Big Update: Happy Passia ਨੂੰ ਭਾਰਤ ਲਿਆਉਣ ਦੀ ਤਿਆਰੀ!
ਅਮਰੀਕੀ ਏਜੰਸੀ ਨੇ 17 ਅਪ੍ਰੈਲ ਨੂੰ ਹੈਪੀ ਪਾਸੀਆ ਨੂੰ ਸੈਕਰਾਮੈਂਟੋ ਤੋਂ ਹਿਰਾਸਤ ਵਿੱਚ ਲਿਆ ਸੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਜੁਲਾਈ 2025- ਬੱਬਰ ਖਾਲਸਾ ਦੇ ਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨੂੰ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਅੱਤਵਾਦ ਅਤੇ ਗੈਂਗਸਟਰ ਨੈੱਟਵਰਕ ਦੀ ਕੜੀ ਤੋੜਨ ਵਿੱਚ ਮਦਦ ਮਿਲੇਗੀ।
ਦੱਸਣਯੋਗ ਹੈ ਕਿ ਅਮਰੀਕੀ ਏਜੰਸੀ FBI ਨੇ 17 ਅਪ੍ਰੈਲ ਨੂੰ ਹੈਪੀ ਪਾਸੀਆ ਨੂੰ ਸੈਕਰਾਮੈਂਟੋ ਤੋਂ ਹਿਰਾਸਤ ਵਿੱਚ ਲਿਆ ਸੀ। FBI ਨੇ ਗ੍ਰਿਫਤਾਰੀ ਦੀ ਫੋਟੋ ਵੀ ਜਾਰੀ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਹ ਭਾਰਤ ਵਿੱਚ ਹੋਏ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ।
ਹੈਪੀ ਪਾਸੀਆ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਆਪਣੀ ਪਛਾਣ ਲੁਕਾਉਣ ਲਈ ਬਰਨਰ ਫੋਨ ਦੀ ਵਰਤੋਂ ਕਰਦਾ ਸੀ। ਫਿਲਹਾਲ ਉਹ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੀ ਹਿਰਾਸਤ 'ਚ ਹੈ।
ਹੈਪੀ ਪਾਸੀਆ 'ਤੇ NIA ਨੇ ਐਲਾਨਿਆ ਸੀ 5 ਲੱਖ ਰੁਪਏ ਦਾ ਇਨਾਮ
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਨਵਰੀ 2025 ਵਿੱਚ ਹੈਪੀ ਪਾਸੀਆ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਸਨੂੰ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਘੋਸ਼ਿਤ ਕੀਤਾ ਗਿਆ ਸੀ। ਉਸਨੂੰ ਐਨਆਈਏ ਦੀ ਵੈੱਬਸਾਈਟ 'ਤੇ ਉਸਦੀ ਫੋਟੋ ਦੇ ਨਾਲ 'ਵਾਂਟੇਡ' ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।