ਪੀ.ਏ.ਯੂ. ਦੇ ਵਿਗਿਆਨੀ ਨੂੰ ਮਾਣਮੱਤਾ ਬਲਿਊ ਰਿਬਨ ਐਵਾਰਡ 2025 ਹਾਸਲ ਹੋਇਆ
ਲੁਧਿਆਣਾ 22 ਜੁਲਾਈ, 2025 - ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸ਼ਿਵਾ ਭੰਬੋਟਾ ਨੂੰ ਬੀਤੇ ਦਿਨੀਂ ਏ ਐੱਸ ਏ ਬੀ ਈ 2025 ਦਾ ਵੱਕਾਰੀ ਬਲਿਊ ਰਿਬਨ ਐਵਾਰਡ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਡਾ. ਭਮੋਟਾ ਮੌਜੂਦਾ ਸਮੇਂ ਆਪਣੀ ਪੋਸਟ ਡਾਕਟਰਲ ਖੋਜ ਫਲੋਰੀਡਾ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਬਾਇਓਲੋਜੀਕਲ ਇੰਜਨੀਅਰਿੰਗ ਵਿਭਾਗ ਵਿਖੇ ਕਰ ਰਹੇ ਹਨ।
ਉਹਨਾਂ ਨੂੰ ਇਹ ਐਵਾਰਡ ਫਲੋਰੀਡਾ ਯੂਨੀਵਰਸਿਟੀ ਦੇ ਉਪਰੋਕਤ ਵਿਭਾਗ ਦੇ ਮਾਹਿਰਾਂ ਡਾ. ਵਿਵੇਕ ਸ਼ਰਮਾ, ਕੇਵਨ ਐਥਰਨ, ਕਾਰਸਨ ਜੋਨਜ਼, ਮਿਸ਼ੇਲ ਡਿਊਕਸ, ਕੈਲੀ ਇਯੂ ਅਤੇ ਜੋਇਲ ਲਵ ਨਾਲ ਸਾਂਝੇ ਰੂਪ ਵਿਚ ਹਾਸਲ ਹੋਇਆ ਹੈ। ਇਹ ਟੀਮ ਨੇ ਇਸ ਐਵਾਰਡ ਨੂੰ ਬੀਤੇ ਦਿਨੀਂ ਟਰਾਂਟੋ, ਕੈਨੇਡਾ ਵਿਖੇ ਹੋਏ ਸਲਾਨਾ ਸਮਾਰੋਹ ਦੌਰਾਨ ਹਾਸਲ ਕੀਤਾ। ਇਸ ਟੀਮ ਨੂੰ ਇਹ ਐਵਾਰਡ ਫਲੋਰੀਡਾ ਸਟੇਕ ਹੋਲਡਰ ਇਨਗੇਜ਼ਮੈਂਟ ਪ੍ਰੋਗਰਾਮ ਲਈ ਪ੍ਰਦਾਨ ਕੀਤਾ ਗਿਆ। ਪ੍ਰੋਜੈਕਟ ਦੀ ਅਗਵਾਈ ਡਾ. ਵਿਵੇਕ ਸ਼ਰਮਾ ਨੇ ਕੀਤੀ। ਇਸ ਪ੍ਰੋਜੈਕਟ ਨੇ ਵਿਸ਼ੇਸ਼ ਤੌਰ ਤੇ ਖੇਤੀ ਸਮੂਹ ਅਤੇ ਖੋਜ ਵਿਚਕਾਰ ਸਾਂਝ ਵਧਾ ਕੇ ਵਧੇਰੇ ਮੁਨਾਫਾ ਅਤੇ ਕੰਮਾਂ ਦੀ ਵਿਹਾਰਕਤਾ ਦਾ ਰਸਤਾ ਤਲਾਸ਼ ਕੀਤਾ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਡਾ. ਸ਼ਿਵਾ ਭੰਬੋਟਾ ਅਤੇ ਸਾਬਕਾ ਵਿਦਿਆਰਥੀ ਡਾ. ਵਿਵੇਕ ਸ਼ਰਮਾ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ।