ਹਾਕੀ ਓਲੰਪੀਅਨ ਸ੍ਰੀ ਗਗਨ ਅਜੀਤ ਸਿੰਘ ਨੇ ਜ਼ਿਲ੍ਹੇ ਦੇ ਟੌਪਰ ਵਿਦਿਆਰਥੀਆਂ ਨੇ ਸਾਂਝੇ ਕੀਤੇ ਗਰਾਉਂਡ ਤੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਸਫ਼ਰ ਦੇ ਤਜਰਬੇ
* ਵਰਦੀ ਤੋਂ ਲਈ ਪ੍ਰੇਰਨਾ, ਟੌਪਰਾਂ ਨੇ ਅਨੁਭਵ ਕੀਤਾ ਪੁਲਿਸ ਸੇਵਾ ਦਾ ਅਸਲੀ ਚਿਹਰਾ
* ਦਸਵੀਂ ਦੇ ਹੋਣਹਾਰ ਵਿਦਿਆਰਥੀਆਂ ਨੇ ਐਸ.ਐਸ.ਪੀ. ਹਾਕੀ ਓਲੰਪੀਅਨ ਸ੍ਰੀ ਗਗਨ ਅਜੀਤ ਸਿੰਘ ਨਾਲ ਬਿਤਾਇਆ ਪ੍ਰੇਰਨਾਦਾਇਕ ਦਿਨ
• ਕਿਹਾ, "ਵਰਦੀ ਸਿਰਫ ਪਹਿਨਣ ਦੀ ਚੀਜ਼ ਨਹੀਂ, ਇਹ ਜਿੰਮੇਵਾਰੀ, ਜਜ਼ਬਾ ਅਤੇ ਜਨਤਾ ਨਾਲ ਇਨਸਾਫ ਕਰਨ ਦਾ ਵਾਅਦਾ ਹੈ।"
* ਪੁਲਿਸ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਲਿਆ ਅਨੁਸ਼ਾਸਨ, ਸਮਰਪਣ ਅਤੇ ਸੇਵਾ ਦਾ ਸਿੱਖਿਆ ਪਾਠ
ਮਾਲੇਰਕੋਟਲਾ 28 ਮਈ 2025 - ਮਾਲੇਰਕੋਟਲਾ ਜ਼ਿਲ੍ਹੇ ਦੀਆਂ ਸਰਕਾਰੀ ਸਕੂਲਾਂ ਦੀ 10ਵੀਂ ਜਮਾਤ ਦੇ ਨਤੀਜਿਆਂ ਵਿਚ ਮੈਰਿਟ ਵਿਚ ਆਉਣ ਵਾਲੀਆਂ ਤਿੰਨ ਵਿਦਿਆਰਥਣਾਂ ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ ਹਾਕੀ ਓਲੰਪੀਅਨ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਦੀ ਸੁਚੱਜੀ ਅਗਵਾਈ ਨੇ ਖੰਭ ਲਾ ਦਿੱਤੇ ਜਦੋਂ ਉਨ੍ਹਾਂ ਹਾਕੀ ਓਲੰਪੀਅਨ ਖਿਡਾਰੀ ਤੋਂ ਜ਼ਿਲ੍ਹਾ ਪੁਲਿਸ ਮੁਖੀ (ਐਸ.ਐਸ.ਪੀ.) ਦੇ ਸਫ਼ਰ ਦੇ ਤਜਰਬੇ ਸਾਂਝੇ ਕੀਤੇ ।
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ 'ਇਕ ਦਿਨ ਐਸ.ਐਸ.ਪੀ. ਸੰਗ' ਪ੍ਰੋਗਰਾਮ ਤਹਿਤ ਜਿਲ੍ਹੇ ਦੇ ਸਕੂਲ ਆਫ ਐਮੀਨੈਂਸ ਸੰਦੋੜ ਦੀ 96 ਫੀਸਦੀ ਨੰਬਰ ਲੈਣ ਵਾਲੀ ਜਸਮੀਤ ਕੌਰ, ਸਰਕਾਰੀ ਹਾਈ ਸਕੂਲ ਨਾਰੋਮਾਜਰਾ ਦੀ 95.07 ਫੀਸਦੀ ਨੰਬਰ ਲੈਣ ਵਾਲੀ ਅਨਮੋਲ ਪ੍ਰੀਤ ਕੌਰ ਅਤੇ ਸਕੂਲ ਆਫ਼ ਐਮੀਨੈਂਸ ਬਾਗੜੀਆਂ ਦੀ 95.07 ਫੀਸਦੀ ਨੰਬਰ ਲੈਣ ਵਾਲੀ ਸਿਮਰਪ੍ਰੀਤ ਕੌਰ ਨੇ ਐਸ.ਐਸ.ਪੀ ਦੇ ਨਾਲ ਸਮਾਂ ਬਿਤਾਕੇ ਪੁਲਿਸ ਪ੍ਰਸਾਸਨਿਕ ਕਾਰਜਗੁਜਾਰੀ ਦੇ ਨੇੜੇ ਤੋਂ ਤਜਰਬੇ ਲਏ ।
ਐਸ.ਐਸ.ਪੀ ਨੇ ਟੌਪਰ ਵਿਦਿਆਰਥਣਾ ਨਾਲ ਪੁਲਿਸ ਸੇਵਾ ਦੀ ਕਾਰਜਸ਼ੈਲੀ, ਅਨੁਸ਼ਾਸਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਇਨ੍ਹਾਂ ਵਿਦਿਆਰਥਣਾਂ ਨਾਲ ਦਿਨ ਬਿਤਾਇਆ ਤਾਂ ਜੋ ਇਨ੍ਹਾਂ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਮਿਲ ਸਕੇ । ਦਿਨ ਦੀ ਸ਼ੁਰੂਆਤ ਜੀ.ਓ ਮੈਸ ਵਿਖੇ ਪੁਲਿਸ ਪ੍ਰਸਾਸਨਿਕ ਅਧਿਕਾਰੀਆਂ ਨਾਲ ਸਵੇਰ ਦੇ ਨਾਸ਼ਤੇ ਤੋਂ ਸ਼ੁਰੂ ਹੋਈ । ਫਿਰ ਦਫ਼ਤਰ ਪੁਲਿਸ ਕਪਤਾਨ ਵਿਖੇ ਚਾਹ ਤੇ ਚਰਚਾ ਹੋਈ ।
ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਨਾ ਸਿਰਫ਼ ਪੁਲਿਸ ਸੇਵਾ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ, ਸਗੋਂ ਆਪਣੇ ਨਿੱਜੀ ਜੀਵਨ, ਵਿਦਿਆਰਥੀ ਦਿਨਾਂ ਅਤੇ ਆਈ.ਪੀ.ਐਸ ਬਣਨ ਦੀ ਯਾਤਰਾ ਵੀ ਸਾਂਝੀ ਕੀਤੀ। ਇਸ ਖੁੱਲ੍ਹੇ ਅਤੇ ਸੁਭਾਵਿਕ ਗੱਲਬਾਤ ਨੇ ਵਿਦਿਆਰਥੀਆਂ ਨੂੰ ਪੁਲਿਸ ਅਧਿਕਾਰੀ ਦੇ ਮਨੁੱਖੀ ਪੱਖ ਤੋਂ ਵੀ ਜਾਣੂ ਕਰਵਾਇਆ।
ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ – ਕਿਵੇਂ ਉਨ੍ਹਾਂ ਨੇ ਹਾਕੀ ਦੇ ਮੈਦਾਨ ਤੋਂ ਪੁਲਿਸ ਸੇਵਾ ਦੀ ਯਾਤਰਾ ਕੀਤੀ, ਅਤੇ ਦੋਹਾਂ ਖੇਤਰਾਂ ਵਿੱਚ ਸਮਰਪਣ, ਮਿਹਨਤ ਅਤੇ ਨੈਤਿਕਤਾ ਦੀ ਮਹੱਤਤਾ ਨੂੰ ਰੋਸ਼ਨ ਕੀਤਾ। ਉਨ੍ਹਾਂ ਕਿਹਾ, "ਵਰਦੀ ਸਿਰਫ ਪਹਿਨਣ ਦੀ ਚੀਜ਼ ਨਹੀਂ, ਇਹ ਜਿੰਮੇਵਾਰੀ, ਜਜ਼ਬਾ ਅਤੇ ਜਨਤਾ ਨਾਲ ਇਨਸਾਫ ਕਰਨ ਦਾ ਵਾਅਦਾ ਹੈ।"
ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਪੁਲਿਸ ਵਿਭਾਗ ਦੇ ਵੱਖ-ਵੱਖ ਕੇਂਦਰਾਂ ਜਿਵੇਂ ਕਿ ਕੰਟਰੋਲ ਰੂਮ, ਸਾਈਬਰ ਸੁਰੱਖਿਆ ਸੈੱਲ, ਮਹਿਲਾ ਸੈੱਲ, ਸਟੋਰੇਜ ਰੂਮ, ਸਾਂਝਾ ਕੇਂਦਰ, ਹਿਰਾਸਤ ਸੈੱਲ ਦਾ ਦੌਰਾ ਕਰਵਾਇਆ ਗਿਆ। ਉਨ੍ਹਾਂ ਦੇਖਿਆ ਕਿ ਕਿਸ ਤਰ੍ਹਾਂ ਪੁਲਿਸ ਫੋਰਸ 24 ਘੰਟੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ। ਵਿਦਿਆਰਥੀਆਂ ਨੂੰ ਦਫ਼ਤਰੀ ਕੰਮ-ਕਾਜ ਪ੍ਰਣਾਲੀ ਦੇ ਨਾਲ ਨਾਲ ਲੋਕਾਂ ਦੀ ਸੁਰਖਿਆ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਦਾ ਪਹਿਲਾ ਹੱਥ ਅਨੁਭਵ ਸਾਂਝੇ ਕੀਤੇ ਗਏ । ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਦੁਪਹਿਰ ਦਾ ਭੋਜਨ ਕਰਵਾਇਆ ਗਿਆ।
ਵਿਦਿਆਰਥੀਆਂ ਨੂੰ ਜਨਤਕ ਸੁਣਵਾਈ ਸੈਸ਼ਨ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਮਿਲਿਆ ਜਿੱਥੇ ਉਨ੍ਹਾਂ ਨੇ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦੀ ਪ੍ਰਕਿਰਿਆ ਨੂੰ ਸਮਝਿਆ। ਇਹ ਤਜਰਬਾ ਉਨ੍ਹਾਂ ਨੂੰ ਇਹ ਸਮਝਣ ਲਈ ਕਾਫ਼ੀ ਸੀ ਕਿ ਪੁਲਿਸ ਦੀ ਭੂਮਿਕਾ ਸਿਰਫ਼ ਕਾਨੂੰਨ ਵਿਵਸਥਾ ਬਣਾਈ ਰੱਖਣ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਇੱਕ ਸੰਵੇਦਨਸ਼ੀਲ ਅਤੇ ਜਵਾਬਦੇਹ ਸੇਵਾ ਹੈ।
ਐਸ.ਐਸ.ਪੀ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਨੈਤਿਕਤਾ ਅਤੇ ਸਮਾਜ ਸੇਵਾ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਬਹੁਤ ਵਿਲੱਖਣ ਅਤੇ ਉਤਸ਼ਾਹਜਨਕ ਸੀ। ਇੱਕ ਵਿਦਿਆਰਥੀ ਨੇ ਕਿਹਾ, "ਅਸੀਂ ਹੁਣ ਜਾਣਿਆ ਕਿ ਪੁਲਿਸ ਸੇਵਾ ਸਿਰਫ ਕਰੜੀ ਨਹੀਂ, ਇਹ ਵਿਚ ਸੇਵਾ, ਸਨਮਾਨ ਅਤੇ ਤਿਆਗ ਵੀ ਲੁਕੇ ਹੋਏ ਹਨ।"
ਇਸ ਪ੍ਰੋਗਰਾਮ ਦੀ ਸਮਾਪਤੀ ਦੌਰਾਨ ਐਸ.ਐਸ.ਪੀ ਸ੍ਰੀ ਗਗਨ ਅਜੀਤ ਸਿੰਘ ਨੇ ਕਿਹਾ, "ਸਾਡਾ ਮਕਸਦ ਹੈ ਕਿ ਅਸੀਂ ਨੌਜਵਾਨਾਂ ਵਿਚ ਸੱਚੀ ਸੇਵਾ ਦੀ ਚਾਹ ਪੈਦਾ ਕਰੀਏ। ਜਦੋਂ ਉਹ ਵੱਡੇ ਹੋਣ, ਤਾਂ ਉਹ ਸਿਰਫ ਨੌਕਰੀ ਲਈ ਨਹੀਂ, ਸੇਵਾ ਲਈ ਅੱਗੇ ਆਉਣ।"
ਜ਼ਿਲ੍ਹੇ ਦੇ ਟੌਪਰ ਵਿਦਿਆਰਥੀਆਂ ਨੂੰ ਐੱਸ ਐੱਸ ਪੀ ਮਾਲੇਰਕੋਟਲਾ ਨੇ ਐੱਸ.ਪੀ ਹੈੱਡਕੁਆਰਟਰ ਨਾਲ ਦੰਗਾ ਵਿਰੋਧੀ ਸਮੂਹ ਉਪਕਰਨਾਂ ਦਾ ਨਿਰੀਖਣ ਅਤੇ ਐਂਟੀ ਰਾਇਟ ਡ੍ਰਿੱਲ ਦਾ ਅਭਿਆਸ ਦੇ ਅਨੁਭਵ ਵੀ ਸਾਂਝੇ ਕਰਵਾਏ ਗਏ ਇਸ ਅਭਿਆਸ ਦਾ ਉਦੇਸ਼ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ, ਅਣਚਾਹੀਆਂ ਘਟਨਾਵਾਂ ਨੂੰ ਨਿਯੰਤਰਿਤ ਕਰਨ ਅਤੇ ਪੁਲਿਸ ਟੀਮ ਦੀ ਤਿਆਰੀ ਦੀ ਸਮੀਖਿਆ ਕਰਨਾ ਸੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਪੁਲਿਸ ਹਮੇਸ਼ਾ ਸ਼ਾਂਤੀ, ਕਾਨੂੰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਤਪਰ ਹੈ।
ਇਸ ਮੌਕੇ ਐਸ.ਪੀ.ਐਚ ਗੁਰਸ਼ਰਨਜੀਤ ਸਿੰਘ,ਡੀ.ਐਸ.ਪੀ.ਰਣਜੀਤ ਸਿੰਘ,ਡੀ.ਐਸ.ਪੀ. ਮਾਨਵਜੀਤ ਸਿੰਘ,ਐਸ.ਐਚ.ਓ ਮਹਿਲਾ ਵਿੰਗ ਮਨਜੀਤ ਕੌਰ,ਪੁਲਿਸ ਦੇ ਸੋਸਲ ਮੀਡੀਆਂ ਇੰਨਚਾਰਜ ਪ੍ਰਭਜੋਤ ਸਿੰਘ,ਪ੍ਰਿੰਸੀਪਲ ਦਲਬੀਰ ਸਿੰਘ,ਹੈਡ ਮਿਸਟ੍ਰੈਸ ਸਨਾਵਰ ਸੁਲਤਾਨਾ, ਗਣਿਤ ਮਿਸਟ੍ਰੈਸ ਦੀਪਿਕਾ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ ।