Big News: ਕਾਲੀ ਥਾਰ ਵਾਲੀ 'ਬੀਬੀ' ਵਜੋਂ ਪ੍ਰਸਿੱਧ ਅਮਨਦੀਪ ਨੂੰ ਹਾਈਕੋਰਟ ਦਾ ਝਟਕਾ
ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਜ਼ਮਾਨਤ ਅਰਜੀ ਰੱਦ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2025: ਇਸੇ ਸਾਲ ਪਹਿਲੀ ਮਈ ਨੂੰ ਪੰਜਾਬ ਪੁਲਿਸ ਵੱਲੋਂ ਕਾਲੀ ਥਾਰ ਵਾਲੀ ਬੀਬੀ ਦੇ ਨਾਮ ਨਾਲ ਚਰਚਿਤ ਚਿੱਟੇ ਸਮੇਤ ਗ੍ਰਿਫਤਾਰ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਰਖਾਸਤ ਸੀਨੀਅਰ ਸਿਪਾਹੀ ਅਮਨਦੀਪ ਕੌਰ ਖਿਲਾਫ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਸਬੰਧੀ ਦਰਜ ਮੁਕੱਦਮੇ ਵਿੱਚ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ।
ਹਾਲਾਂਕਿ ਹਾਈਕੋਰਟ ਨੇ ਸੋਮਵਾਰ ਨੂੰ ਹੀ ਇਹ ਫੈਸਲਾ ਸੁਣਾ ਦਿੱਤਾ ਸੀ ਪਰ ਅਮਨਦੀਪ ਦੇ ਵਕੀਲ ਵੱਲੋਂ ਮੰਗਲਵਾਰ ਨੂੰ ਮਾਮਲਾ ਮੁੜ ਸੁਣਨ ਦੀ ਅਪੀਲ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਆਪਣਾ ਫੈਸਲਾ ਬਰਕਰਾਰ ਰੱਖਿਆ ਹੈ। ਕਾਨੂੰਨੀ ਮਾਹਿਰਾਂ ਮੁਤਾਬਕ ਹੁਣ ਅਮਨਦੀਪ ਕੌਰ ਹਾਈਕੋਰਟ ਦੇ ਡਬਲ ਬੈਂਚ ਕੋਲ ਅਪੀਲ ਕਰ ਸਕਦੀ ਹੈ ਅਤੇ ਸੁਪਰੀਮ ਕੋਰਟ ਦਾ ਰਸਤਾ ਵੀ ਅਖਤਿਆਰ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਲੰਘੀ 26 ਮਈ ਨੂੰ ਪੰਜਾਬ ਪੁਲਿਸ ਦੀ ਬਰਖ਼ਾਸਤ ਮਹਿਲਾ ਸੀਨੀਅਰ ਸਿਪਾਹੀ ਅਮਨਦੀਪ ਕੌਰ (ਨੰਬਰ 621/ਮਾਨਸਾ) ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਸ਼ਿਕਾਇਤ ਨੰਬਰ 94/2025 ਦੀ ਜਾਂਚ ਤੋਂ ਬਾਅਦ ਮੁਲਜ਼ਮ ਅਮਨਦੀਪ ਕੌਰ ਖ਼ਿਲਾਫ਼ ਬਠਿੰਡਾ ਰੇਂਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਵਿਖੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ।
ਇਸ ਜਾਂਚ ਦੌਰਾਨ ਅਮਨਦੀਪ ਕੌਰ ਦੀ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਸੀ। ਜਾਂਚ ਤੋਂ ਪਤਾ ਲੱਗਾ ਸੀ ਕਿ ਇਸ ਅਰਸੇ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1ਕਰੋੜ 8ਲੱਖ37 ਹਜ਼ਾਰ 550 ਰੁਪਏ ਦੇ ਮੁਕਾਬਲੇ ਉਸ ਦਾ ਖਰਚ 1ਕਰੋੜ39ਲੱਖ 64, ਹਜ਼ਾਰ802 ਰੁਪਏ ਸੀ।
ਵਿਜੀਲੈਂਸ ਅਨੁਸਾਰ ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31,27,252.97 ਰੁਪਏ ਅਤੇ ਉਸ ਦੀ ਜਾਇਜ਼ ਕਮਾਈ ਤੋਂ 28.85 ਫੀਸਦ ਵੱਧ ਹੈ। ਇਸ ਜਾਂਚ ‘ਚ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਵਿਜੀਲੈਂਸ ਥਾਣਾ ਬਠਿੰਡਾ ਰੇਂਜ ਵਿਖੇ ਮੁਕੱਦਮਾ ਨੰਬਰ 15 ਦਰਜ ਕਰਕੇ ਗ੍ਰਿਫਤਾਰੀ ਪਿੱਛੋਂ ਦੋ ਦਿਨ ਦਾ ਰਿਮਾਂਡ ਲਿਆ ਸੀ। ਵਿਜੀਲੈਂਸ ਵੱਲੋਂ ਦੋ ਦਿਨ ਦਾ ਰਿਮਾਂਡ ਇੱਕ ਦਿਨ ਵਿੱਚ ਹੀ ਖਤਮ ਕਰਨ ਕਾਰਨ ਅਦਾਲਤ ਨੇ ਅਮਨਦੀਪ ਨੂੰ ਜੇਲ੍ਹ ਭੇਜ ਦਿੱਤਾ ਸੀ। ਉਸ ਤੋਂ ਬਾਅਦ ਅਮਨਦੀਪ ਕੌਰ ਜੇਲ੍ਹ ਵਿੱਚ ਬੰਦ ਹੈ। ਅਮਨਦੀਪ ਨੇ ਜਮਾਨਤ ਲੈਣ ਲਈ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ ਜੋ ਅੱਜ ਖਾਰਜ ਹੋ ਗਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਵਿਜੀਲੈਂਸ ਦਾ ਕੇਸ ਕਾਫੀ ਮਜਬੂਤ ਹੈ ਜਿਸ ਕਰਕੇ ਅਮਨਦੀਪ ਰਾਹਤ ਹਾਸਲ ਕਰਨ ’ਚ ਸਫਲ ਨਹੀਂ ਹੋ ਸਕੀ ਹੈ।
ਚਿੱਟੇ ਨੇ ਵਧਾਇਆ ਮਾਮਲਾ
ਦਰਅਸਲ ਸੀਨੀਅਰ ਸਿਪਾਹੀ ਅਮਨਦੀਪ ਕੌਰ ਦੇ ਮਾੜੇ ਦਿਨ ਉਦੋਂ ਸ਼ੁਰੂ ਹੋਏ ਜਦੋਂ 1 ਮਈ 2025 ਨੂੰ ਬਠਿੰਡਾ ਪੁਲਿਸ ਅਤੇ ਐਂਟੀਨਾਰਕੋਟਿਕ ਟਾਸਕ ਫੋਰਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਉਸ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ । ਉਹ ਆਪਣੀ ਥਾਰ ਤੇ ਆ ਰਹੀ ਸੀ ਜਿਸ ਦੀ ਪੁਲਿਸ ਨੇ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ 17.71 ਗ੍ਰਾਮ ਸੀ। ਹਾਲਾਂਕਿ ਚਿੱਟਾ ਬਰਾਮਦ ਹੋਣ ਦੇ ਮਾਮਲੇ ’ਚ ਅਦਾਲਤ ਨੇ ਅਮਨਦੀਪ ਕੌਰ ਨੂੰ ਜਮਾਨਤ ਦੇ ਦਿੱਤੀ ਸੀ ਪਰ ਐਸਐਸਪੀ ਬਠਿੰਡਾ ਦੇ ਪੱਤਰ ਤੋਂ ਬਾਅਦ ਵਿਜੀਲੈਂਸ ਨੇ ਪੜਤਾਲ ਉਪਰੰਤ ਆਮਦਨ ਤੋਂ ਵੱਧ ਸੰਪਤੀ ਬਨਾਉਣ ਦੇ ਮਾਮਲੇ ’ਚ ਅਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ ।
ਅਮਨਦੀਪ ਕੌਰ ਦੀ ਕੋਠੀ ਅਟੈਚ
ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਪਿੱਛੋਂ ਪੁਲਿਸ ਨੇ ਅਮਨਦੀਪ ਕੌਰ ਦੀ ਵਿਰਾਟ ਗਰੀਨ ਸਥਿਤ ਕਲੋਨੀ ਵਿੱਚ ਕੋਠੀ ਤੇ ਫਰੀਜ਼ਿੰਗ ਨੋਟਿਸ ਲਾਇਆ ਸੀ। ਨੋਟਿਸ ਲੱਗਣ ਤੋਂ ਬਾਅਦ ਹੁਣ ਇਹ ਸੰਪਤੀ ਨਾਂ ਹੀ ਵੇਚੀ ਜਾ ਸਕੇਗੀ ਅਤੇ ਨਾਂਹੀ ਕਿਸੇ ਹੋਰ ਦੇ ਨਾਮ ਕੀਤੀ ਜਾ ਸਕਦੀ ਹੈ। ਪੁਲਿਸ ਅਨੁਸਾਰ ਵਿਰਾਟ ਗਰੀਨ ਕਲੋਨੀ ’ਚ ਕੋਠੀ, ਇੱਕ ਪਲਾਟ, ਥਾਰ ਗੱਡੀ ,ਇੱਕ ਬੁਲੇਟ, ਤਿੰਨ ਮੋਬਾਇਲ ਅਤੇ ਇੱਕ ਘੜੀ ਸਮੇ 1 ਕਰੋੜ 35 ਲੱਖ 39 ਹਜ਼ਾਰ 583 ਰੁਪਏ ਦੇ ਕਰੀਬ ਸੰਪਤੀ ਫਰੀਜ਼ ਕੀਤੀ ਗਈ ਹੈ।
ਸ਼ਾਹੀ ਠਾਠ ਬਾਠ ਕਾਰਨ ਚਰਚਾ
ਅਮਨਦੀਪ ਕੌਰ ਆਪਣੇ ਲਗਜ਼ਰੀ ਲਾਈਫ ਸਟਾਈਲ ਕਾਰਨ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਕੌਮੀ ਤੇ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ ਸੀ। ਉਹ ਆਪਣੀ ਥਾਰ,ਬੁਲੇਟ ਮੋਟਰਸਾਈਕਲ ਅਤੇ ਕੀਮਤੀ ਘੜੀ ਨਾਲ ਬਣੀਆਂ ਵੀਡੀਓ ਨਿੱਤ ਦਿਨ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਰਹਿੰਦੀ ਸੀ। ਸੂਤਰ ਦੱਸਦੇ ਹਨ ਕਿ ਅਮਨਦੀਪ ਕੌਰ ਦੇ ਵੱਡੇ ਅਧਿਕਾਰੀਆਂ ਨਾਲ ਸਬੰਧ ਸਨ ਜਿੰਨ੍ਹਾਂ ਦਾ ਫਾਇਦਾ ਚੁੱਕਦਿਆਂ ਉਹ ਆਪਣੀ ਡਿਊਟੀ ਦੇ ਨਾਲ ਨਾਲ ਕਥਿਤ ਤੌਰ ਤੇ ਨਸ਼ਾ ਸਪਲਾਈ ਵੀ ਕਰਦੀ ਸੀ । ਉਸ ਦੀ ਥਾਰ ਤੇ ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਕੋਈ ਰੋਕਦਾ ਨਹੀਂ ਸੀ। ਆਪਣੀ ਨੌਕਰੀ ਦੌਰਾਨ ਉਸ ਦੀ 30 ਵਾਰ ਬਦਲੀ ਹੋਈ ਅਤੇ ਉਹ ਹਰ ਵਾਰੀ ਮਰਜੀ ਦਾ ਸਟੇਸ਼ਨ ਲੈਂਦੀ ਸੀ। ਜਦੋਂ ਉਸ ਨੂੰ ਫੜਿਆ ਗਿਆ ਤਾਂ ਉਸ ਦੀ ਡਿਊਟੀ ਪੁਲਿਸ ਲਾਈਨ ਦੀ ਡਿਸਪੈਂਸਰੀ ਵਿੱਚ ਲੱਗੀ ਹੋਈ ਸੀ।