ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਟਕਰਾਅ ਵਾਲਾ ਮਾਹੌਲ ਪੈਦਾ ਨਾ ਕਰੇ ਸਰਕਾਰ- ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਵੱਲੋਂ ਐਲਾਨੇ ਪ੍ਰੋਗਰਾਮਾਂ ਦੇ ਮੁਕਾਬਲੇ ਸਰਕਾਰ ਵੱਲੋਂ ਵੱਖਰੇ ਸਮਾਗਮ ਪੰਥਕ ਪ੍ਰੰਪਰਾਵਾਂ ਦੇ ਵਿਰੁੱਧ
ਅੰਮ੍ਰਿਤਸਰ, 22 ਜੁਲਾਈ -
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਇਸ ਦਿਹਾੜੇ ਨੂੰ ਸਮਰਪਿਤ ਢੁੱਕਵੀਆਂ ਯਾਦਗਾਰਾਂ ਬਨਾਉਣ ਵੱਲ ਧਿਆਨ ਦੇਵੇ, ਨਾ ਕਿ ਧਾਰਮਿਕ ਸਮਾਗਮਾਂ ਰਾਹੀਂ ਟਕਰਾਅ ਵਾਲਾ ਮਾਹੌਲ ਪੈਦਾ ਕਰੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਾਲ ਪਹਿਲਾਂ ਹੀ ਸ਼ਤਾਬਦੀ ਸਬੰਧੀ ਪ੍ਰੋਗਰਾਮ ਉਲੀਕੇ ਜਾ ਚੁੱਕੇ ਹਨ, ਜਿਸ ਦੀ ਸ਼ੁਰੂਆਤ ਅਪ੍ਰੈਲ 2025 ’ਚ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਕੀਤੀ ਗਈ ਸੀ। ਇਸੇ ਤਹਿਤ ਹੁਣ ਦੇਸ਼ ਭਰ ਦੇ ਵੱਖ-ਵੱਖ ਹਿੱਸਿਆ ਵਿਚ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਲੀਕੇ ਸਮਾਗਮਾਂ ਦੀਆਂ ਤਰੀਕਾਂ ਅਨੁਸਾਰ ਹੀ ਸਰਕਾਰ ਵੱਲੋਂ ਵੱਖਰੇ ਪ੍ਰੋਗਰਾਮਾਂ ਦਾ ਐਲਾਨ ਕਰਨਾ ਸੰਗਤਾਂ ਵਿਚ ਦੁਬਿਧਾ ਦਾ ਕਾਰਨ ਬਣੇਗਾ, ਜੋ ਖਾਲਸਾ ਪੰਥ ਦੀਆਂ ਮਾਣਮੱਤੀਆਂ ਰਵਾਇਤਾਂ ਦੇ ਬਿਲਕੁਲ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇੰਜ ਮਹਿਸੂਸ ਹੁੰਦਾ ਹੈ ਕਿ ਸਰਕਾਰ ਜਾਣਬੁਝ ਕੇ ਸਿੱਖ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ ਦੇ ਸਮਾਗਮ ਖਾਲਸਾ ਪੰਥ ਆਪ ਕਰਦਾ ਹੈ, ਜਿਸ ਵਿਚ ਸਮੁੱਚੀਆਂ ਸਿੱਖ ਸੰਪ੍ਰਦਾਵਾਂ ਅਤੇ ਜਥੇਬੰਦੀਆਂ ਅਹਿਮ ਹਿੱਸਾ ਪਾਉਂਦੀਆਂ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਵਾਲ ਕੀਤਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ, ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ, ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮੇਤ ਕਰੀਬ 12 ਸ਼ਤਾਬਦੀਆਂ ਆਈਆਂ ਹਨ, ਜਿਨ੍ਹਾਂ ਪ੍ਰਤੀ ਸਰਕਾਰ ਨੇ ਸੰਜੀਦਗੀ ਕਿਉਂ ਨਹੀਂ ਦਿਖਾਈ?
ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਖਾਲਸਾ ਪੰਥ ਨੇ ਜਦੋਂ ਵੀ ਸ਼ਤਾਬਦੀਆਂ ਮਨਾਈਆਂ, ਤਾਂ ਸਰਕਾਰਾਂ ਨੇ ਉਸ ਵਿਚ ਸਹਿਯੋਗ ਕਰਦਿਆਂ ਉਨ੍ਹਾਂ ਦਿਹਾੜਿਆਂ ਨੂੰ ਸਮਰਪਿਤ ਵੱਡੀਆਂ ਯਾਦਗਾਰਾਂ ਬਣਾਈਆਂ। 1969 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਅਤੇ ਗੁਰੂ ਸਾਹਿਬ ਦੇ ਨਾਂ ’ਤੇ ਕਈ ਕਾਲਜ, 1999 ਵਿਚ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰ ਵੱਲੋਂ ਵਿਰਾਸਤ-ਏ-ਖਾਲਸਾ ਤੇ ਪੰਜ ਪਿਆਰਾ ਪਾਰਕ ਅਤੇ 2010 ’ਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫ਼ਤਹਿ ਦਿਵਸ ਨੂੰ ਸਮਰਪਿਤ ਚੱਪੜਚਿੜੀ ਵਿਖੇ ਇਤਿਹਾਸਕ ਯਾਦਗਾਰ ਇਸ ਦੀ ਉਦਾਹਰਣ ਹਨ। ਪਰੰਤੂ ਮੌਜੂਦਾ ਮਾਨ ਸਰਕਾਰ ਇਸ ਦੇ ਉਲਟ ਜਾ ਕੇ ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਅਧਿਕਾਰ ਖੇਤਰ ਵਿਚ ਦਖ਼ਲ ਦੇ ਰਹੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ, ਜੋ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਇਨ੍ਹਾਂ ਸਮਾਗਮਾਂ ਵਿਚ ਸਾਰਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਸਾਰੀਆਂ ਸਰਕਾਰਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਜਾਵੇਗਾ। ਅਜਿਹੇ ਵਿਚ ਸਰਕਾਰ ਵੱਲੋਂ ਵੱਖਰੇ ਪ੍ਰੋਗਰਾਮ ਉਲੀਕਣੇ ਵੱਡੇ ਸਵਾਲ ਪੈਦਾ ਕਰਦੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਅਤੇ ਉਸ ਵੱਲ ਜਾਂਦੇ ਰਸਤਿਆਂ ਦੇ ਮਾੜੇ ਹਾਲਾਤ ਵੱਲ ਸਰਕਾਰ ਵੱਲੋਂ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ, ਜਦਕਿ ਸੰਗਤਾਂ ਦੀ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਸੜਕ ਬਨਾਉਣ ਦੇ ਕਾਰਜ ਨੂੰ ਆਪਣੇ ਹੱਥਾਂ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਤਾਬਦੀ ਮੌਕੇ ਗੁਰੂ ਸਾਹਿਬ ਨੂੰ ਸਮਰਪਿਤ ਕੋਈ ਵੱਡੀ ਯੂਨੀਵਰਸਿਟੀ, ਮੈਡੀਕਲ ਕਾਲਜ ਜਾਂ ਹਸਪਤਾਲ ਸਥਾਪਤ ਕਰੇ, ਜੋ ਲੋਕ ਭਲਾਈ ਕਾਰਜਾਂ ਲਈ ਲਾਹੇਵੰਦ ਹੋਵੇ। ਇਸ ਦੇ ਨਾਲ ਹੀ ਨੌਵੇਂ ਪਾਤਸ਼ਾਹ ਜੀ ਨਾਲ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਂ ’ਤੇ ਵੀ ਯਾਦਗਾਰ ਬਣਾਈਆਂ ਜਾਣ, ਨਾ ਕਿ ਸਿਆਸਤ ਕਰਕੇ ਪੰਥ ਵਿਚ ਦੁਬਿਧਾ ਪੈਦਾ ਕੀਤੀ ਜਾਵੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਅਵਤਾਰ ਸਿੰਘ ਰਿਆ, ਸ. ਗੁਰਮੀਤ ਸਿੰਘ ਬੂਹ, ਓਐਸਡੀ ਸ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸ. ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।