CM Nayab Saini ਨੇ ਮਧੂ ਪੰਡਿਤ ਦੀ ਕਿਤਾਬ "ਦ ਡੇਲੀ ਪੌਜ਼ ਏ ਮੇਡੀਟੇਸ਼ਨ ਡਾਇਰੀ ਫੋਰ ਬਿਜ਼ੀ ਲਾਈਵਜ਼" ਕੀਤੀ ਲੋਕ ਅਰਪਣ
ਚੰਡੀਗੜ੍ਹ, 27 ਮਈ 2025 - ਅੰਦਰੂਨੀ ਸੁਖ-ਸ਼ਾਂਤੀ ਦੇ ਇਕ ਸਾਰਥਕ ਤਿਉਹਾਰ ਵਜੋਂ, ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਸਥਿਤ ਇੰਦਰਧਨੁਸ਼ ਸਟੇਡੀਅਮ ਵਿੱਚ ਉਲੀਕੇ "ਯੋਗ ਮਹੋਤਸਵ 2025" ਦੇ ਮੌਕੇ ’ਤੇ ਮਧੁ ਪੰਡਿਤ ਦੀ ਕਿਤਾਬ "ਦ ਡੇਲੀ ਪੌਜ਼-ਏ ਮੇਡੀਟੇਸ਼ਨ ਡਾਇਰੀ ਫੋਰ ਬਿਜ਼ੀ ਲਾਈਵਜ਼" ਦਾ ਰਸਮੀ ਵਿਮੋਚਨ ਕੀਤਾ।ਇਹ ਕਿਤਾਬ ਅੰਦਰੂਨੀ ਸੁੱਖ ਅਤੇ ਜਾਗਰੂਕਤਾ ਦੇ ਖੇਤਰ ਵਿੱਚ ਮਾਹਿਰ ਮਧੁ ਪੰਡਿਤ ਵੱਲੋਂ ਗਹਿਰੇ ਅਧਿਐਨ ਤੋਂ ਬਾਅਦ ਲਿੱਖੀ ਗਈ ਹੈ। ਇਹ ਸਮਾਗਮ ਆਯੁਸ਼ ਵਿਭਾਗ ਹਰਿਆਣਾ ਅਤੇ ਹਰਿਆਣਾ ਯੋਗ ਮੰਤਰਾਲੇ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ।
ਇਸ ਮੌਕੇ ’ਤੇ ਹਰਿਆਣਾ ਦੀ ਮਾਣਯੋਗ ਸਿਹਤ ਮੰਤਰੀ ਕੁਮਾਰੀ ਆਰਤੀ ਰਾਓ, ਆਯੁਸ਼ ਵਿਭਾਗ ਦੇ ਸਚਿਵ ਡਾ. ਸਾਕੇਤ ਕੁਮਾਰ ਅਤੇ ਹਰਿਆਣਾ ਯੋਗ ਆਯੋਗ ਦੇ ਚੇਅਰਮੈਨ ਡਾ. ਜੈ ਦੀਪ ਆਰਯ ਵੀ ਮੌਜੂਦ ਰਹੇ। ਮਧੁ ਪੰਡਿਤ ਨੇ ਦੱਸਿਆ ਕਿ ਦ ਡੇਲੀ ਪੌਜ਼ ਇਕ ਅਜਿਹੀ ਧਿਆਨ ਡਾਇਰੀ ਹੈ ਜੋ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿਚ ਸ਼ਾਂਤੀ ਲੱਭਣ ਵਾਲਿਆਂ ਲਈ ਰਸਤਾ ਦਿਖਾਉਂਦੀ ਹੈ।
ਇਸ ਵਿਚ ਮਾਈਂਡਫੁਲਨੈੱਸ, ਸਾਹ ਲੈਣ ਦੀਆਂ ਅਭਿਆਸ, ਆਤਮ-ਮੰਨਨ, ਗ੍ਰਾਊਂਡਿੰਗ ਪ੍ਰੈਕਟਿਸ, ਭਾਵਨਾਤਮਕ ਅਤੇ ਅੰਦਰੂਨੀ ਜੁੜਾਵ ਵਰਗੇ ਵਿਸ਼ਿਆਂ ਉੱਤੇ ਸਧਾਰਣ ਅਭਿਆਸ ਅਤੇ ਸੋਚਣ ਲਈ ਵਿਚਾਰ ਦਿੱਤੇ ਗਏ ਹਨ। ਇਹ ਕਿਤਾਬ ਪਾਠਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਸ਼ਾਂਤੀ ਅਤੇ ਜਾਗਰੂਕਤਾ ਸ਼ਾਮਲ ਕਰਨ ਵਿੱਚ ਮਦਦ ਕਰਦੀ ਹੈ। ਇਸ ਦੀ ਸਮਗਰੀ ਪ੍ਰਾਚੀਨ ਗਿਆਨ ਉੱਤੇ ਆਧਾਰਤ ਹੋਣ ਦੇ ਬਾਵਜੂਦ ਅੱਜ ਦੀ ਜ਼ਿੰਦਗੀ ਲਈ ਆਸਾਨ ਹੈ। ਇਹ ਖਾਸ ਤੌਰ 'ਤੇ ਕੰਮਕਾਜ ਵਾਲਿਆਂ, ਵਿਦਿਆਰਥੀਆਂ ਅਤੇ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਜੀਉਣ ਵਾਲਿਆਂ ਲਈ ਬਣਾਈ ਗਈ ਹੈ, ਤਾਂ ਜੋ ਉਹ ਤਣਾਅ ਘਟਾ ਸਕਣ, ਧਿਆਨ ਕੇਂਦਰਿਤ ਕਰ ਸਕਣ ਅਤੇ ਮਾਨਸਿਕ ਤਾਕਤ ਵਧਾ ਸਕਣ।
ਮਧੁ ਪੰਡਿਤ ਇਕ ਪ੍ਰਮਾਣਿਤ ਵੈਲਨੈੱਸ ਅਤੇ ਆਤਮਿਕ ਜੀਵਨ ਕੋਚ ਹਨ, ਜਿਨ੍ਹਾਂ ਕੋਲ 18 ਸਾਲ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਦਾ ਕੰਮ ਮਾਈਂਡਫੁਲਨੈੱਸ, ਭਾਵਨਾਤਮਕ ਉਪਚਾਰ ਅਤੇ ਆਤਮਿਕ ਵਿਕਾਸ ਦਾ ਇਕ ਸੰਤੁਲਿਤ ਮਿਲਾਪ ਹੈ। ਉਨ੍ਹਾਂ ਦੀ ਅੰਦਾਜ਼ ਨਰਮ ਪਰ ਪ੍ਰਭਾਵਸ਼ਾਲੀ ਹੈ, ਅਤੇ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਧਿਆਨ ਰਾਹੀਂ ਆਪਣੇ ਆਪ ਨਾਲ ਜੁੜਨ ਵਿੱਚ ਮਦਦ ਕੀਤੀ ਹੈ। ਦ ਡੇਲੀ ਪੌਜ਼ ਉਨ੍ਹਾਂ ਦਾ ਇੱਕ ਉਪਰਾਲਾ ਹੈ ਜਿਸ ਰਾਹੀਂ ਧਿਆਨ ਨੂੰ ਆਸਾਨ, ਸੁਗੰਧੀਤ ਅਤੇ ਰੋਜ਼ਮਰਰਾ ਦੀ ਜ਼ਿੰਦਗੀ ਨਾਲ ਜੋੜਿਆ ਜਾ ਸਕੇ।
ਕਿਤਾਬ ਦੇ ਵਿਮੋਚਨ ਮੌਕੇ ਮਾਣਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੀ ਤੇਜ਼ ਅਤੇ ਤਣਾਅਪੂਰਨ ਦੁਨੀਆਂ ਵਿੱਚ ਇਹ ਕਿਤਾਬ ਇਕ ਉਪਹਾਰ ਵਾਂਗ ਹੈ। ਇਹ ਲੋਕਾਂ ਨੂੰ ਰੁਕਣ, ਸੋਚਣ ਅਤੇ ਆਪਣੇ ਅੰਦਰ ਝਾਤ ਮਾਰਨ ਦੀ ਪ੍ਰੇਰਣਾ ਦਿੰਦੀ ਹੈ। ਮੈਂ ਮਧੁ ਪੰਡਿਤ ਜੀ ਨੂੰ ਇਸ ਪ੍ਰੇਰਣਾਦਾਇਕ ਯੋਗਦਾਨ ਲਈ ਦਿਲੋਂ ਵਧਾਈ ਦਿੰਦਾ ਹਾਂ। ਇਹ ਕਿਤਾਬ ਵ੍ਹਾਈਟ ਫਾਲਕਨ ਪਬਲਿਸ਼ਿੰਗ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਹੁਣ ਸਟੋਰਾਂ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਉਪਲਬਧ ਹੈ।