ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਵਫਦ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਮਿਲਿਆ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ 2025 - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਗੁਰਦਾਸਪੁਰ ਦਾ ਵਫਦ ਜਿਲ੍ਹਾ ਪ੍ਰਧਾਨ ਕੁਲਦੀਪ ਪੂਰੋਵਾਲ, ਅਨਿਲ ਕੁਮਾਰ ਅਤੇ ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਅਧਿਆਪਕ ਮੰਗਾਂ ਦੇ ਸਬੰਧ ਵਿੱਚ ਮਿਲਿਆ।ਅਧਿਆਪਕ ਆਗੂਆਂ ਨੇ ਈ ਟੀ ਟੀ ਤੋਂ ਮਾਸਟਰ ਕੇਡਰ ਤਰੱਕੀਆਂ ਦੇ ਭੇਜੇ ਕੇਸਾਂ ਵਿੱਚ ਅਧਿਆਪਕਾਂ ਦੇ ਨਾਮ ਸ਼ਾਮਿਲ ਹੋਣ ਤੋਂ ਰਹਿ ਜਾਣ ਸਬੰਧੀ , ਅਧਿਆਪਕਾਂ ਦੀਆਂ ਬਦਲੀਆਂ ਵਿੱਚ ਸਟੇਸ਼ਨ ਚੋਣ ਵਿੱਚ ਭਰੇ ਹੋਏ ਸਟੇਸ਼ਨ ਵੀ ਖਾਲੀ ਦਰਸਾਉਣ ਬਾਰੇ ਅਤੇ ਅਧਿਆਪਕਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਸਮੇਂ ਸਿਰ ਪਰਵਾਨ ਕਰਨ ਸਬੰਧੀ ਗੱਲਬਾਤ ਕੀਤੀ।
ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਵਫਦ ਨੂੰ ਭੇਜੇ ਗਏ ਕੇਸਾਂ ਦੀ ਲਿਸਟ ਦੇਣ ਅਤੇ ਕਿਸੇ ਵੀ ਅਧਿਆਪਕ ਦਾ ਨਾਮ ਲਿਸਟ ਵਿੱਚ ਸ਼ਾਮਿਲ ਹੋਣ ਤੋਂ ਨਹੀਂ ਰਹਿਣ ਦਿੱਤੇ ਜਾਣ ਦਾ ਭਰੋਸਾ ਦਿੱਤਾ ਅਤੇ ਦੱਸਿਆ ਕਿ ਜੇਕਰ ਕਿਸੇ ਅਧਿਆਪਕ ਦਾ ਨਾਮ ਲਿਸਟ ਵਿੱਚ ਸ਼ਾਮਿਲ ਹੋਣ ਤੋਂ ਰਹਿ ਗਿਆ ਹੈ ਤਾਂ ਉਹ ਕੱਲ੍ਹ ਤੱਕ ਨਾਮ ਬਲਾਕ ਸਿੱਖਿਆ ਅਫ਼ਸਰ ਰਾਹੀਂ ਭੇਜ ਸਕਦੇ ਹਨ। ਬਦਲੀਆਂ ਵਿੱਚ ਭਰੇ ਹੋਏ ਸਟੇਸ਼ਨ ਜਿਵੇਂ ਉਦਾਹਰਣ ਵਜੋਂ ਹੈੱਡ ਟੀਚਰ ਦੀਆਂ ਆਸਾਮੀਆਂ ਸਰਕਾਰੀ ਪ੍ਰਾਇਮਰੀ ਸਕੂਲ ਬਲ ਬਲਾਕ ਧਰੀਵਾਲ 2 ਸਰਕਾਰੀ ਪ੍ਰਾਇਮਰੀ ਸਕੂਲ ਖਿੱਚੀਆਂ, ਸਰਕਾਰੀ ਪ੍ਰਾਇਮਰੀ ਸਕੂਲ ਅਲੇਚਕ ਆਦਿ ਕਈ ਸਟੇਸ਼ਨ ਭਰੇ ਹੋਣ ਦੇ ਬਾਵਜ਼ੂਦ ਖਾਲੀ ਦਰਸਾਉਣ ਬਾਰੇ ਉਹਨਾਂ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜੱਥੇਬੰਦੀਆਂ ਵੱਲੋਂ ਸਾਲ 2023/24,2024/25 ਅਤੇ ਪਿਛਲੇ ਸਮੇਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਨੂੰ ਪ੍ਰਵਾਨ ਕਰਨ ਬਾਰੇ ਕਿਹਾ ਗਿਆ ਜਿਸ ਸਬੰਧੀ ਉਹਨਾਂ ਕਿਸੇ ਵੀ ਅਧਿਆਪਕ ਨੂੰ ਸਾਲਾਨਾ ਗੁਪਤ ਰਿਪੋਰਟਾਂ ਸਬੰਧੀ ਮੁਸਕਿਲ ਨਾ ਆਉਣ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਵਫਦ ਵਿਚ ਵਿਜੇ ਕੁਮਾਰ, ਹਰਜੀਤ ਸਿੰਘ, ਸੁਪਿੰਦਰ ਸਿੰਘ, ਗਗਨ ਵੋਹਰਾ, ਗੁਰਮੀਤ, ਅਦਿੱਤੀ ਸ਼ਰਮਾ, ਸੁਖਵੰਤ ਕੌਰ, ਰੇਨੂੰ ਬਾਲਾ, ਰੁਪਿੰਦਰ ਕੌਰ, ਰਿੰਪਲ ਕੁਮਾਰ, ਪੁਨੀਤ ਸਾਰੰਗਲ ਆਦਿ ਸ਼ਾਮਿਲ ਸਨ।