ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਲਈ ਪੋਸਟ ਨੇਟਲ ਕੇਅਰ ਲਾਹੇਵੰਦ: ਜ਼ਿਲ੍ਹਾ ਪਰਿਵਾਰ ਭਲਾਈ ਅਫਸਰ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਮਾਂ ਅਤੇ ਨਵ ਜੰਮੇ ਬੱਚੇ ਦੀ ਜਾਂਚ ਕੀਤੀ ਜਾਂਦੀ ਹੈ ਜਿਸਨੂੰ ਪੋਸਟ ਨੇਟਲ ਕੇਅਰ ਕਿਹਾ ਜਾਂਦਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੋਸਟ-ਨੇਟਲ ਕੇਅਰ ਜਨਮ ਤੋਂ ਬਾਅਦ ਮਾਂ ਤੇ ਨਵਜਾਤ ਬੱਚੇ ਦੀ ਦੇਖਭਾਲ ਅਤੇ ਉਹਨਾਂ ਦੀ ਵਧੀਆ ਸਿਹਤ ਲਈ ਇੱਕ ਮਹੱਤਵਪੂਰਣ ਕੜੀ ਹੈ । ਪੋਸਟ ਨੇਟਲ ਕੇਅਰ ਅਧੀਨ ਨਵਜੰਮੇ ਬੱਚੇ ਦੀ 6 ਹਫ਼ਤੇ ਤੱਕ ਘਰ ਵਿੱਚ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਲੋੜੀਦੀ ਜਾਂਚ ਕੀਤੀ ਜਾਂਦੀ ਹੈ ।
ਉਹਨਾਂ ਦੱਸਿਆ ਕਿ ਬੱਚਾ ਹੋਂਣ ਉਪਰੰਤ ਤੀਸਰੇ ਦਿਨ, ਸਤਵੇਂ ਦਿਨ, ਚੌਦਵੇਂ ਦਿਨ, ਅਠਾਈਵੇਂ ਦਿਨ ਅਤੇ ਬਿਆਲੀਵੇਂ ਦਿਨ ਏ.ਐਨ.ਐਮ ਅਤੇ ਆਸ਼ਾ ਵਰਕਰ ਵੱਲੋਂ ਮਾਂ ਅਤੇ ਬੱਚੇ ਦੀ ਘਰ ਜਾ ਕੇ ਜਾਂਚ ਕੀਤੀ ਜਾਂਦੀ ਹੈ ਜਿਸਦੀ ਦੇਖਰੇਖ ਸਬੰਧਿਤ ਇਲਾਕੇ ਦੀ ਐਲ.ਐਚ.ਵੀ ਦੁਆਰਾ ਕੀਤੀ ਜਾਂਦੀ ਹੈ । ਇਸ ਜਾਂਚ ਵਿੱਚ ਮਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਨਾਲ ਹੀ, ਪੀਲੀਆ, ਬੁਖਾਰ, ਨਮੂਨੀਆ, ਸਾਹ ਸਬੰਧੀ ਅਤੇ ਬੱਚੇ ਦੇ ਭਾਰ ਦੀ ਜਾਂਚ ਕੀਤੀ ਜਾਂਦੀ ਹੈ । ਇਸ ਮੌਕੇ ਸਿਹਤ ਕਰਮਚਾਰੀਆ ਵੱਲੋਂ ਮਾਂ ਦੀ ਪੀੜਾ, ਰਕਤ-ਬਹਾਓ, ਮਾਸਪੇਸ਼ੀਆਂ ਦੀ ਸਹੀ ਜਗ੍ਹਾ, ਤਾਪਮਾਨ ਅਤੇ ਦਬਾਅ ਦੀ ਮੁਕੰਮਲ ਜਾਂਚ ਕੀਤੀ ਜਾਂਦੀ ਹੈ।