Canada: ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ‘ਕੈਨੇਡਾ ਡੇ’ ਵਿਸ਼ੇਸ਼ ਅੰਕ ਰਿਲੀਜ਼ ਸਮਾਗਮ
ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰੀ ਨਾਲ ਸੰਬੰਧਿਤ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਹਰਦਮ ਮਾਨ
ਸਰੀ, 8 ਜੁਲਾਈ 2025-ਸਰੀ ਤੋਂ ਛਪਦੇ ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਵੱਲੋਂ ‘ਕੈਨੇਡਾ ਡੇ’ ‘ਤੇ ਪ੍ਰਕਾਸ਼ਿਤ ਵਿਸ਼ੇਸ਼ ਅੰਕ ਰਿਲੀਜ਼ ਕਰਨ ਲਈ ਬੀਤੇ ਦਿਨ ਪਿਕਸ ਦੇ ਮੁੱਖ ਦਫਤਰ ਸਰੀ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਅੰਕ ਵਿਚ 'ਪਿਕਸ' (PICS) ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ 'ਲੋਇਲ ਕੈਨੇਡੀਅਨ ਮੂਵਮੈਂਟ' ਨੂੰ ਕਵਰ ਪੇਜ ’ਤੇ ਦਰਸਾਇਆ ਗਿਆ ਹੈ। ਇਸ ਸਮਾਗਮ ਵਿੱਚ ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰੀ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ।
ਮੈਗਜ਼ੀਨ ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਐਮ ਪੀ ਸੁਖ ਧਾਲੀਵਾਲ, ਐਮ ਐਲ ਏ ਸੁਨੀਤਾ ਧੀਰ, ਐਮ ਐਲ ਏ ਸਟੀਵ ਕੂਨਰ, ਕੌਸਲਰ ਲਿੰਡਾ ਐਨਿਸ, ਸਰੀ ਬੋਰਡ ਆਫ ਟਰੇਡ ਦੀ ਸੀਈਓ ਇੰਦਰਾ ਭਾਨ, ਡਾ ਵਿਵੇਕ ਸਾਵੁਕਰ, ਸੀਨੀਅਰ ਪੱਤਰਕਾਰ: ਕੁਲਦੀਪ ਸਿੰਘ, ਪ੍ਰੋ. ਸੀ.ਜੇ. ਸਿੱਧੂ, ਸੁਖਵਿੰਦਰ ਸਿੰਘ ਚੋਹਲਾ, ਸੰਦੀਪ ਸਿੰਘ ਧੰਜੂ, ਅਮਰ ਢਿੱਲੋਂ, ਨਵਲਪ੍ਰੀਤ ਸਿੰਘ ਰੰਗੀ, ਨਰੰਜਨ ਸਿੰਘ ਲੇਹਿਲ, ਹਰਜੀਤ ਰਿੱਕੀ, ਅਨਿਲ ਸ਼ਰਮਾ, ਦਮਨਜੀਤ ਸਿੰਘ ਬੱਸੀ, ਨਵਜੋਤ ਢਿੱਲੋਂ, ਸਮਾਜਕ ਕਾਰਕੁਨ ਬਲਜੀਤ ਸਿੰਘ ਰਾਏ, ਅਮ੍ਰਿਤਪਾਲ ਸਿੰਘ ਢੋਟ, ਐਡਵੋਕੇਟ ਅਵਤਾਰ ਸਿੰਘ ਧਨੋਆ, ਰਵੀ ਕੋਛਰ (ਬ੍ਰਾਂਚ ਮੈਨੇਜਰ, ਟੀ.ਡੀ. ਬੈਂਕ), ਪਾਕਿਸਤਾਨ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਾਇ ਅਜ਼ੀਜ਼ ਉੱਲਾ ਖਾਨ ਅਤੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਜੈ ਬਿਰਦੀ ਨੇ ਡਾ. ਜਸਵਿੰਦਰ ਦਿਲਾਵਰੀ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਡਾ. ਦਿਲਾਵਰੀ ਵੱਲੋਂ ਸਮਾਜਿਕ ਅਤੇ ਪੱਤਰਕਾਰੀ ਖੇਤਰ ਵਿੱਚ ਪਾਏ ਨਿੱਗਰ ਯੋਗਦਾਨ ਦੀ ਸਲਾਘਾ ਕੀਤੀ।
ਅੰਤ ਵਿਚ ਡਾ. ਜਸਵਿੰਦਰ ਦਿਲਾਵਰੀ ਨੇ ਸਮਾਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮੈਗਜ਼ੀਨ ਮੇਰਾ ਸ਼ੌਕ ਹੈ। ਕਮਾਈ ਦਾ ਸਾਧਨ ਨਹੀਂ। ਇਸ ਮੈਗਜ਼ੀਨ ਦਾ ਮਕਸਦ ਹੀ ਚੰਗੇਰੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਨਾ ਅਤੇ ਕਮਿਊਨਿਟੀ ਤੱਕ ਪਹੁੰਚਾਉਣਾ ਹੈ। ਇਸ ਵਾਰ ਮੈਗਜ਼ੀਨ ਨੇ 'ਪਿਕਸ' (PICS) ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ 'ਲੋਇਲ ਕੈਨੇਡੀਅਨ ਮੂਵਮੈਂਟ' ਵਿੱਚ ਭਾਗ ਲੈ ਕੇ ਕੈਨੇਡੀਅਨ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਅਤੇ ਵਿਕਸਿਤ ਬਣਾਉਣ ਦੇ ਸੰਦੇਸ਼ ਨੂੰ ਉਭਾਰਿਆ ਹੈ। ਉਹਨਾਂ ਸਾਰੇ ਸਹਿਯੋਗੀਆਂ ਅਤੇ ਮੈਗਜ਼ੀਨ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਹੱਲਾਸ਼ੇਰੀ ਨਾਲ ਹੀ ਅਸੀਂ ਆਪਣੀ ਕਮਿਊਨਿਟੀ ਤੱਕ ਕੁਝ ਚੰਗਾ ਪਹੁੰਚਾਉਣ ਦੇ ਕਾਬਲ ਹੋਏ ਹਾਂ। ਉਹਨਾਂ ਪਿਕਸ ਦੇ ਸੀ.ਈ.ਓ. ਸਤਬੀਰ ਚੀਮਾ, ਫਲਕ ਬੇਤਾਬ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਗਜ਼ੀਨ ਨੂੰ ਆਪਣੀ ਮੁਹਿੰਮ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ।