ਸੀਆਈਡੀ ਨਾਟਕ ਦੀ ਨਕਲ ਕਰਦਿਆਂ 13 ਸਾਲਾ ਕੁੜੀ ਦੀ ਦਰਦਨਾਕ ਮੌਤ
ਰਵਿੰਦਰ ਢਿੱਲੋਂ
ਖੰਨਾ, 27 ਮਈ 2025 - ਖੰਨਾ ਸ਼ਹਿਰ ਵਿਚ ਇੱਕ ਦੁਖਦਾਈ ਅਤੇ ਚੌਂਕਾਉਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਸੀਆਈਡੀ ਨਾਂ ਦੇ ਟੀਵੀ ਅਪਰਾਧਕ ਨਾਟਕ ਦੀ ਨਕਲ ਕਰਦਿਆਂ 13 ਸਾਲਾ ਅਨੀਤਾ ਨਾਮਕ ਕੁੜੀ ਆਪਣੀ ਜਾਨ ਗੁਆ ਬੈਠੀ। ਅਨੀਤਾ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਤੋਂ ਆਇਆ ਹੋਇਆ ਹੈ ਜੋ ਇਸ ਸਮੇਂ ਦੋਰਾਹਾ ਵਿਖੇ ਵਸਦਾ ਹੈ।
ਇਹ ਹਾਦਸਾ ਐਤਵਾਰ ਦੀ ਸ਼ਾਮ ਨੂੰ ਵਾਪਰਿਆ। ਅਨੀਤਾ ਆਪਣੇ ਭਰਾ ਅਤੇ ਕੁਝ ਹੋਰ ਗੁਆਂਢ ਦੇ ਬੱਚਿਆਂ ਨਾਲ ਘਰ ਵਿਚ ਬੈਠੀ ਸੀਆਈਡੀ ਨਾਟਕ ਦੇਖ ਰਹੀ ਸੀ। ਨਾਟਕ ਦੌਰਾਨ ਉਹ ਨਕਲ ਕਰਦਿਆਂ ਇੱਕ ਖਤਰਨਾਕ ਦ੍ਰਿਸ਼ ਦੁਹਰਾਉਣ ਲੱਗ ਪਈ। ਉਸ ਨੇ ਇਕ ਤਾਰ ਲੈ ਕੇ ਆਪਣੀ ਗਰਦਨ ਵਿਚ ਪਾ ਲਈ ਅਤੇ ਫਾਂਸੀ ਲੈਣ ਵਾਲੀ ਨਕਲ ਕਰਦਿਆਂ ਮੇਜ਼ 'ਤੇ ਚੜ੍ਹ ਗਈ। ਅਚਾਨਕ ਮੇਜ਼ ਟੁੱਟ ਗਿਆ ਅਤੇ ਅਨੀਤਾ ਦਾ ਸੰਤੁਲਨ ਖੋ ਗਿਆ। ਉਹ ਤਾਰ ਨਾਲ ਲਟਕ ਗਈ ਤੇ ਮੌਤ ਹੋ ਗਈ।
ਬਾਕੀ ਬੱਚੇ ਇਹ ਦ੍ਰਿਸ਼ ਵੇਖ ਕੇ ਡਰ ਗਏ ਅਤੇ ਉਨ੍ਹਾਂ ਨੇ ਗਲੀ 'ਚ ਜਾ ਕੇ ਰੌਲਾ ਪਾਇਆ। ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਤੇ ਅਨੀਤਾ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕੀਤਾ। ਅਨੀਤਾ ਦੇ ਪਿਤਾ ਰਾਜ ਬਲਵ ਨੇ ਦੱਸਿਆ ਕਿ ਇਹ ਸਾਰਾ ਕੁਝ ਬਿਲਕੁਲ ਖੇਡ ਵਾਂਗ ਹੋਇਆ ਸੀ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਨਾਟਕ ਦੀ ਨਕਲ ਕਰਦਿਆਂ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਖਤਮ ਹੋ ਜਾਵੇਗੀ।
ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਏਐਸਆਈ ਸਤਪਾਲ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।
ਇਹ ਹਾਦਸਾ ਸਮਾਜ ਵਿੱਚ ਇੱਕ ਵੱਡਾ ਸੰਦੇਸ਼ ਦੇ ਰਿਹਾ ਹੈ ਕਿ ਬੱਚਿਆਂ ਵੱਲੋਂ ਦੇਖੇ ਜਾਂਦੇ ਟੀਵੀ ਕਾਰਜਕ੍ਰਮਾਂ ਅਤੇ ਨਾਟਕਾਂ ਉੱਤੇ ਮਾਪਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਅਜਿਹੇ ਦ੍ਰਿਸ਼ ਮਾਸੂਮ ਜਿੰਦਗੀਆਂ ਲਈ ਖਤਰਨਾਕ ਸਾਬਤ ਹੋ ਸਕਦੇ ਹਨ।