ਦਸੂਹਾ-ਹਾਜੀਪੁਰ ਰੋਡ ‘ਤੇ ਹੋਏ ਦਰਦਨਾਕ ਸੜਕ ਹਾਦਸੇ ‘ਚ 9 ਦੀ ਮੌਤ, 33 ਜ਼ਖ਼ਮੀ
-ਵਿਧਾਇਕ ਕਰਮਬੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਦਸੂਹਾ ਸਿਵਲ ਹਸਪਤਾਲ ‘ਚ ਜ਼ਖਮੀਆਂ ਦਾ ਜਾਣਿਆ ਹਾਲ-ਚਾਲ
-ਹਾਦਸੇ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ‘ਚ ਨਹੀਂ ਛੱਡੀ ਜਾਵੇਗੀ ਕੋਈ ਕਮੀ
-ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ, ਜ਼ਖ਼ਮੀਆਂ ਨੂੰ ਵੀ ਦਿੱਤਾ ਜਾਵੇਗਾ ਨਿਯਮਾਂ ਅਨੁਸਾਰ ਮੁਆਵਜ਼ਾ
ਦਸੂਹਾ/ਹੁਸ਼ਿਆਪਰੁਰ, 7 ਜੁਲਾਈ : ਦਸੂਹਾ-ਹਾਜੀਪੁਰ ਰੋਡ 'ਤੇ ਸੋਮਵਾਰ ਸਵੇਰੇ ਪਿੰਡ ਸਗਰਾਂ ਨੇੜੇ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਇਕ ਕਾਰ ਵਿਚਾਲੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਇਕ ਬੱਚੀ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਜ਼ਖਮੀਆਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਦਸੂਹਾ ਵਿਚ ਚੱਲ ਰਿਹਾ ਹੈ ਅਤੇ ਗੰਭੀਰ ਜ਼ਖਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸੜਕ ਸੁਰੱਖਿਆ ਫੋਰਸ, ਸਿਹਤ ਵਿਭਾਗ ਅਤੇ ਪੁਲਿਸ ਟੀਮ ਹਰਕਤ ਵਿਚ ਆ ਗਈ। ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ, ਜੋ ਕਿ ਜ਼ਖਮੀਆਂ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਦਸੂਹਾ ਪਹੁੰਚੇ, ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਦੁੱਖਦਾਈ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਇਲਾਜ ਵਿਚ ਕੋਈ ਕਸਰ ਨਾ ਛੱਡੀ ਜਾਵੇ।
ਵਿਧਾਇਕ ਕਮਰਬੀਰ ਸਿੰਘ ਘੁੰਮਣ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਜ਼ਖਮੀਆਂ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਵੀ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਕੀਤਾ ਜਾ ਰਿਹਾ ਹੈ। ਵਿਧਾਇਕ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ, ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਓਵਰਸਪੀਡ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਜਾਂਚ ਲਈ ਚੈਕਿੰਗ ਹੋਰ ਤੇਜ਼ ਕੀਤੀ ਜਾਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ 'ਫਰਿਸ਼ਤੇ' ਸਕੀਮ ਤਹਿਤ ਜ਼ਖਮੀਆਂ ਦਾ ਨਿੱਜੀ ਹਸਪਤਾਲਾਂ ਵਿਚ ਵੀ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਪਵਨ ਕੁਮਾਰ ਅਤੇ ਐਸ.ਐਮ.ਓ ਦਸੂਹਾ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਾਰੇ ਜ਼ਖਮੀਆਂ ਦਾ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਰੈੱਡ ਕ੍ਰਾਸ ਸੋਸਾਇਟੀ ਰਾਹੀਂ ਵੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੋਰ ਜਾਣਕਾਰੀ ਲਈ ਲੋਕ ਹੈਲਪਲਾਈਨ ਨੰਬਰ 01883-506268, 89687-81022 ‘ਤੇ ਵੀ ਸੰਪਰਕ ਕਰ ਸਕਦੇ ਹਨ।
ਇਸ ਦੌਰਾਨ ਸਿਵਲ ਸਰਜਨ ਡਾ. ਪਵਨ ਕੁਮਾਰ, ਐਸ.ਐਮ.ਓ ਦਸੂਹਾ ਡਾ. ਮਨਮੋਹਨ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਮੰਗੇਸ਼ ਸੂਦ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
---
ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦਸੂਹਾ ਦੇ ਐਸ.ਐਮ.ਓ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਇਕ 5 ਸਾਲਾ ਬੱਚੀ ਵੀ ਸ਼ਾਮਲ ਹੈ, ਜਦੋਂ ਕਿ 33 ਲੋਕ ਜ਼ਖਮੀ ਹਨ। ਉਨ੍ਹਾਂ ਕਿਹਾ ਕਿ 6 ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰਿਲੀਵ ਕਰ ਦਿੱਤਾ ਗਿਆ। ਤਿੰਨ ਗੰਭੀਰ ਜ਼ਖਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ 24 ਜ਼ਖਮੀਆਂ ਦਾ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਚੱਲ ਰਿਹਾ ਹੈ।
ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜੂ ਬਾਲਾ (5) ਵਾਸੀ ਬੁੱਢਾਵੜ, ਲਵ ਕੁਮਾਰ (50) ਵਾਸੀ ਘੱਟੀ, ਨਾਰੀ, ਕਾਂਗੜਾ (ਹਿਮਾਚਲ ਪ੍ਰਦੇਸ਼), ਗੁਰਮੀਤ ਰਾਮ (65) ਵਾਸੀ ਹਲੇੜ, ਸਤਵਿੰਦਰ ਕੌਰ (55) ਵਾਸੀ ਜਲਾਲ ਚੱਕ, ਬਲਬੀਰ ਕੌਰ (60) ਵਾਸੀ ਦਸਮੇਸ਼ ਨਗਰ ਦਸੂਹਾ, ਸੰਜੀਵ ਕੁਮਾਰ (30) ਵਾਸੀ ਨਵੀਆਂ ਬਾਗੜੀਆਂ ਭੈਣੀ ਮੀਆਂ ਖਾਨ, ਗੁਰਦਾਸਪੁਰ, ਮੀਨਾ (30) ਵਾਸੀ ਬੁੱਢਾਵੜ, ਅਣਪਛਾਤਾ ਵਿਅਕਤੀ (ਲੱਗਭਗ 50 ਸਾਲ), ਸੁਬਾਗ ਰਾਣੀ (55) ਵਾਸੀ ਸਹੋੜਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿਚ ਮਹਿੰਦਰ ਸਿੰਘ (69) ਵਾਸੀ ਕਾਠਗੜ੍ਹ , ਸਾਹਿਲ ਮਿਨਹਾਸ (22) ਸਿੰਘਵਾਲ, ਸ਼ੀਤਲ (29) ਵਾਸੀ ਸੁਗਿਆਲ, ਰਿਤਿਕਾ ਠਾਕੁਰ (35) ਵਾਸੀ ਨਿੱਕੂ ਚੱਕ, ਰਿਤੇਸ਼ (48) ਵਾਸੀ ਸਵਾਰ , ਗੁਰਦੀਪ ਸਿੰਘ (35) ਵਾਸੀ ਦਾਲੋਵਾਲ, ਤਿਲਕ ਰਾਜ (55) ਵਾਸੀ ਸਿਪਰੀਆਂ, ਤਾਨਵੀ (17) ਵਾਸੀ ਹਾਜੀਪੁਰ, ਨੀਲਮ ਕੁਮਾਰ ਵਾਸੀ ਲੁਧਿਆੜ, ਸੁਖਵਿੰਦਰ (50) ਵਾਸੀ ਸਹੋੜਾ, ਨੀਰਜ ਚੌਧਰੀ (47) ਵਾਸੀ ਭੰਬੂਤਾੜ, ਨੀਲਮ (45) ਵਾਸੀ ਬਜੀਰਾ, ਪ੍ਰਿੰਸ (16) ਵਾਸੀ ਘੋਗਰਾ, ਸੁਰਿੰਦਰ ਸਿੰਘ (46) ਵਾਸੀ ਸਿੱਪੂ ਚੱਕ, ਮਮਤਾ (37) ਵਾਸੀ ਦਾਲੋਵਾਲ, ਕਵਿਸ਼ (6) ਦਾਲੋਵਾਲ, ਪ੍ਰੀਤੀ (9) ਵਾਸੀ ਦਾਲੋਵਾਲ, ਰੀਨਾ ਦੇਵੀ (29) ਹਾਜੀਪੁਰ, ਮਨੀਸ਼ (19) ਵਾਸੀ ਬੁੱਢਾਵੜ, ਪ੍ਰੀਤੀ ਰਾਣੀ (30) ਵਾਸੀ ਹਾਜੀਪੁਰ, ਵਿਕਰਮ ਸਿੰਘ (35) ਵਾਸੀ ਭੋਲ ਕਲੋਤਾ, ਮੁਹੰਮਦ ਦੀਨ (41) ਵਾਸੀ ਪਠਾਨਕੋਟ, ਅਰਵਿੰਦ ਕੁਮਾਰ (39) ਵਾਸੀ ਪੰਖੂ, ਸ਼ਫੀ (32) ਵਾਸੀ ਬੁੱਢਾਵੜ, ਆਸ਼ੀਸ਼ ਕੁਮਾਰ (28) ਵਾਸੀ ਝਿੰਗੜਵਾਂ, ਤ੍ਰਿਪਤਾ ਦੇਵੀ (65) ਵਾਸੀ ਬਿੱਸੋ ਚੱਕ, ਨੀਤੂ ਬਾਲਾ (42) ਬਿੱਸੋ ਚੱਕ, ਪੂਜਾ (37) ਵਾਸੀ ਸਮਰਾਲਾ ਚੱਕ, ਨੀਲਮ (29) ਵਾਸੀ ਹਾਜੀਪੁਰ, ਰਾਜ ਰਾਣੀ (55) ਵਾਸੀ ਸਹੀਰਾ, ਸੰਜੀਵ ਸਿੰਘ (45) ਵਾਸੀ ਚਕਰਾਲ ਅਤੇ ਖੁਸ਼ੀ ਮਹਿਤਾ ਸ਼ਾਮਲ ਹਨ।