ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ
- ਅਕਾਦਮਿਕ ਖੇਤਰ ਦੇ ਨਾਲ਼-ਨਾਲ਼ ਖੇਡਾਂ ਦੇ ਖੇਤਰ ਵਿੱਚ ਵੀ ਵੱਡੇ ਮਾਅਰਕੇ ਮਾਰ ਰਹੀ ਹੈ ਯੂਨੀਵਰਸਿਟੀ: ਡਾ. ਜਗਦੀਪ ਸਿੰਘ
ਪਟਿਆਲਾ, 28 ਮਈ 2025 - ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਐਵਾਰਡ ਹਾਸਿਲ ਹੋਇਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਖਿਡਾਰੀ ਹਰਵਿੰਦਰ ਸਿੰਘ, ਉਸ ਦੇ ਕੋਚ ਅਤੇ ਖੇਡ ਵਿਭਾਗ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪੱਧਰ ਦੀਆਂ ਪ੍ਰਾਪਤੀਆਂ ਆਪਣੇ ਆਪ ਵਿੱਚ ਇਸ ਗੱਲ ਦਾ ਪ੍ਰਮਾਣ ਹਨ ਕਿ ਪੰਜਾਬੀ ਯੂਨੀਵਰਸਿਟੀ ਸਿਰਫ਼ ਅਕਾਦਮਿਕ ਪੱਖੋਂ ਨਹੀਂ ਬਲਕਿ ਖੇਡਾਂ ਜਿਹੇ ਹੋਰਾਂ ਖੇਤਰਾਂ ਵਿੱਚ ਵੀ ਵੱਡੇ ਮਾਅਰਕੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਨੇ ਆਪਣੀ ਇਸ ਪ੍ਰਾਪਤੀ ਨਾਲ਼ ਜਿੱਥੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ ਉੱਥੇ ਹੀ ਉਹ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੈ।
ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਵਧਾਈ ਦਿੰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਦੇ ਕਿਸੇ ਖਿਡਾਰੀ ਨੂੰ ਇਹ ਵੱਕਾਰੀ ਐਵਾਰਡ ਹਾਸਿਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਦੇ ਕੋਚ ਜੀਵਨਜੋਤ ਸਿੰਘ ਤੇਜਾ ਵੀ ਦ੍ਰੋਣਾਚਾਰੀਆ ਐਵਾਰਡ ਜੇਤੂ ਹਨ।
ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਨੇ ਹਾਲ ਹੀ ਵਿੱਚ ਪੈਰਿਸ ਵਿਖੇ ਹੋਈਆਂ ਪੈਰਾ-ਓਲੰਿਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਯੂਨੀਵਰਸਿਟੀ ਦੇ ਅਰਥ-ਸ਼ਾਸਤਰ ਵਿਭਾਗ ਵਿਖੇ ਪੀ-ਐੱਚ. ਡੀ. ਖੋਜਾਰਥੀ ਵਜੋਂ ਆਪਣਾ ਖੋਜ ਕਾਰਜ ਕਰ ਰਿਹਾ ਹੈ। ਹਰਵਿੰਦਰ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਵਸਨੀਕ ਹੈ। 2020 ਦੌਰਾਨ ਜਪਾਨ ਦੇ ਟੋਕੀਓ ਵਿੱਚ ਹੋਈਆਂ ਪੈਰਾ-ਓਲੰਿਪਕ ਖੇਡਾਂ ਦੌਰਾਨ ਉਸ ਨੇ ਕਾਂਸੀ ਤਗ਼ਮਾ ਜਿੱਤਿਆ ਸੀ। 2018 ਵਿੱਚ ਉਸ ਨੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਤੋਂ ਇਲਾਵਾ ਤੀਰਅੰਦਾਜ਼ੀ ਕੋਚ ਸੁਰਿੰਦਰ ਸਿੰਘ ਰੰਧਾਵਾ ਅਤੇ ਗੌਰਵ ਸ਼ਰਮਾ ਵੱਲੋਂ ਵੀ ਉਸ ਨੂੰ ਵਧਾਈ ਦਿੱਤੀ ਗਈ।