ਵੱਡੀ ਖ਼ਬਰ: ਬਠਿੰਡਾ 'ਚ ਦਿਨ-ਦਿਹਾੜੇ 20 ਲੱਖ ਦੀ ਲੁੱਟ
ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2025: ਬਠਿੰਡਾ ਦੀ ਅਮਰੀਕ ਸਿੰਘ ਰੋਡ ਤੇ ਅੱਜ ਦਿਨ ਦਿਹਾੜੇ ਲੁਟੇਰਿਆਂ ਨੇ ਇੱਕ ਮਨੀ ਐਕਸਚੇਂਜਰ ਡਾ ਕਾਰੋਬਾਰ ਕਰਨ ਵਾਲੇ ਦੋ ਐਕਟਿਵਾ ਸਵਾਰ ਵਿਅਕਤੀਆਂ ਕੋਲੋਂ 20 ਲੱਖ ਰੁਪਏ ਦੀ ਨਗਦੀ ਖੋਹ ਲਈ ਅਤੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਮਨੀ ਐਕਸਚੇਂਜ ਦਾ ਕਾਰੋਬਾਰ ਕਰਨ ਵਾਲੇ ਦੋ ਸਕੂਟਰੀ ਸਵਾਰ 20 ਲੱਖ ਰੁਪਏ ਨਕਦੀ ਲੈ ਕੇ ਜੁਝਾਰ ਸਿੰਘ ਨਗਰ ਤਰਫ਼ ਜਾ ਰਹੇ ਸਨ।
ਇੰਨੇ ’ਚ ਪਿੱਛੋਂ ਆਈ ਇੱਕ ਕਾਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਤਾਂ ਦੋਵੇਂ ਸਵਾਰ ਸੜਕ ’ਤੇ ਡਿੱਗ ਪਏ। ਫ਼ੁਰਤੀ ਨਾਲ ਕਾਰ ’ਚੋਂ ਨਿੱਕਲੇ ਨਿਹੰਗ ਪਹਿਰਾਵੇ ਵਾਲੇ ਲੁਟੇਰਿਆਂ ਨੇ ਸਕੂਟਰੀ ਸਵਾਰਾਂ ਦੀ ਪੁੜਪੜੀ ’ਤੇ ਪਿਸਤੌਲ ਤਾਣ ਕੇ ਗੋਲੀਆਂ ਮਾਰਨ ਦਾ ਡਰਾਵਾ ਦੇ ਕੇ, ਨਕਦੀ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ।
ਇਸ ਦੌਰਾਨ ਡਰਦੇ ਮਾਰਿਆਂ ਸਕੂਟਰੀ ਸਵਾਰਾਂ ਨੇ ਨਕਦੀ ਉਨ੍ਹਾਂ ਸੌਂਪ ਦਿੱਤੀ, ਤਾਂ ਕਾਰ ਸਵਾਰ ਨਕਦੀ ਸਮੇਤ ਸਕੂਟਰੀ ਦੀ ਚਾਬੀ ਆਪਣੇ ਨਾਲ ਲੈ ਕੇ ਉਥੋਂ ਰਫ਼ੂ ਚੱਕਰ ਹੋ ਗਏ। ਘਟਨਾ ਤੋਂ ਕੁੱਝ ਕੁ ਵਕਫ਼ੇ ਬਾਅਦ ਹੀ ਪੁਲੀਸ ਦੇ ਆਹਲਾ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਗਏ।
ਇਸ ਦੇ ਨਾਲ ਹੀ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪੁਲੀਸ ਵੱਲੋਂ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਦੀ ਕਵਾਇਦ ਆਰੰਭ ਕਰ ਦਿੱਤੀ ਗਈ। ਅਧਿਕਾਰੀਆਂ ਵੱਲੋਂ ਦੋਸ਼ੀਆਂ ਦੀ ਸ਼ਨਾਖਤ ਅਤੇ ਮਾਮਲੇ ਦੀ ਬਾਰੀਕੀ ਨਾਲ ਘੋਖ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ਤੇ ਪੁੱਜੇ ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਦੀਆਂ ਟੀਮਾਂ ਨੇ ਸਤੀਕੀ ਦਾ ਜਾਇਜ਼ਾ ਲਿਆ ਹੈ ਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।