ਸੈਨਿਕ ਸਕੂਲ ਤੇ ਪੰਜਾਬ ਸਰਕਾਰ ਵਿਚਕਾਰ ਹੋਇਆ “ ਮੈਮੋਰੰਡਮ ਆਫ ਐਗਰੀਮੈਂਟ: ਸੈਨਿਕ ਸਕੂਲ ਦੀ 19 ਸਾਲ ਪੁਰਾਣੀ ਮੰਗ ਹੋਈ ਪੂਰੀ
- ਪੰਜਾਬ ਸਰਕਾਰ ਸੈਨਿਕ ਸਕੂਲ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ- ਮੋਹਿੰਦਰ ਭਗਤ
ਚੰਡੀਗੜ੍ਹ / ਕਪੂਰਥਲਾ, 27 ਮਈ 2025 - ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਕਾਰੀ ਸੰਸਥਾ ਸੈਨਿਕ ਸਕੂਲ ਦੀ ਹੋਰ ਬਿਹਤਰੀ ਤੇ ਨਵੀਨੀਕਰਨ ਲਈ ਵਚਨਬੱਧ ਹੈ, ਜਿਸ ਤਹਿਤ ਸਕੂਲ ਦੀ 19 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਸੈਨਿਕ ਸਕੂਲ ਤੇ ਪੰਜਾਬ ਸਰਕਾਰ ਵਿਚਕਾਰ “ ਮੈਮੋਰੰਡਮ ਆਫ ਐਗਰੀਮੈਂਟ “ ਕੀਤਾ ਗਿਆ ਹੈ ।
ਅੱਜ ਸੈਨਿਕ ਸਕੂਲ ਕਪੂਰਥਲਾ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੈਨਿਕ ਸਕੂਲ ਵਲੋਂ ਰੱਖੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਇਸ ਮੌਕੇ ਸੈਨਿਕ ਸਕੂਲ ਤੇ ਪੰਜਾਬ ਸਰਕਾਰ ਵਿਚਕਾਰ ਦਸਤਖ਼ਤ ਕੀਤੇ ਗਏ “ ਮੈਮੋਰੰਡਮ ਆਫ ਐਗਰੀਮੈਂਟ “ ਨੂੰ ਵੀ ਜਾਰੀ ਕੀਤਾ ਜਿਸ ਤਹਿਤ ਪੰਜਾਬ ਸਰਕਾਰ ਸੈਨਿਕ ਸਕੂਲ ਨੂੰ ਲਗਾਤਾਰ ਅਨੁਦਾਨ ਦੇਵੇਗੀ । ਸੈਨਿਕ ਸਕੂਲ ਵਲੋੰ ਇਹ ਮੰਗ ਸਾਲ 2006 ਤੋਂ ਕੀਤੀ ਜਾ ਰਹੀ ਸੀ ।
ਇਸ ਤੋਂ ਇਲਾਵਾ ਸੈਨਿਕ ਸਕੂਲ ਤੋਂ ਸੇਵਾ ਮੁਕਤ ਹੋਣ ਵਾਲੇ ਸਟਾਫ ਨੂੰ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿਚ ਐਨ ਪੀ ਐਸ / ਪੈਨਸ਼ਨ ਦੇਵੇਗੀ ਤਾਂ ਜੋ ਕਰਮਚਾਰੀਆਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੈਨਿਕ ਸਕੂਲ ਕਪੂਰਥਲਾ ਦੀ ਮੁਰੰਮਤ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਨੂੰ ਡਿਟੇਲ ਪ੍ਰੋਜੈਕਟ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਵਲੋਂ ਸੈਨਿਕ ਸਕੂਲ ਦੇ ਸੁਧਾਰ ਲਈ ਕੋਈ ਫੰਡ ਜਾਰੀ ਨਹੀਂ ਕੀਤੇ ਜਾਂਦੇ ਸਨ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਲਗਾਤਾਰ 3-3 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਸੈਨਿਕ ਸਕੂਲ ਦਾ ਸਮਾਜ ਦੀ ਤਰੱਕੀ ਵਿਚ ਵੱਡਾ ਯੋਗਦਾਨ ਹੈ ਜਿੱਥੋਂ ਪੜ੍ਹੇ ਵਿਦਿਆਰਥੀ ਫੌਜ ਵਿੱਚ ਉਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਇਹ ਅਜਿਹਾ ਸਕੂਲ ਹੈ ਜੋ ਸਾਡੇ ਨੌਜਵਾਨਾਂ ਬੱਚਿਆਂ ਨੂੰ ਸਹੀ ਮਾਰਗ ਦਿਖਾ ਕੇ ਉਹਨਾਂ ਵਿੱਚ ਦੇਸ਼ ਸੇਵਾ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਪੈਦਾ ਕਰ ਰਿਹਾ ਹੈ’। ਉਨ੍ਹਾਂ ਦੱਸਿਆ ਕਿ ਇਥੇ ਕਰੀਬ 600 ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ’ਤੇ ਵਿਦਿਆਰਥੀਆਂ ਨੂੰ ਪੜ੍ਹਾਈ ਵਾਸਤੇ ਸਕਾਲਰਸ਼ਿਪ ਸਕੀਮ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ ।
ਕੈਬਨਿਟ ਮੰਤਰੀ ਨੇ ਸੈਨਿਕਾਂ ਦੀ ਭਲਾਈ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਸੇਵਾ ਕਰਦਿਆਂ ਜੇਕਰ ਕੋਈ ਫੌਜੀ ਜਵਾਨ ਸ਼ਹੀਦ ਹੋ ਜਾਂਦਾ ਹੈ ਤਾਂ ਪੰਜਾਬ ਸਰਕਾਰ ਵਲੋਂ ਉਸ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਇਕ ਕਰੋੜ ਰੁਪਏ ਦੀ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਮੌਕੇ ਉਨ੍ਹਾਂ ਅਸਤਬਲ ਦਾ ਵੀ ਉਦਘਾਟਨ ਕੀਤਾ ਜਿਸ ਉੱਪਰ ਪੰਜਾਬ ਸਰਕਾਰ ਵਲੋਂ ਇਸ ’ਤੇ 26 ਲੱਖ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ। ਉਨ੍ਹਾਂ ਵਲੋਂ ਸ਼ਹੀਦੀ ਸਮਾਰਕ ਉਪਰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।
ਇਸ ਤੋਂ ਪਹਿਲਾਂ ਰੈਸਟ ਹਾਊਸ ਕਪੂਰਥਲਾ ਵਿਖੇ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ।
ਇਸ ਮੌਕੇ 11 ਕੋਰ ਦੇ ਚੀਫ ਆਫ ਸਟਾਫ ਮੇਜਰ ਜਨਰਲ ਅਤੁਲ ਭਦੋਰੀਆ , ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ, ਸੈਨਿਕ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ , ਲੈਫ਼ਟੀਨੈਂਟ ਜਨਰਲ ਗੁਰਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।