Flood Alert: ਪੰਜਾਬ ਦੇ ਦਰਿਆਵਾਂ ਅਤੇ ਡੈਮਾਂ 'ਚ ਵਧਿਆ ਪਾਣੀ ਦਾ ਪੱਧਰ? ਪੜ੍ਹੋ ਕੀ ਨੇ ਤਾਜ਼ਾ ਹਾਲਾਤ?
ਚੰਡੀਗੜ੍ਹ, 7 ਜੁਲਾਈ 2025 : ਪਿਛਲੇ ਕੁਝ ਦਿਨਾਂ ਦੌਰਾਨ ਪਹਾੜੀ ਖੇਤਰਾਂ ਵਿੱਚ ਪਏ ਭਾਰੀ ਮੀਂਹ ਕਾਰਨ ਪੰਜਾਬ ਦੇ ਵੱਖ-ਵੱਖ ਡੈਮਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਸਮੇਤ ਸੂਬਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਹੜ੍ਹ ਰੋਕੂ ਪ੍ਰਬੰਧ ਕਰਕੇ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।
ਰਾਵੀ ਦਰਿਆ ਦੀ ਸਥਿਤੀ
ਗੁਰਦਾਸਪੁਰ ਵਿੱਚ ਰਾਵੀ ਦਰਿਆ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਵਹਿ ਰਿਹਾ ਹੈ।
ਇਸ ਵਿੱਚ 7-8 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ, ਜਦਕਿ ਸਮਰੱਥਾ 2 ਲੱਖ ਕਿਊਸਿਕ ਤੋਂ ਵੱਧ ਹੈ।
ਰਣਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ ਵੀ ਰਾਵੀ ਵਿੱਚ ਆਉਂਦਾ ਹੈ, ਪਰ ਹਾਲਾਤ ਨਿਯੰਤਰਣ 'ਚ ਹਨ।
ਰਣਜੀਤ ਸਾਗਰ ਡੈਮ ਦੀ ਹਾਲਤ
ਡੈਮ ਦੀ ਸਮਰੱਥਾ 527 ਮੀਟਰ ਹੈ, ਇਸ ਵੇਲੇ ਪਾਣੀ 496.6 ਮੀਟਰ ਹੈ।
ਪਹਾੜਾਂ 'ਚੋਂ 2400 ਕਿਊਸਿਕ ਪਾਣੀ ਆ ਰਿਹਾ ਹੈ, ਪਰ 6200 ਕਿਊਸਿਕ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ।
ਡੈਮ ਵਿੱਚ ਖਤਰੇ ਦੀ ਕੋਈ ਸਥਿਤੀ ਨਹੀਂ, ਹਾਲਾਤ ਤਸੱਲੀਬਖ਼ਸ਼ ਹਨ।
ਬਿਆਸ ਦਰਿਆ ਦੀ ਸਥਿਤੀ
ਬਿਆਸ ਦਰਿਆ ਵਿੱਚ 17 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ, ਜਦਕਿ ਸਮਰੱਥਾ 1 ਲੱਖ ਕਿਊਸਿਕ ਤੋਂ ਵੱਧ ਹੈ।
ਚੱਕੀ ਦਰਿਆ, ਪੌਂਗ ਡੈਮ ਅਤੇ ਹੋਰ ਨਾਲਿਆਂ ਦਾ ਪਾਣੀ ਵੀ ਬਿਆਸ ਵਿੱਚ ਮਿਲਦਾ ਹੈ, ਪਰ ਹਾਲਾਤ ਨਿਯੰਤਰਣ 'ਚ ਹਨ।
ਪਿਛਲੇ ਕੁਝ ਸਾਲਾਂ 'ਚ ਹੋਏ ਨੁਕਸਾਨ ਤੋਂ ਬਾਅਦ ਧੁੱਸੀ ਬੰਨ ਨੂੰ ਮਜ਼ਬੂਤ ਕੀਤਾ ਗਿਆ ਹੈ।
ਪੌਂਗ ਡੈਮ ਦੀ ਸਥਿਤੀ
ਪੌਂਗ ਡੈਮ ਵਿੱਚ 1390 ਫੁੱਟ ਤੱਕ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ, ਇਸ ਸਮੇਂ 1321 ਫੁੱਟ ਪਾਣੀ ਹੈ।
30000 ਕਿਊਸਿਕ ਪਾਣੀ ਆ ਰਿਹਾ, 10 ਹਜ਼ਾਰ ਕਿਊਸਿਕ ਛੱਡਿਆ ਜਾ ਰਿਹਾ ਹੈ।
ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ, ਹਾਲਾਤ ਨਿਯੰਤਰਣ 'ਚ ਹਨ।
ਪ੍ਰਸ਼ਾਸਨ ਦੀ ਤਿਆਰੀ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਅਨੁਸਾਰ, ਹੜ੍ਹ ਰੋਕੂ ਪ੍ਰਬੰਧ ਪੂਰੇ ਹਨ, ਕੰਟਰੋਲ ਰੂਮ ਚਾਲੂ ਹੈ।
ਇਰੀਗੇਸ਼ਨ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਚੌਕਸ ਹਨ, ਧੁੱਸੀ ਬੰਨ ਦੀ ਨਿਗਰਾਨੀ ਜਾਰੀ ਹੈ।
ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਬਰਾਉਣ ਦੀ ਲੋੜ ਨਹੀਂ, ਪਰ ਚੌਕਸੀ ਜ਼ਰੂਰ ਬਣਾਈ ਰੱਖਣ।