਆਂ ਵਿਸ਼ੇਸ਼ ਤੌਰ ’ਤੇ ਉਪਰੋਕਤ ਖੇਤਰਾਂ ਦੇ ਵਿਕਾਸ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਅਤੇ ਬਰਤਾਨੀਆ ਸਰਕਾਰ ਦਰਮਿਆਨ ਢਾਂਚਾਗਤ ਸੰਚਾਰ ਵਿਧੀ ਦੇ ਵਿਕਾਸ ਦੀ ਵਕਾਲਤ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਵਿਧੀ ਦੋਵਾਂ ਵਿਚਕਾਰ ਗਿਆਨ ਅਤੇ ਮੁਹਾਰਤ ਦੇ ਆਦਾਨ-ਪ੍ਰਦਾਨ ਨੂੰ ਹੋਰ ਸੁਖਾਲਾ ਬਣਾਏਗੀ ਜਿਸ ਨਾਲ ਦੋਵਾਂ ਪਾਸੇ ਵਿਕਾਸ ਤੇ ਖੁਸ਼ਹਾਲੀ ਹੋਰ ਪ੍ਰਫੁੱਲਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਬਰਤਾਨੀਆ ਵਿਚਕਾਰ ਖਾਸ ਕਰਕੇ ਆਪਸੀ ਸਹਿਯੋਗ ਵਾਲੇ ਖੇਤਰਾਂ ਵਿੱਚ ਭਾਈਵਾਲੀ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਬਰਤਾਨੀਆ ਵਿਚਕਾਰ ਨਿਰੰਤਰ ਸੰਚਾਰ ਜ਼ਰੂਰੀ ਹੈ ਜੋ ਦੋਵਾਂ ਨੂੰ ਲਾਭਦਾਇਕ ਹੋਵੇਗਾ।
ਇਕ ਹੋਰ ਮਹੱਤਵਪੂਰਨ ਮੁੱਦਾ ਉਠਾਉਂਦੇ ਹੋਏ ਭਗਵੰਤ ਸਿੰਘ ਮਾਨ ਨੇ ਧੋਖੇਬਾਜ਼ ਵੀਜ਼ਾ ਏਜੰਟਾਂ ਦੁਆਰਾ ਬਹੁਤ ਸਾਰੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜੋ ਨੌਜਵਾਨਾਂ ਨੂੰ ਸੁਪਨੇ ਦਿਖਾ ਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਏਜੰਟ ਝੂਠੇ ਵਾਅਦੇ ਕਰਦੇ ਹਨ ਤੇ ਗੈਰ-ਕਾਨੂੰਨੀ ਸਾਧਨਾਂ ਦੀ ਵਰਤੋਂ ਕਰਦੇ ਹਨ, ਜਿਸਦੇ ਨਤੀਜੇ ਵਜੋਂ ਬਹੁਤ ਸਾਰੇ ਪਰਿਵਾਰ ਵਿੱਤੀ ਅਤੇ ਭਾਵਨਾਤਮਕ ਸੰਕਟ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਏਜੰਟ ਅਕਸਰ ਸਬਜ਼ਬਾਗ ਦਿਖਾ ਕੇ ਝੂਠੇ ਭਰੋਸੇ ਦਿੰਦੇ ਹਨ, ਜਿਸ ਨਾਲ ਅਖੀਰ ਵਿੱਚ ਨੌਜਵਾਨਾਂ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ।
ਭਗਵੰਤ ਸਿੰਘ ਮਾਨ ਨੇ ਬ੍ਰਿਟਿਸ਼ ਹਾਈ ਕਮਿਸ਼ਨ ਦੀ 'ਵੀਜ਼ਾ ਫਰਾਡ ਤੋਂ ਬਚੋਂ' ਮੁਹਿੰਮ ਅਤੇ ਇਸ ਦੇ ਵੱਟਸਐਪ ਚੈਟਬੋਟ ਦੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ, ਜੋ ਯੂ.ਕੇ. ਲਈ ਸੁਰੱਖਿਅਤ ਅਤੇ ਕਾਨੂੰਨੀ ਰੂਟਾਂ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਪਹਿਲ ਲੋਕਾਂ ਦਾ ਸਹੀ ਮਾਰਗਦਰਸ਼ਨ ਕਰਕੇ ਸਿੱਧੀ ਪਹੁੰਚ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦੀ ਹੈ।
ਮੀਟਿੰਗ ਦੌਰਾਨ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੈਟ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੀ ਸਮੱਸਿਆ 'ਤੇ ਸਖ਼ਤੀ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਲੀਹੋਂ ਹਟਵੀਂ ਪਹਿਲਕਦਮੀ ਕਰਨ ਲਈ ਮੁੱਖ ਮੰਤਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਾਰਤ ਅਤੇ ਯੂ.ਕੇ. ਵਿਚਕਾਰ ਹੋਣ ਜਾ ਰਿਹਾ ਮੁਕਤ ਵਪਾਰ ਸਮਝੌਤਾ ਪੰਜਾਬ ਅਤੇ ਯੂ.ਕੇ., ਦੋਵਾਂ ਲਈ ਲਾਭਦਾਇਕ ਹੋਵੇਗਾ।