BIG BREAKING: ਰਿਮਾਂਡ ਮਿਲਣ ਪਿੱਛੋਂ ਥਾਰ ਵਾਲੀ ਬੀਬੀ ਦੀ ਕੋਠੀ ਦੀ ਪੈਮਾਇਸ਼ ਕਰਨ ਪੁੱਜੀ ਵਿਜੀਲੈਂਸ ਦੀ ਤਕਨੀਕੀ ਟੀਮ
ਅਸ਼ੋਕ ਵਰਮਾ
ਬਠਿੰਡਾ, 27 ਮਈ 2025:ਆਮਦਨ ਤੋਂ ਵੱਧ ਸੰਪਤੀ ਬਨਾਉਣ ਦੇ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੀ ਕਾਲੀ ਥਾਰ ਵਾਲੀ ਬੀਬੀ ਤੇ ਇੰਸਟਾ ਕੁਈਨ ਦੇ ਨਾਮ ਨਾਲ ਚਰਚਿਤ ਬਰਖਾਸਤ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੀ ਬਠਿੰਡਾ ਦੀ ਮੁਲਤਾਨੀਆ ਰੋਡ ਤੇ ਸਥਿਤ ਵਿਰਾਟ ਕਲੋਨੀ ’ਚ ਬਣੀ ਰਿਹਾਇਸ਼ੀ ਕੋਠੀ ਦੇ ਤੱਥ ਖੰਘਾਲਣ ਲਈ ਵਿਜੀਲੈਂਸ ਦੀ ਚੰਡੀਗੜ੍ਹ ਤੋਂ ਆਈ ਤਕਨੀਕੀ ਟੀਮ ਪੈਮਾਇਸ਼ ਕਰਨ ਪੁੱਜ ਗਈ ਹੈ। ਇਸ ਤੋਂ ਪਹਿਲਾਂ ਅੱਜ ਵਿਜੀਲੈਂਸ ਬਿਊਰੋ ਬਠਿੰਡਾ ਸੋਮਵਾਰ ਨੂੰ ਗ੍ਰਿਫਤਾਰ ਕੀਤੀ ਬਰਖਾਸਤ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਮਿਲਣ ਤੋਂ ਤੁਰੰਤ ਬਾਅਦ ਮੌਕੇ ਤੇ ਆਈ ਤਕਨੀਕੀ ਟੀਮ ਅਤੇ ਵਿਜੀਲੈਂਸ ਅਧਿਕਾਰੀ ਅਮਨਦੀਪ ਨੂੰ ਨਾਲ ਲੈਕੇ ਉਸ ਦੀ ਰਿਹਾਇਸ਼ ਤੇ ਪੁੱਜੇ ਸਨ ।
ਹਾਲਾਂਕਿ ਉਮੀਦ ਸੀ ਕਿ ਫਿਲਹਾਲ ਸਥਾਨਕ ਟੀਮ ਹੀ ਪੁੱਛ ਪੜਤਾਲ ਕਰੇਗੀ ਪਰ ਅਚਾਨਕ ਚੰਡੀਗੜ੍ਹ ਤੋਂ ਟੀਮ ਦੀ ਆਮਦ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਨਦੀਪ ਕੌਰ ਦਾ ਮਾਮਲਾ ਏਜੰਸੀ ਦੇ ਤਰਜੀਹੀ ਏਜੰਡੇ ਤੇ ਹੈ। ਤੇਜੀ ਨਾਲ ਕੀਤੀ ਜਾ ਰਹੀ ਵਿਜੀਲੈਂਸ ਕਾਰਵਾਈ ਕਾਰਨ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਜਿੰਨ੍ਹਾਂ ਨੂੰ ਚਿੱਟਾ ਬਰਾਮਦ ਹੋਣ ਦੇ ਮਾਮਲੇ ’ਚ ਖਤਮ ਹੋਈਆਂ ਮੰਨਿਆ ਜਾ ਰਿਹਾ ਸੀ। ਵਿਜੀਲੈਂਸ ਕੋਲ ਅਦਾਲਤ ਤੋਂ ਲਿਆ ਹੋਇਆ ਸਰਚ ਵਰੰਟ ਵੀ ਹੈ ਜਿਸ ਦੇ ਅਧਾਰ ਤੇ ਹੁਣ ਕੋਠੀ ਦਾ ਚੱਪਾ ਚੱਪਾ ਫਰੋਲਿਆ ਜਾਏਗਾ ਅਤੇ ਹੋਰ ਵੀ ਸਮਾਨ ਦੀ ਸੂਚੀ ਤਿਆਰ ਕੀਤੀ ਜਾਏਗੀ। ਇਸ ਤੋਂ ਪਹਿਲਾਂ ਵਿਜੀਲੈਂਸ ਅਧਿਕਾਰੀਆਂ ਨੇ ਸਖਤ ਸੁਰੱਖਿਆ ਤਹਿਤ ਅਮਨਦੀਪ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਵਿਜੀਲੈਂਸ ਹੁਣ ਅਮਨਦੀਪ ਨੂੰ 29 ਮਈ ਨੂੰ 3 ਵਜੇ ਅਦਾਲਤ ਵਿੱਚ ਦੁਬਾਰਾ ਪੇਸ਼ ਕਰੇਗੀ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਸਰਚ ਵਾਰੰਟ ਵੀ ਹਾਸਲ ਕੀਤਾ ਹੈ। ਗੌਰਤਲਬ ਹੈ ਕਿ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਪਿੰਡ ਬਾਦਲ ਤੋਂ ਪ੍ਰਸਿੱਧ ਗਾਇਕਾ ਅਫ਼ਸਾਨਾ ਖਾਨ ਦੀ ਭੈਣ ਰਫ਼ਤਾਰ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਪਹਿਲੀ ਵਾਰ ਅਮਨਦੀਪ ਕੌਰ ਉਦੋਂ ਚਰਚਾ ਵਿੱਚ ਆਈ ਜਦੋਂ 2 ਅਪ੍ਰੈਲ ਨੂੰ ਵਰਧਮਾਨ ਪੁਲਿਸ ਚੌਂਕੀ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਤਹਿਤ ਬਾਦਲ ਰੋਡ ’ਤੇ ਨਾਕਾਬੰਦੀ ਦੌਰਾਨ ਉਸ ਨੂੰ 17.71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਸੀ ਕਿ ਲੇਡੀ ਹੈਡ ਕਾਂਸਟੇਬਲ ਪਿਛਲੇ ਲੰਮੇਂ ਸਮੇਂ ਤੋਂ ਚਿੱਟੇ ਦੀ ਤਸਕਰੀ ਕਰ ਰਹੀ ਸੀ।
ਤਿੰਨ ਦਿਨ ਦਾ ਰਿਮਾਂਡ ਮਿਲਿਆ: ਡੀਐਸਪੀ
ਡੀਐਸਪੀ ਕੁਲਵੰਤ ਸਿੰਘ ਲਹਿਰੀ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾਣੀ ਹੈ ਅਤੇ ਤਕਨੀਕੀ ਟੀਮ ਨੇ ਜਾਇਦਾਦ ਦੀ ਕੀਮਤ ਆਦਿ ਸਬੰਧੀ ਪਤਾ ਲਾਉਣਾ ਹੈ । ਉਨ੍ਹਾਂ ਦੱਸਿਆ ਕਿ ਇਸ ਦੇ ਚਲਦਿਆਂ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਪਤਾ ਲਾਇਆ ਜਾਏਗਾ ਕਿ ਕੋਈ ਹੋਰ ਸੰਪਤੀ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਗਾਇਕਾ ਅਫਸਾਨਾ ਖਾਨ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਡੀਐਸਪੀ ਨੇ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਕੋਈ ਹੋਰ ਜਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।