Flood News : ਲੋਕਾਂ ਨੇ ਖੁਦ ਸੰਭਾਲੀ ਬੰਨ੍ਹ ਦੀ ਰਾਖੀ
3 ਦਿਨਾਂ ਤੋਂ ਜਾਰੀ ਹੈ ਮੁਰੰਮਤ
ਬਲਜੀਤ ਸਿੰਘ
ਸਭਰਾਂ (ਤਰਨ ਤਾਰਨ): 18 ਅਗਸਤ, 2025 : ਤਰਨ ਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾਂ ਵਿਖੇ ਸਥਿਤ ਬੰਨ੍ਹ ਨੂੰ ਲੱਗੀ 10 ਤੋਂ 15 ਫੁੱਟ ਦੀ ਢਾਹ ਨੂੰ ਰੋਕਣ ਲਈ ਲੋਕਾਂ ਨੇ ਖੁਦ ਕਮਾਨ ਸੰਭਾਲ ਲਈ ਹੈ। ਪਿੰਡ ਵਾਸੀ ਅਤੇ ਸਮਾਜ ਸੇਵੀ ਸੰਸਥਾਵਾਂ ਪਿਛਲੇ ਤਿੰਨ ਦਿਨਾਂ ਤੋਂ ਰਾਤ-ਦਿਨ ਲੱਗ ਕੇ ਬੰਨ੍ਹ ਦੀ ਮੁਰੰਮਤ ਕਰ ਰਹੇ ਹਨ।
ਕਾਰ ਸੇਵਾ ਵਾਲੇ ਬਾਬਿਆਂ ਦੀ ਅਗਵਾਈ 'ਚ ਜਾਰੀ ਕੰਮ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਬਾਬਿਆਂ ਦੀ ਦੇਖ-ਰੇਖ ਹੇਠ ਵੱਖ-ਵੱਖ ਪਿੰਡਾਂ ਦੇ ਲੋਕ ਆਪਣੇ ਟਰੈਕਟਰ-ਟਰਾਲੀਆਂ ਵਿੱਚ ਮਿੱਟੀ ਭਰ ਕੇ ਲਿਆ ਰਹੇ ਹਨ ਅਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ। ਇਸ ਮੌਕੇ ਲੋਕਾਂ ਲਈ ਲੰਗਰ ਵੀ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਲਗਭਗ 30 ਤੋਂ 40 ਪਿੰਡ ਅਤੇ 200 ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋਵੇਗੀ।
ਸਰਕਾਰ ਪ੍ਰਤੀ ਰੋਸ, ਤੀਜੇ ਦਿਨ ਪ੍ਰਸ਼ਾਸਨ ਪਹੁੰਚਿਆ
ਇਸ ਮੌਕੇ ਸਰਕਾਰ ਪ੍ਰਤੀ ਲੋਕਾਂ ਦਾ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਕਿਹਾ ਕਿ ਰਾਜਨੀਤਿਕ ਨੇਤਾ ਅਤੇ ਅਧਿਕਾਰੀ ਸਿਰਫ ਫੋਟੋਆਂ ਖਿੱਚਵਾ ਕੇ ਚਲੇ ਜਾਂਦੇ ਹਨ, ਪਰ ਅਸਲ ਵਿੱਚ ਕੋਈ ਠੋਸ ਕਾਰਵਾਈ ਨਹੀਂ ਕਰਦੇ। ਹਾਲਾਂਕਿ, ਤਿੰਨ ਦਿਨ ਬਾਅਦ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ।