ਆਹਲੀ ਕਲਾਂ ਦਾ ਐਡਵਾਂਸ ਬੰਨ੍ਹ ਬਚਾਉਣ ਵਿੱਚ ਡਟੇ ਸੰਤ ਸੀਚੇਵਾਲ
* ਬੰਨ੍ਹ ਦੀ ਮਜ਼ਬੂਤੀ ਲਈ ਸੰਤ ਸੀਚੇਵਾਲ ਨੇ ਖੁਦ ਚੁੱਕੇ ਬੋਰੇ
* ਇਲਾਕੇ ਦੇ ਲੋਕਾਂ ਨੂੰ ਸਹਿਯੋਗ ਦੇਣ ਦਾ ਸੱਦਾ
* ਦੋ ਕਿਸ਼ਤੀਆਂ ਪਹਿਲੇ ਦਿਨ ਤੋਂ ਹੀ ਸੇਵਾ ਵਿੱਚ ਲੱਗੀਆਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 19 ਅਗਸਤ 2025 - ਪਿੰਡ ਆਹਲੀ ਕਲਾਂ ਵਿਖੇ ਬਿਆਸ ਦਰਿਆ ਦੇ ਐਡਵਾਂਸ ਬੰਨ੍ਹ ਨੂੰ ਲਗਾਤਾਰ ਲੱਗ ਰਹੀ ਢਾਅ ਨੂੰ ਰੋਕਣ ਲਈ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣ। ਇਸ ਬੰਨ੍ਹ ਦੀ ਮਜ਼ਬੂਤੀ ਨੇ 35 ਪਿੰਡਾਂ ਨੂੰ ਹੜ੍ਹ ਦੀ ਕਰੋਪੀ ਤੋਂ ਬਚਾਇਆ ਹੈ। ਉਹਨਾਂ ਆਹਲੀ ਕਲਾਂ ਵਿੱਚ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਲੋਕਾਂ ਦੀ ਹੌਸਲਾ ਅਫਜਾਈ ਕਰਦਿਆ ਕਿਹਾ ਕਿ ਉਹਨਾਂ ਦੀ ਮੁਸ਼ਤੈਦੀ ਕਾਰਣ ਹਾਲ ਦੀ ਘੜੀ ਐਡਵਾਂਸ ਬੰਨ੍ਹ ਟੱੁਟਣ ਤੋਂ ਬਚ ਗਿਆ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਸਾਲ 2023 ਵਿੱਚ ਇਹ ਬੰਨ੍ਹ ਟੁੱਟਣ ਕਾਰਣ ਇਸ ਇਲਾਕੇ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਤੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵਾਰ ਵੀ ਸਥਿਤੀ ਗੰਭੀਰ ਹੈ ਅਤੇ ਕਿਸਾਨ ਆਪਣੇ ਖੇਤਾਂ, ਸਮਾਨ ਅਤੇ ਪਸ਼ੂਆਂ ਨੂੰ ਲੈ ਕੇ ਬਹੁਤ ਚਿੰਤਤ ਹਨ।
ਬਿਆਸ ਦਰਿਆ ਦੇ ਉਛਾਲ ਨਾਲ ਧੁੱਸੀ ਬੰਨ੍ਹ ਦੇ ਅੰਦਰ 500 ਤੋਂ 600 ਫੁੱਟ ਲੰਬੇ ਐਡਵਾਂਸ ਧੁੱਸੀ ਬੰਨ੍ਹ ਨੂੰ ਢਾਅ ਲੱਗ ਰਹੀ ਹੈ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨਾਲ ਮਿਲਕੇ ਐਡਵਾਂਸ ਬੰਨ੍ਹ ਨੂੰ ਸੁਰੱਖਿਅਤ ਕਰਨ ਲਈ ਕਮਾਨ ਸਾਂਭੀ ਹੋਈ ਹੈ। ਸੰਤ ਸੀਚੇਵਾਲ ਵੱਲੋਂ ਬੰਨ੍ਹ ਦੀ ਮਜ਼ਬੂਤੀ ਲਈ ਖੁਦ ਬੋਰੇ ਚੁੱਕੇ ਜਾ ਰਹੇ ਹਨ ਤੇ ਪਿੰਡਾਂ ਵਿੱਚ ਬੋਰੀਆਂ ਇੱਕਠੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਆਹਲੀ ਕਲਾਂ ਦੇ ਐਡਵਾਸ ਬੰਨ੍ਹ ਤੇ ਹਜ਼ਾਰ ਤੋਂ ਵੱਧ ਬੋਰੇ ਭਰੇ ਜਾ ਚੁਕੇ ਹਨ ਤੇ ਲਗਾਤਰ ਮਿੱਟੀ ਦੇ ਬੋਰੇ ਦੇ ਕਰੇਟ ਬਣਾ ਕਿ ਬੰਨ੍ਹ ਦੇ ਨਾਲ ਸੁਟੇ ਜਾ ਰਹੇ ਹਨ।
ਪਿੰਡ ਬਾਊਪੁਰ ਦੇ ਕਿਸਾਨ ਜਰਨੈਲ ਸਿੰਘ ਸਮੇਤ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ, ਉਹਨਾਂ ਨੇ ਹਜ਼ਾਰਾਂ ਏਕੜ ਖੇਤੀਬਾੜੀ ਜ਼ਮੀਨ 'ਤੇ ਝੋਨੇ ਦੀ ਫ਼ਸਲ ਬੀਜੀ ਸੀ, ਜੋ ਬਿਆਸ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਤਬਾਹ ਹੋ ਗਈ ਹੈ ਅਤੇ ਹੁਣ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਵੀ ਕੀਤੇ ਹੜ੍ਹ ਦੀ ਭੇਟ ਨਾ ਚੜ੍ਹ ਜਾਣ।
*ਬਾਕਸ ਆਈਟਮ : ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਿਸ਼ਤੀ ਰਾਹੀ ਰੋਜ਼ਾਨਾ ਪਹੁੰਚ ਕਰ ਰਹੇ ਹਨ ਸੰਤ ਸੀਚੇਵਾਲ*
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਪਹਿਲੇ ਦਿਨ ਤੋਂ ਐਡਵਾਂਸ ਬੰਨ੍ਹ ਦੇ ਨਾਲ ਲਗਦੇ ਪਿੰਡਾਂ ਵਿੱਚ ਰਾਹਤ ਕਾਰਜਾਂ ਨੂੰ ਲੈ ਕੇ ਸੇਵਾਦਾਰਾਂ ਨਾਲ ਕਮਾਨ ਸਾਂਭੀ ਹੋਈ ਹੈ। ਉਹਨਾਂ ਵੱਲੋਂ ਰੋਜ਼ਾਨਾ ਚੱਪੂ ਚਲਾ ਕਿ ਕਈ ਕਿਲੋਮੀਟਰ ਦੇ ਇਲਾਕੇ ਜੋ ਪਾਣੀ ਨਾਲ ਪ੍ਰਭਾਵਿਤ ਹਨ, ਉੱਥੋਂਂ ਤੱਕ ਕਿਸ਼ਤੀ ਰਾਹੀ ਪਹੁੰਚ ਕੀਤੀ ਜਾ ਰਹੀ ਹੈ ਤੇ ਲੋਕਾਂ ਤੱਕ ਲੋੜੀਂਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਕਸਾਵੇਟਰ ਮਸ਼ੀਨ, ਜੇ.ਸੀ.ਬੀ ਮਸ਼ੀਨ ਅਤੇ 2 ਕਿਸ਼ਤੀਆਂ ਰਾਹੀ ਕਾਰਸੇਵਕਾਂ ਦੀ ਪੱਕੀ ਡਿਊਟੀ ਵੀ ਲਗਾਈ ਹੋਈ ਹੈ। ਜੋ ਲਗਾਤਾਰ ਸਥਿਤੀ ਤੇ ਨਿਗਰਾਨੀ ਰੱਖ ਰਹੇ ਹਨ ਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਦੀ ਕਰ ਰਹੇ ਹਨ।