Punjab Breaking: ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ ਪਾਬੰਦੀ
ਜਲੰਧਰ, 7 ਜੁਲਾਈ : ਭਾਰੀ ਬਾਰਿਸ਼ ਕਾਰਨ ਨਹਿਰਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੋਣ ਕਰਕੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਜ਼ਿਲ੍ਹਾ ਜਲੰਧਰ ਵਿੱਚ ਵਹਿੰਦੀਆਂ ਨਹਿਰਾਂ/ਦਰਿਆਵਾਂ ਵਿੱਚ ਨਹਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਿੰਡਾਂ ਦੇ ਸਰਪੰਚ/ਨੰਬਰਦਾਰ ਅਤੇ ਹੋਰ ਮੋਹਤਬਰ ਲੋਕ ਆਪਣੇ ਇਲਾਕੇ ਵਿੱਚ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣੀ ਯਕੀਨੀ ਬਣਾਉਣਗੇ ਅਤੇ ਨਹਿਰੀ ਵਿਭਾਗ ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਇਨ੍ਹਾਂ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਨਾ ਹੋਵੇ। ਇਸ ਤੋਂ ਇਲਾਵਾ ਹੁਕਮ ਦੀ ਉਲੰਘਣਾ ਹੋਣ ’ਤੇ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਹੁਕਮ 3-9-2025 ਤੱਕ ਲਾਗੂ ਰਹੇਗਾ।