8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਾਖਲੇ ਦੀ ਮਿਤੀ ਵਧਾਈ
• 15 ਜੁਲਾਈ ਦੀ ਥਾਂ 01 ਅਗਸਤ ਤੱਕ ਹੋਣਗੇ ਦਾਖਲੇ, ਪੰਜਾਬ ਸਕੂਲ ਬੋਰਡ ਨੇ ਜਾਰੀ ਕੀਤਾ ਨਵਾਂ ਰਜਿਸਟ੍ਰੇਸ਼ਨ ਸ਼ਡਿਊਲ
• 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ ਵੀ ਵਾਧਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2025-26 ਦੌਰਾਨ ਅੱਠਵੀਂ, ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਦਾਖਲੇ ਦੀ ਮਿਤੀ ਵਿੱਚ 15 ਜੁਲਾਈ ਤੋਂ ਵਾਧਾ ਕਰਦੇ ਹੋਏ 01 ਅਗਸਤ 2025 ਆਖਰੀ ਮਿਤੀ ਨਿਰਧਾਰਿਤ ਕੀਤੀ ਗਈ ਹੈ ਅਤੇ ਵਾਧੇ ਦੀਆਂ ਮਿਤੀਆਂ ਅਨੁਸਾਰ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ।
ਨਵੇਂ ਸ਼ਡਿਊਲ ਅਨੁਸਾਰ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦੀ ਮਿਤੀ ਵਿੱਚ ਵੀ ਵਾਧਾ ਕਰਦੇ ਹੋਏ 28 ਜੁਲਾਈ 2025 ਤੋਂ 06 ਅਗਸਤ 2025 ਬਿਨ੍ਹਾਂ ਲੇਟ ਫੀਸ ਵਾਧਾ ਕੀਤਾ ਗਿਆ ਹੈ। ਇਸ ਉਪਰੰਤ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ 07 ਅਗਸਤ 2025 ਤੋਂ 09 ਸਤੰਬਰ 2025 ਤੱਕ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਸ਼ਡਿਊਲ ਅਤੇ ਹਦਾਇਤਾਂ ਸਕੂਲਾਂ ਦੀ ਲਾਗ-ਇੰਨ ਆਈ.ਡੀ. ਅਤੇ ਬੋਰਡ ਦੀ ਵੈਬ-ਸਾਈਟ ਤੇ ਵੀ ਉਪਲੱਬਧ ਹਨ।
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸ਼ਡਿਊਲ ਜਾਰੀ ਕਰਦੇ ਹੋਏ ਦੱਸਿਆ ਕਿ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਬੋਰਡ ਵੱਲੋਂ ਨਿਰਧਾਰਿਤ/ਜਾਰੀ ਕੀਤੇ ਗਏ ਸ਼ਡਿਊਲ (ਸਮਾਂ ਸਾਰਣੀ) ਅਨੁਸਾਰ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਮੁਕੰਮਲ ਕਰਵਾਉਣ ਲਈ ਤਰਜੀਹ ਦੇਣ ਲਈ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਅਭਿਆਨ ਚਲਇਆ ਗਿਆ ਅਤੇ ਸਕੂਲਾਂ ਦਾ ਸ਼੍ਰੇਣੀਕਰਨ ਕਰਦੇ ਹੋਏ ਸਿੱਖਿਆ ਸੂਧਾਰਾਂ ਲਈ ਵਿਸ਼ੇਸ਼ ਸਕੂਲ (School of Eminence, Schools of Brilliance and Schools of Happiness) ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਨਿਰਧਾਰਿਤ ਸ਼ਡਿਊਲ ਅਧੀਨ ਦਿੱਤੇ ਗਏ ਸਮੇਂ ਤੋਂ ਬਾਅਦ ਹੋਰ ਸਮੇਂ ਵਿੱਚ ਵਾਧਾ ਨਹੀ ਕੀਤਾ ਜਾਵੇਗਾ। ਜੇਕਰ ਕੋਈ ਵੀ ਵਿਦਿਆਰਥੀ ਕਿਸੇ ਕਾਰਨ ਰਜਿਸਟ੍ਰੇਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ ਜਾਂ ਫਾਈਨਲ ਸਬਮਿਟ ਕਰਨ ਤੋਂ ਰਹਿ ਜਾਂਦਾ ਹੈ ਤਾਂ ਉਸਦੀ ਨਿਰੋਲ ਜਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੀ ਹੋਵੇਗੀ। ਅਜਿਹੇ ਵਿਦਿਆਰਥੀਆਂ ਦੀ ਨਿਰਧਾਰਿਤ ਸਡਿਊਲ ਤੋਂ ਬਾਅਦ ਆਨ-ਲਾਈਨ ਐਂਟਰੀ/ਰਜਿਸਟ੍ਰੇਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀ ਦਿੱਤਾ ਜਾਵੇਗਾ।