ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਪੰਜਾਬ ਸਰਕਾਰ ਆਪਣੇ ਤੌਰ ਤੇ ਵੱਖਰੇ ਮਨਾਉਣ ਦੀ ਥਾਂ ਐੱਸਜੀਪੀਸੀ ਨੂੰ ਸਹਿਯੋਗ ਦੇਵੇ: ਪ੍ਰੋ. ਚੰਦੂਮਾਜਰਾ
ਐੱਸਜੀਪੀਸੀ 350 ਸਾਲਾ ਸ਼ਹੀਦੀ ਸਮਾਗਮ ਨੂੰ ਇੱਕ ਧੜੇ ਦੇ ਸਮਾਗਮ ਨਾ ਬਣਾਏ
ਮੋਹਾਲੀ 22 ਜੁਲਾਈ 2025
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਪੰਜਾਬ ਸਰਕਾਰ ਆਪਣੇ ਤੌਰ ਤੇ ਵੱਖਰੇ ਮਨਾਉਣ ਦੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਬਣਦਾ ਪ੍ਰਬੰਧਕੀ ਸਹਿਯੋਗ ਦੇਵੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਸ਼ਤਾਬਦੀ ਸਮਾਗਮਾਂ ਵਿੱਚ ਆ ਰਹੇ ਖ਼ਰਚਿਆਂ ਵਿੱਚ ਵੀ ਆਪਣਾ ਸਹਿਯੋਗ ਦੇਣ ਦਾ ਫਰਜ਼ ਅਦਾ ਕਰੇ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਸਰਕਾਰ ਗੁਰੂ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਮਨਾਉਣ ਦੀ ਥਾਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਕੇਂਦਰਿਤ ਕਰੇ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਸਮਾਗਮਾਂ ਅਤੇ ਪ੍ਰਕਾਸ਼ ਪੁਰਬ ਮਨਾਉਣ ਲਈ ਐੱਸਜੀਪੀਸੀ ਆਪਣਾ ਕੰਮ ਸੁਹਿਰਦਤਾ ਨਾਲ ਕਰ ਰਹੀ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਐੱਸਜੀਪੀਸੀ ਵੱਲੋਂ ਉਲੀਕੇ ਸਮਾਗਮਾਂ ਵਿੱਚ ਪੂਰਨ ਸਹਿਯੋਗ ਦੇਣ ਦੀ ਲੋੜ ਹੈ।
ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਇੱਕ ਧੜੇ ਦੇ ਸਮਾਗਮ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਵੱਲੋਂ ਇਨ੍ਹਾਂ ਸਮਾਗਮਾਂ ਲਈ ਬਣਾਈ ਕਮੇਟੀ ਅੰਦਰ ਪੰਜਾਬ ਤੋਂ ਬਾਹਰ ਤਖ਼ਤ ਸਾਹਿਬਾਨਾਂ, ਦਿੱਲੀ ਅਤੇ ਹਰਿਆਣਾ ਕਮੇਟੀ ਦੇ ਨੁਮਾਇੰਦਿਆਂ ਨੂੰ ਸ਼ਾਮਲ ਨਾ ਕਰਨਾ ਬਹੁਤ ਅਫ਼ਸੋਸਨਾਕ ਫ਼ੈਸਲਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਇਸ ਕਮੇਟੀ ਵਿੱਚ ਸਾਰੇ ਤਖ਼ਤ ਸਾਹਿਬਾਨਾਂ, ਪ੍ਰਬੰਧਕੀ ਕਮੇਟੀਆਂ, ਪੰਥਕ ਅਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਿੱਖ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਸਰਕਾਰ ਕੋਲੋਂ ਚੌਣਵੇਂ ਮੰਤਰੀਆਂ ਨੂੰ ਸ਼ਾਮਿਲ ਕਰਕੇ ਮੁੜ ਕਮੇਟੀ ਗਠਿਤ ਕਰਕੇ ਸਰਬ ਸਾਂਝੇ ਤੌਰ ਤੇ ਸਮਾਗਮ ਮਨਾਉਣੇ ਚਾਹੀਦੇ ਹਨ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਪ੍ਰੰਤੂ ਬੜੇ ਹੀ ਅਫ਼ਸੋਸ ਵਾਲੀ ਗੱਲ ਹੈ ਕਿ ਐੱਸਜੀਪੀਸੀ ਨੂੰ ਸਮੁੱਚੇ ਪੰਥ ਦੀ ਜਮਾਤ ਬਣਾਉਣ ਦੀ ਥਾਂ ਕਿਸੇ ਇੱਕ ਖਾਸ ਧੜੇ ਦੀ ਸੰਸਥਾ ਬਣਾਕੇ ਕੱਦ ਬੌਣਾ ਕਰ ਦਿੱਤਾ।