ਪ੍ਰਸ਼ਾਸਨ ਦੀ ਸੁਸਤ ਕਰਗੁਜਾਰੀ ਖਿਲਾਫ ਬੇਬੇ ਨਾਨਕੀ ਅਰਬਨ ਸਟੇਟ ਭਲਾਈ ਸਭਾ ਨੇ ਖੋਲ੍ਹਿਆ ਮੋਰਚਾ
- ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਕੀਤੀ ਮੰਗ
- ਸੰਤ ਸੀਚੇਵਾਲ ਦੇ ਦਖਲ ਤੋਂ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ
- ਸਾਨੂੰ ਪ੍ਰਸ਼ਾਸਨ ਦੀ ਨੀਅਤ ਤੇ ਸ਼ੱਕ : ਢਿੱਲੋਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 19 ਅਗਸਤ 2025 - ਬੇਬੇ ਨਾਨਕੀ ਅਰਬਨ ਅਸਟੇਟ ਭਲਾਈ ਸਭਾ ਸੁਲਤਾਨਪੁਰ ਲੋਧੀ ਨੇ ਸਥਾਨਕ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਨਤਕ ਪਾਰਕ ਵਿੱਚ ਵਾਰ-ਵਾਰ ਹੁੰਦੇ ਨਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਨਾਲ ਨਜਿੱਠਣ ਵਿੱਚ ਢਿੱਲੀ ਕਾਰਗੁਜਾਰੀ ਜਾਰੀ ਰਹੀ ਤਾਂ ਉਹ ਅਦਾਲਤੀ ਮਾਨਹਾਣੀ ਦੀ ਕਾਰਵਾਈ ਸ਼ੁਰੂ ਕਰਨਗੇ। ਇਕ ਲਿਖਤੀ ਬਿਆਨ ਰਾਹੀਂ ਸਭਾ ਦੇ ਪ੍ਰਧਾਨ ਕੰਵਰਜੀਤ ਸਿੰਘ ਢਿੱਲੋ ਨੇ ਜਲੰਧਰ ਵਿਕਾਸ ਅਥਾਰਟੀ (ਪੁੱਡਾ ਵਿਭਾਗ) ਦੇ ਅਧਿਕਾਰੀਆਂ ਤੇ ਕਥਿਤ ਦੋਸ਼ ਲਗਾਇਆ ਕਿ ਉਹ ਜਮੀਨੀ ਹਕੀਕਤ ਨੂੰ ਨਜ਼ਰ ਅੰਦਾਜ਼ ਕਰਕੇ ਸਿਰਫ ਕਾਗਜ਼ੀ ਕਾਰਵਾਈ ਕਰਦੇ ਹੋਏ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ ਜਿਸ ਕਾਰਨ ਇਥੋਂ ਦੇ ਪੁੱਡਾ ਕਲੋਨੀ ਵਾਸੀਆਂ ਵਿੱਚ ਭਾਰੀ ਰੋਸ ਹੈ। ਉਹਨਾਂ ਦੱਸਿਆ ਕਿ ਸਭਾ ਨੂੰ ਇਸੇ ਪਾਰਕ ਨੂੰ ਖਾਲੀ ਕਰਵਾਉਣ ਲਈ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਕਰਨੀ ਪਈ ਸੀ ਜਿਸ ਤੋਂ ਬਾਅਦ ਜੇਡੀਏ ਨੇ ਇਕ ਹਲਫਨਾਮਾ ਦਾਇਰ ਕਰਕੇ ਕਬਜੇ ਹਟਾਉਣ ਦਾ ਦਾਅਵਾ ਕੀਤਾ ਸੀ।
ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਸਮੱਸਿਆ ਨਵੇਂ ਰੂਪਾਂ ਵਿੱਚ ਮੁੜ ਸਿਰ ਚੁੱਕ ਰਹੀ ਹੈ ਜਿਸ ਨਾਲ ਅਦਾਲਤੀ ਹੁਕਮਾਂ ਦੀ ਭਾਵਨਾ ਨੂੰ ਢਾਹ ਲੱਗ ਰਹੀ ਹੈ। ਪ੍ਰਸ਼ਾਸਨਿਕ ਅਣਗਹਿਲੀ ਦੀਆਂ ਉਦਾਹਰਨਾਂ ਦਿੰਦੇ ਹੋਏ ਢਿੱਲੋ ਨੇ ਦੱਸਿਆ ਕਿ 13 ਅਗਸਤ ਦੇ ਜੇਡੀਏ ਨੇ ਇੱਕ ਪੱਤਰ ਵਿੱਚ ਖੁਦ ਮੰਨਿਆ ਗਿਆ ਸੀ ਕਿ ਪਾਰਕ ਦੇ ਨਜ਼ਦੀਕ ਇੱਕ ਖਤਰਨਾਕ ਸੰਘਣੀ ਝਾੜੀ ਹੈ ਅਤੇ ਇਸ ਨੂੰ ਤਿੰਨ ਦਿਨਾਂ ਵਿੱਚ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਦਕਿ ਚਾਰ ਦਿਨ ਬਾਅਦ ਵੀ ਇਹ ਖਤਰਾ ਬਰਕਰਾਰ ਹੈ। ਕੁਝ ਲੋਕਾਂ ਨੇ ਨਜਾਇਜ਼ ਉਸਾਰੀ ਕੀਤੀ ਹੋਈ ਹੈ ।ਪ੍ਰਧਾਨ ਢਿੱਲੋ ਨੇ ਮੰਗ ਕੀਤੀ ਕਿ ਉਸ ਮੁਨਿਆਦ ਨੂੰ ਪੁੱਗਿਆਂ ਲਗਭਗ ਦੋ ਮਹੀਨੇ ਹੋ ਚੁੱਕੇ ਹਨ, ਇਸ ਲਈ ਪ੍ਰਸ਼ਾਸਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਹੋਈ ਹੈ।
ਉਹਨਾਂ ਕਿਹਾ ਕਿ ਪਾਰਕ ਨੂੰ ਵਸਨੀਕਾਂ ਦੀ ਸਾਂਝੀ ਜਾਇਦਾਦ ਹੋਣ ਦੀ ਪੁਸ਼ਟੀ ਵੀ ਕੀਤੀ। ਪ੍ਰਧਾਨ ਢਿੱਲੋ ਅਤੇ ਉਸਦੇ ਸਾਥੀਆਂ ਨੇ ਕਿਹਾ ਕਿ ਮਾਨਯੋਗ ਅਦਾਲਤ ਅਤੇ ਸੰਸਦ ਮੈਂਬਰ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਅਸੀਂ ਮੰਗ ਕਰਦੇ ਹਾਂ ਕਿ ਪਾਰਕ ਵਿੱਚ ਬੱਚਿਆਂ ਲਈ ਝੂਲੇ ਅਤੇ ਬਜ਼ੁਰਗਾਂ ਲਈ ਬੈਂਚ ਤੁਰੰਤ ਲਗਾਏ ਜਾਣ ਅਤੇ ਇਸ ਦੀ ਸਹੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਹਨਾਂ ਜਾਇਜ਼ ਮੰਗਾਂ ਤੇ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਧਿਕਾਰੀਆਂ ਵਿਰੁੱਧ ਅਦਾਲਤੀ ਮਾਨਹਾਨੀ ਦੀ ਪਟੀਸ਼ਨ ਦਾਇਰ ਕਰਨ ਲਈ ਮਜਬੂਰ ਹੋਣਗੇ ਜਿਸ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜਿੰਮੇਵਾਰ ਹੋਵੇਗਾ।
ਇਸ ਮੌਕੇ ਪ੍ਰਧਾਨ ਕੰਵਰਜੀਤ ਸਿੰਘ ਢਿੱਲੋ ਦੇ ਨਾਲ ਪ੍ਰੋਫੈਸਰ ਬਲਦੇਵ ਸਿੰਘ ਟੀਟਾ, ਨਵਦੀਪ ਸਿੰਘ ਸੰਧੂ, ਦੀਪ ਇੰਦਰ ਸਿੰਘ ਗਿੱਲ, ਗੁਰਸ਼ਰਨ ਸਿੰਘ, ਡਾਕਟਰ ਹਰਜੀਤ ਸਿੰਘ, ਡਾਕਟਰ ਅਨੂਪ ਸਿੰਘ, ਡਾਕਟਰ ਬਲਵਿੰਦਰ ਸਿੰਘ, ਵਿਨੋਦ ਕੁਮਾਰ ਹਰੀਸ਼, ਸ਼ਰਨਜੀਤ ਸਿੰਘ, ਖੁਸ਼ਵਿੰਦਰ ਸਿੰਘ ਹਾਂਡਾ, ਜਗਦੇਵ ਸਿੰਘ ਸੰਧੂ, ਨਿਰਮਲ ਸਿੰਘ ਨੰਡਾ ਆਦਿ ਸ਼ਾਮਿਲ ਸਨ।
ਇਸ ਸੰਬੰਧ ਵਿੱਚ ਐਸ ਡੀ ਐਮ ਸੁਲਤਾਨਪੁਰ ਲੋਧੀ - ਕਮ ਪੁੱਡਾ ਅਧਿਕਾਰੀ ਮੈਡਮ ਅਲਕਾ ਕਾਲੀਆ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਉਨਾਂ ਕਿਹਾ ਕਿ ਜਿਥੋਂ ਕੁਝ ਇਕ ਰੁੱਖ ਉਥੋਂ ਲੰਘਦੀ ਸੜਕ ਦੇ ਖੇਤਰ ਵਿੱਚ ਲੱਗੇ ਸਨ ਜੋ ਕਿ ਉਥੋਂ ਹਟਾ ਕੇ ਪਿੱਛੇ ਕਰ ਦਿੱਤੇ ਗਏ ਹਨ ਅਤੇ ਪਾਰਕ ਵਿੱਚ ਵਿਭਾਗ ਦਾ ਬੋਰਡ ਵੀ ਲਗਾਇਆ ਗਿਆ ਹੈ। ਉਹਨਾਂ ਸਪਸ਼ਟ ਕੀਤਾ ਕਿ ਇਹ ਪਾਰਕ ਪੁੱਡਾ ਵਿਭਾਗ ਦੀ ਪ੍ਰੋਪਰਟੀ ਹੈ ਅਤੇ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ।