BKU (ਏਕਤਾ-ਉਗਰਾਹਾਂ) ਵੱਲੋਂ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਵਧਵੀਂ ਸੂਬਾਈ ਮੀਟਿੰਗ ਵਿੱਚ ਜਥੇਬੰਦੀ ਅਤੇ ਮੁੱਖ ਆਗੂਆਂ ਦੀ ਸੁਰੱਖਿਆ ਅਤੇ ਮਜ਼ਬੂਤੀ ਦਾ ਸੱਦਾ
- ਇਸ ਖਾਤਰ 14 ਸਤੰਬਰ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ "ਰਾਖੀ ਕਰੋ ਰੈਲੀ" ਅਤੇ 24 ਅਗਸਤ ਦੀ ਸਾਂਝੀ ਜੇਤੂ ਰੈਲੀ ਸਮਰਾਲਾ ਵਿਖੇ ਵਹੀਰਾਂ ਘੱਤ ਕੇ ਪਹੁੰਚਣ ਦਾ ਹੋਕਾ
ਬਰਨਾਲਾ 19 ਅਗਸਤ 2025 - ਅੱਜ ਇੱਥੇ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਸੂਬਾਈ ਵਧਵੀਂ ਮੀਟਿੰਗ ਦੌਰਾਨ ਜਥੇਬੰਦੀ ਅਤੇ ਮੁੱਖ ਆਗੂਆਂ ਦੀ ਸੁਰੱਖਿਆ ਅਤੇ ਮਜ਼ਬੂਤੀ ਲਈ ਜ਼ੋਰਦਾਰ ਹੰਭਲਾ ਮਾਰਨ ਸੱਦਾ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ਗ਼ਦਰੀ ਗੁਲਾਬ ਕੌਰ ਨੂੰ ਉਨ੍ਹਾਂ ਦੀ ਸੌਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਅਤੇ ਫੁੱਲਾਂ ਦੀ ਭੇਂਟ ਰਾਹੀਂ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਮੀਟਿੰਗ ਵਿੱਚ ਜਥੇਬੰਦੀ ਦੇ ਸਮੂਹ ਜ਼ਿਲ੍ਹਿਆਂ, ਬਲਾਕਾਂ ਅਤੇ ਪਿੰਡ ਇਕਾਈਆਂ ਦੇ ਚੁਣੇ ਹੋਏ ਕਮੇਟੀ ਮੈਂਬਰ ਔਰਤਾਂ ਤੇ ਨੌਜਵਾਨ ਆਗੂਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਲ ਹੋਏ।
ਉਗਰਾਹਾਂ ਨੇ ਦੱਸਿਆ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਸਾਡੀ ਜਥੇਬੰਦੀ ਨੂੰ ਚੋਣਵਾਂ ਨਿਸ਼ਾਨਾ ਬਣਾ ਕੇ ਜ਼ਿਲ੍ਹਾ ਬਲਾਕ ਪਿੰਡ ਪੱਧਰ ਤੱਕ ਦੇ ਮੁੱਖ ਆਗੂਆਂ ਦੀਆਂ ਰਿਸ਼ਤੇਦਾਰੀਆਂ ਸਮੇਤ ਸਾਰੇ ਟਿਕਾਣਿਆਂ ਦੀਆਂ ਲਿਸਟਾਂ ਬਣਾ ਕੇ ਅਤੇ ਪੁਰਾਣੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੇਸਾਂ ਦੀਆਂ ਫਾਈਲਾਂ ਕਢਵਾ ਕੇ ਜੋਰਦਾਰ ਜਾਬਰ ਹੱਲੇ ਬੋਲਣ ਦਾ ਬੰਨ੍ਹਸੁੱਬ ਤਿਆਰ ਕੀਤਾ ਜਾ ਰਿਹਾ ਹੈ। ਕਿਉਂਕਿ ਸਮੁੱਚਾ ਰਾਜਸੀ ਪ੍ਰਬੰਧ ਸਾਡੀ ਜਥੇਬੰਦੀ ਨੂੰ ਜ਼ਮੀਨਾਂ ਬਚਾਉਣ ਤੇ ਜ਼ਮੀਨੀ ਸੁਧਾਰ ਲਾਗੂ ਕਰਕੇ ਫਾਲਤੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ 'ਚ ਵੰਡਣ ਸਮੇਤ ਫਸਲਾਂ ਦੀ ਲੁੱਟ ਰੋਕਣ ਵਰਗੇ ਬੁਨਿਆਦੀ ਮੁੱਦਿਆਂ ਉੱਤੇ ਸਿਰਕੱਢ ਰੋਲ ਅਦਾ ਕਰ ਰਹੀ ਹੈ ਅਤੇ ਜਾਨ ਹੂਲਵੇਂ ਜੇਤੂ ਘੋਲਾਂ ਦੀ ਅਗਵਾਈ ਕਰਨ ਵਿੱਚ ਸਭ ਤੋਂ ਮੋਹਰੀ ਆਗੂ ਰੋਲ ਦੀ ਮੁੱਦਈ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸਮੂਹ ਹਾਜ਼ਰ ਆਗੂਆਂ ਨੂੰ ਸਰਕਾਰਾਂ ਦੀਆਂ ਅਜਿਹੇ ਜਾਬਰ ਹੱਲੇ ਦੀਆਂ ਸਿਰ ਖੜ੍ਹੀਆਂ ਤਿਆਰੀਆਂ ਨੂੰ ਮਾਤ ਦੇਣ ਲਈ ਵਿਸ਼ਾਲ ਤੋਂ ਵਿਸ਼ਾਲ ਕਿਸਾਨ ਮਜ਼ਦੂਰ ਜਨਤਾ ਨੂੰ ਜਾਗ੍ਰਿਤ ਕਰਨ ਅਤੇ ਕਰੜੇ ਸੰਘਰਸ਼ਾਂ ਦੇ ਮੈਦਾਨ 'ਚ ਕੁੱਦਣ ਲਈ ਤਿਆਰ ਬਰ ਤਿਆਰ ਕਰਨ ਦਾ ਸੱਦਾ ਦਿੱਤਾ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵੱਲੋਂ ਰਾਖੀ ਕਰੋ ਰੈਲੀ ਦੀਆਂ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਸੰਘਰਸ਼ਾਂ ਨੂੰ ਕੁਚਲਣ ਲਈ ਸਾਡੀ ਜਥੇਬੰਦੀ ਉੱਤੇ ਹਮਲਾ ਬੋਲਣ ਦੀਆਂ ਗੋਂਦਾਂ ਬੰਦ ਕਰੋ। ਕਿਸਾਨ ਆਗੂਆਂ 'ਤੇ ਮੜ੍ਹੇ ਝੂਠੇ ਕੇਸ ਰੱਦ ਕਰੋ, ਨਜ਼ਰਬੰਦ ਆਗੂ ਰਿਹਾਅ ਕਰੋ ਅਤੇ ਔਰਤ ਆਗੂਆਂ ਉੱਤੇ ਰਾਮਪੁਰਾ ਥਾਣੇ ਵਿੱਚ ਜਬਰ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ। ਸਮੁੱਚੇ ਖੇਤੀ ਖੇਤਰ ਉੱਤੇ ਦੇਸੀ ਬਦੇਸ਼ੀ ਸਾਮਰਾਜੀ ਤਾਕਤਾਂ ਦੇ ਕਬਜ਼ੇ ਕਰਾਉਣ ਲਈ ਲੈਂਡ ਪੂਲਿੰਗ ਵਰਗੀਆਂ ਸਭ ਨੀਤੀਆਂ ਰੱਦ ਕਰੋ। ਜ਼ਮੀਨੀ ਸੁਧਾਰ ਲਾਗੂ ਕਰਕੇ ਫਾਲਤੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਵਿੱਚ ਵੰਡੋ।
ਕਾਬਜ਼ ਮੁਜਾਰਿਆਂ ਤੇ ਆਬਾਦਕਾਰਾਂ ਨੂੰ ਮਾਲਕੀ ਹੱਕ ਤੁਰੰਤ ਦਿਓ। ਸੰਸਾਰ ਬੈਂਕ ਦੀ ਕਾਰਪੋਰੇਟ ਪੱਖੀ ਲੈਂਡ ਬੈਂਕ ਨੀਤੀ ਰੱਦ ਕਰੋ। ਅਖੌਤੀ ਹਰੇ ਇਨਕਲਾਬ ਦੀ ਸਾਮਰਾਜੀ ਲੁੱਟ ਅਧਾਰਿਤ ਖੇਤੀ ਨੀਤੀ ਰੱਦ ਕਰਕੇ ਫ਼ਸਲੀ ਵਿਭਿੰਨਤਾ, ਕਿਸਾਨ ਮਜ਼ਦੂਰ ਪੱਖੀ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾ ਕੇ ਤੁਰੰਤ ਲਾਗੂ ਕਰੋ। ਇਸ ਤੋਂ ਇਲਾਵਾ ਬੁਲਾਰਿਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੁਆਰਾ 24 ਅਗਸਤ ਨੂੰ ਸਮਰਾਲਾ ਵਿਖੇ ਲੈਂਡ ਪੂਲਿੰਗ ਵਿਰੁੱਧ ਸੰਘਰਸ਼ ਸੰਬੰਧੀ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਪੂਰੇ ਪੰਜਾਬ ਵਿੱਚੋਂ ਵਹੀਰਾਂ ਘੱਤ ਕੇ ਪਹੁੰਚਣ ਦਾ ਹੋਕਾ ਦਿੱਤਾ ਗਿਆ।