ਚਲਾਕੀ: ਆਪੇ ਫਾਥੜੀਏ ਤੈਨੂੰ ਕੌਣ ਛੁਡਾਏ? 4 ਕਿਲੋ ਨਸ਼ੇ ਨਾਲ ਫੜੀ ਗਈ 25 ਸਾਲਾ ਔਰਤ
ਔਕਲੈਂਡ ਏਅਰਪੋਰਟ ਉਤੇ 4 ਕਿਲੋ ਕੋਕੀਨ ਨਸ਼ੇ ਨਾਲ ਫੜੀ ਗਈ 25 ਸਾਲਾ ਔਰਤ-ਹੁਣ ਹੋਵੇਗੀ ਅਦਾਲਤੀ ਕਾਰਵਾਈ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 22 ਜੁਲਾਈ 2025-ਔਕਲੈਂਡ ਏਅਰਪੋਰਟ ’ਤੇ ਇੱਕ ਹੈਰਾਨੀਜਨਕ ਘਟਨਾ ਵਾਪਰੀ। ਚਿਲੀ ਦੇ ਸੈਂਟਿਯਾਗੋ ਤੋਂ ਆਈ ਇੱਕ 25 ਸਾਲਾ ਔਰਤ ਨੂੰ ਕਸਟਮ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਉਸ ਦਾ ਸਮਾਨ ਕੁਝ ਸ਼ੱਕੀ ਲੱਗਣ ’ਤੇ ਜਾਂਚ ਲਈ ਭੇਜਿਆ ਗਿਆ ਸੀ। ਕਸਟਮ ਅਧਿਕਾਰੀਆਂ ਨੇ ਜਦੋਂ ਉਸ ਦੇ ਸੂਟਕੇਸ ਦੀ ਤਲਾਸ਼ੀ ਲਈ, ਤਾਂ ਉਹ ਹੈਰਾਨ ਰਹਿ ਗਏ। ਸੂਟਕੇਸ ਦੇ ਪੈਨਲਿੰਗ (ਅੰਦਰੂਨੀ ਪਰਤਾਂ) ਵਿੱਚ ਬੜੀ ਚਲਾਕੀ ਨਾਲ ਲੁਕੋ ਕੇ ਰੱਖੀ 4 ਕਿੱਲੋ ਕੋਕੀਨ ਬਰਾਮਦ ਹੋਈ। ਇਹ ਕੋਕੀਨ ਬਾਜ਼ਾਰ ਵਿੱਚ ਲਗਭਗ 1.55 ਡਾਲਰ ਮਿਲੀਅਨ ਦੀ ਕੀਮਤ ਦੀ ਸੀ।
ਕਸਟਮਜ਼ ਦੇ ਮੁੱਖ ਅਧਿਕਾਰੀ, ਬੇਨ ਵੈੱਲਜ਼ ਨੇ ਦੱਸਿਆ ਅਪਰਾਧੀ ਸਮੱਗਲਿੰਗ ਕਈ ਤਰੀਕੇ ਵਰਤਦੇ ਹਨ। ਇਹ ਲੁਕਾਉਣ ਦਾ ਤਰੀਕਾ ਬਹੁਤ ਗੁੰਝਲਦਾਰ ਸੀ, ਪਰ ਸਾਡੇ ਅਫਸਰਾਂ ਦੀ ਸਿਖਲਾਈ ਅਤੇ ਲਗਨ ਨੇ ਇਸ ਨੂੰ ਲੱਭ ਲਿਆ। ਸੂਟਕੇਸ ਦੇ ਪੈਨਲਾਂ ਵਿਚ ਇਹ ਨਸ਼ਾ ਲੁਕੋਇਆ ਹੋਇਆ ਸੀ।
ਇਸ ਔਰਤ ’ਤੇ ਹੁਣ ਕਲਾਸ ਏ ਕੰਟਰੋਲਡ ਡਰੱਗ ਆਯਾਤ ਕਰਨ ਅਤੇ ਸਪਲਾਈ ਕਰਨ ਦੇ ਇਰਾਦੇ ਨਾਲ ਕਬਜ਼ੇ ਵਿੱਚ ਰੱਖਣ ਦੇ ਦੋਸ਼ ਲੱਗੇ ਹਨ। ਇਸ ਖੇਪ ਦੇ ਫੜੇ ਜਾਣ ਨਾਲ ਨਿਊਜ਼ੀਲੈਂਡ ਨੂੰ ਲਗਭਗ 1.49 ਮਿਲੀਅਨ ਡਾਲਰ ਦੇ ਸਮਾਜਿਕ ਨੁਕਸਾਨ ਦੇ ਖਰਚੇ ਤੋਂ ਬਚਾ ਲਿਆ ਗਿਆ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਕਸਟਮ ਅਧਿਕਾਰੀ ਕਿੰਨੀ ਚੌਕਸੀ ਨਾਲ ਕੰਮ ਕਰਦੇ ਹਨ ਤਾਂ ਜੋ ਸਾਡੇ ਦੇਸ਼ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਸੋ ਹੁਣ ਉਸ ਔਰਤ ਲਈ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਏ।’