Babushahi Special ਸਿਵਿਆਂ ਦੇ ਰਾਹ ਪੈਣ ਲੱਗੀ ਤੇਜ਼ ਰਫਤਾਰੀ ਤੇ ਅਣਗਹਿਲੀ ਕਾਰਨ ਕੀਮਤੀ ਮਨੁੱਖੀ ਜ਼ਿੰਦਗੀ
ਅਸ਼ੋਕ ਵਰਮਾ
ਬਠਿੰਡਾ, 21 ਜੁਲਾਈ 2025: ਤੇਜ ਰਫਤਾਰ ਨਾਲ ਗੱਡੀਆਂ ਚਲਾਉਣ ਤੇ ਅਵਾਜਾਈ ਦੇ ਨਿਯਮਾਂ ਦੀ ਪਾਲਣਾ ਨਾਂ ਕਰਨ ਕਰਕੇ ਬਠਿੰਡਾ ਪੱਟੀ ਦੀਆਂ ਸੜਕਾਂ ਮਨੁੱਖੀ ਜਿੰਦਗੀ ਸਿਵਿਆਂ ਦੇ ਰਾਹ ਪਾਉਣ ਲੱਗੀਆਂ ਹਨ। ਦਿਨ ਚੜ੍ਹਨ ਸਾਰ ਸੁੱਖ ਦੀ ਖਬਰ ਆਵੇ ਨਾਂ ਆਵੇ ਪਰ ਹਾਦਸਿਆਂ ’ਚ ਮੌਤਾਂ ਜਾਂ ਗੰਭੀਰ ਜਖਮੀ ਹੋਣ ਦੀਆਂ ਖਬਰਾਂ ਆਉਣੀਆਂ ਹੁਣ ਆਮ ਹਨ। ਇਕੱਲੇ ਬਠਿੰਡਾ ਦੀ ਗੱਲ ਕਰੀਏ ਤਾਂ ਸ਼ਹਿਰ ’ਚ ਅੱਠ ਥਾਵਾਂ ਅਜਿਹੀਆਂ ਹਨ ਜਿੱਥੇ ਅੱਖ ਦੇ ਫੋਰੇ ’ਚ ਹਾਦਸਾ ਵਾਪਰ ਜਾਂਦਾ ਹੈ ਜਦੋਕਿ ਖਤਰੇ ਵਾਲੇ ਜੋਨਾਂ ਦੀ ਗਿਣਤੀ ਤਕਰੀਬਨ ਦੋ ਦਰਜਨ ਹੈ। ਇੰਨ੍ਹਾਂ ’ਚ ਸਭ ਤੋਂ ਜਿਆਦਾ ਖਤਰਨਾਕ ਬੱਲਾ ਰਾਮ ਨਗਰ ਗਲੀ ਨੰਬਰ 10 ਲਾਗੇ ਬਣਿਆ ਚੌਕ ਹੈ ਜਿੱਥੇ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਉਹ ਜਾਨ ਲੇਵਾ ਹੀ ਹੁੰਦਾ ਹੈ। ਹੁਣ ਤਾਂ ਇਸ ਚੌਂਕ ਤੋਂ ਲੰਘਣ ਲੱਗਿਆਂ ਉਹ ਪੁਲਿਸ ਮੁਲਾਜਮ ਵੀ ਡਰਨ ਲੱਗੇ ਹਨ ਜਿੰਨ੍ਹਾਂ ਦੀ ਇਸ ਤਰਫ ਰਿਹਾਇਸ਼ ਹੈ।
ਇਸੇ ਤਰਾਂ ਹਨੂੰਮਾਨ ਚੌਂਕ ਵੀ ਹਾਦਸਿਆਂ ਦੇ ਮਾਮਲੇ ’ਚ ਸਿਰੇ ਦਾ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸ ਚੌਂਕ ’ਚ ਵਾਪਰਨ ਵਾਲੇ ਜਿਆਦਾਤਰ ਹਾਦਸਿਆਂ ਪਿੱਛੇ ਮਨੁੱਖੀ ਅਣਗਹਿਲੀ ਹੀ ਜਿੰਮੇਵਾਰ ਸਾਹਮਣੇ ਆਉਂਦੀ ਹੈ। ਸ਼ਹਿਰ ਦਾ ਆਦਰਸ਼ ਨਗਰ ਚੌਂਕ ਘਨਈਆ ਚੌਂਕ , ਬੀਬੀ ਵਾਲਾ ਚੌਂਕ, ਬੱਸ ਅੱਡਾ ਚੌਂਕ ,ਪਾਵਰ ਹਾਊਸ ਰੋਡ ਚੌਂਕ ਅਤੇ ਤਿੰਨਕੋਣੀ ਚੌਂਕ ਵੀ ਇਸ ਮਾਮਲੇ ’ਚ ਅਤੀਸੰਵੇਦਨਸ਼ੀਲ ਹਨ। ਇਹ ਉਹ ਚੌਂਕ ਹਨ ਜਿੰਨ੍ਹਾਂ ’ਚ ਦੇਰ ਸ਼ਾਮ ਤੱਕ ਟਰੈਫਿਕ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਬੱਸ ਅੱਡਾ ਚੌਂਕ ’ਚ ਟਰੈਫਿਕ ਪੁਲਿਸ ਲੋਕਾਂ ਨੂੰ ਲਾਊਡ ਸਪੀਕਰ ਰਾਹੀਂ ਚੌਕਸ ਕਰਦੀ ਹੈ ਫਿਰ ਵੀ ਲੋਕ ਪੁਲਿਸ ਦੀਆਂ ਨਸੀਹਤਾਂ ਨੂੰ ਛਿੱਕੇ ਟੰਗਕੇ ਚੱਲਦੀ ਅਵਾਜਾਈ ਦਰਮਿਆਨ ਸੜਕ ਪਾਰ ਕਰਦੇ ਦਿਖਾਈ ਦਿੰਦੇ ਹਨ। ਸਕੂਲਾਂ ’ਚ ਬੱਚਿਆਂ ਨੂੰ ਛੁੱਟੀ ਹੋਣ ਵਕਤ ਤਾਂ ਆਵਾਜਾਈ ਦੀ ਸਥਿਤੀ ਪੂਰੀ ਤਰਾਂ ਵੱਸੋਂ ਬਾਹਰ ਹੋ ਜਾਂਦੀ ਹੈ। ਅਜਿਹੀਆਂ ਪ੍ਰਸਥਿਤੀਆਂ ਦਰਮਿਆਨ ਸੜਕਾਂ ਤੇ ਹਾਦਸਾ ਵਾਪਰ ਜਾਣਾ ਕੋਈ ਅਲੋਕਾਰੀ ਨਹੀਂ ਹੈ।
ਦੁਖਦਾਇਕ ਪਹਿਲੂ ਹੈ ਕਿ ਭਿਆਨਕ ਹਾਦਸੇ ਸਾਲ ਦਰ ਸਾਲ ਵਧਣ ਲੱਗੇ ਹਨ ਜੋਕਿ ਚਿੰਤਾਜਨਕ ਹੈ। ਸੜਕ ਹਾਦਸਿਆਂ ’ਚ ਪੀੜਤਾਂ ਨੂੰ ਹਸਪਤਾਲ ਲਿਜਾਣ ਜਾਂ ਫਿਰ ਮੁਢਲੀ ਸਹਾਇਤਾ ਮੁਹੱਈਆ ਕਰਵਾਉਣ ਵਾਲੀਆਂ ਸਮਾਜਿਕ ਸੰਸਥਾਵਾਂ ਦੇ ਦੱਸਣ ਮੁਤਾਬਕ ਅਣਗਹਿਲੀ ਅਤੇ ਤੇਜ ਰਫਤਾਰੀ ਕਾਰਨ ਪਿਛਲੇ ਦਸ ਸਾਲਾਂ ਦੌਰਾਨ ਬਠਿੰਡਾ ਜਿਲ੍ਹੇ ’ਚ ਦੋ ਹਜਾਰ ਤੋਂ ਜਿਆਦਾ ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ ਅਪਾਹਜ ਹੋਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਟਰੈਫਿਕ ਪੁਲੀਸ ਦਾ ਮੰਨਣਾ ਹੈ ਕਿ ਲੋਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਅਵੇਸਲੇ ਹਨ ਜਿਸ ਦੀ ਮਿਸਾਲ ਅੰਨ੍ਹੇਵਾਹ ਗੱਡੀਆਂ ਭਜਾਉਣਾ , ਬਿਨਾਂ ਸਮਝਿਆਂ ਓਵਰਟੇਕ ਕਰਨਾ ਅਤੇ ਨਸ਼ੇ ਉਪਰੰਤ ਡਰਾਈਵਿੰਗ ਦੀ ਪ੍ਰਵਿਰਤੀ ਹੈ ਜੋ ਜਿਆਦਾਤਰ ਹਾਦਸਿਆਂ ਲਈ ਜਿੰਮੇਵਾਰ ਹੈ। ਦੇਖਣ ’ਚ ਆਇਆ ਹੈ ਕਿ ਹਾਈਪ੍ਰੋਫਾਈਲ ਕਾਰਾਂ ਵੀ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ ਜਦੋਂਕਿ ਸਵਾਰੀ ਚੁੱਕਣ ਦੀ ਦੌੜ ਦੌਰਾਨ ਬੱਸਾਂ ਅਤੇ ਹਵਾਂ ਨੂੰ ਗੰਢਾਂ ਦਿੰਦੇ ਮੋਟਰਸਾਈਕਲਾਂ ਨਾਲ ਵੀ ਹਾਦਸੇ ਵਾਪਰਦੇ ਹਨ।
ਤਕਨੀਕੀ ਮਾਹਿਰਾਂ ਦੀ ਸਲਾਹ
ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਹਾ ਕਿ ਸੜਕਾਂ ਚੌੜੀਆਂ ਕਰਨੀਆਂ ਸਮੱਸਿਆ ਦਾ ਹੱਲ ਨਹੀਂ ਹੈ ਬਲਕਿ ‘ਓਵਰਟੇਕ ਜ਼ੋਨ’ ਬਨਾਉਣੇ,ਬੱਸਾਂ ਦੇ ਰੁਕਣ ਲਈ ਯੋਗ ਲੇਬਾਈਜ਼ ਦਾ ਨਿਰਮਾਣ ਅਤੇ ਟਰੈਫ਼ਿਕ ਪੁਲੀਸ ਦੀ ਢੁੱਕਵੀਂ ਤਾਇਨਾਤੀ ਕੀਤੀ ਜਾਣੀ ਚਾਹੀਦੀ ਹੈ। ਮਾਹਿਰ ਆਖਦੇ ਹਨ ਕਿ ਠੰਢ ਦੇ ਦਿਨਾਂ ਦੌਰਾਨ ਸਾਵਧਾਨੀਆਂ ਵਧਾਉਣ ਦੀ ਲੋੜ ਹੁੰਦ ਹੈ ਅਤੇ ਸਭ ਤੋਂ ਅਹਿਮ ਨਿਯਮਾਂ ਦੀ ਪਾਲਣਾ ਕਰਨ ਤੋਂ ਇਲਾਵਾ ਮੋਟਰਸਾਈਕਲ ਚਲਾਉਣ ਵੇਲੇ ਹੈਲਮਟ ਪਹਿਨਣ ਨੂੰ ਆਪਣੀ ਆਦਤ ਬਨਾਉਣਾ ਹੋਵੇਗਾ ਜਿਸ ਨਾਲ ਵੀ ਕਾਫੀ ਹੱਦ ਤੱਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਜਾਂ ਗੰਭੀਰ ਰੂਪ ’ਚ ਜਖਮੀ ਹੋਣ ਤੇ ਲਗਾਮ ਲੱਗ ਸਕੇਗੀ।
ਕਿੰਗ ਸਮਝਣ ਵਾਲੀ ਮਾਨਸਿਕਤਾ ਬਦਲੇ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਬਹੁਤੇ ਹਾਦਸਿਆਂ ਲਈ ਤੇਜ ਰਫਤਾਰੀ ਅਤੇ ਅਣਗਹਿਲੀ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਮਿਥੀ ਰਫਤਾਰ ਤੇ ਗੱਡੀਆਂ ਚਲਾਉਣ ਤਾਂ ਹਾਦਸੇ ਘਟ ਸਕਦੇ ਹਨ। ਉਨ੍ਹਾਂ ਕਿਹਾ ਕਿ ਖੁਦ ਨੂੰ ‘ਕਿੰਗ’ ਸਮਝਣ ਵਾਲੀ ਮਾਨਸਿਕਤਾ ਬਦਲਣੀ ਪਵੇਗੀ ਕਿਉਂਕਿ ਸੜਕ ਤੇ ਚੱਲਣ ਦਾ ਇੱਕੋ ਜਿਹਾ ਹੱਕ ਹੈ। ਉਨ੍ਹਾਂ ਕਿਹਾ ਕਿ ਲੋਕ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਰਹਿਣ ਅਤੇ ਨਸ਼ੇ ਤਿਆਗਣ ਤਾਂ ਵੀ ਮੌਤਾਂ ਘਟਾਈਆਂ ਜਾ ਸਕਦੀਆਂ ਹਨ।
ਵਿਦੇਸ਼ਾਂ ਵਾਂਗ ਲਾਗੂ ਹੋਵੇ ਕਾਨੂੰਨ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਵਿਦੇਸ਼ਾਂ ਵਾਂਗ ਦੋ ਵਾਰ ਨਿਯਮਾਂ ਦੀ ਉਲੰਘਣਾ ਤੇ ਲਾਈਸੰਸ ਪੰਚ ਅਤੇ ਤੀਸਰੀ ਵਾਰ ਉਸੇ ਗਲਤੀ ਤੇ ਲਾਇਸੰਸ ਰੱਦ ਕਰਨ ਵਾਲਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ’ਚ ਰੱਦ ਲਾਈਸੰਸ ਦੁਬਾਰਾ ਨਹੀਂ ਬਣਦਾ ਨਹੀਂ ਇਸ ਲਈ ਲੋਕ ਗਲਤੀ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਕੋਈ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਬਲਕਿ ਲੋਕ ਜੁਰਮਾਨਾ ਭਰਕੇ ਖਹਿੜ੍ਹਾ ਛੁਡਾ ਲੈਂਦੇ ਹਨ
ਟਰੈਫਿਕ ਪੁਲਿਸ ਅਧਿਕਾਰੀ ਦਾ ਪੱਖ
ਟਰੈਫਿਕ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਪੁਲਿਸ ਪੂਰੀ ਤਰਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਨਿਯਮ ਭੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਟੋ ਰਿਕਸ਼ਿਆਂ ਕਾਰਨ ਵਿਗੜੀ ਆਵਾਜਾਈ ਨੂੰ ਸੁਚਾਰੂ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਚੱਲ ਰਹੀ ਹੈ।