ਸਿਹਤ ਮੰਤਰੀ ਵੱਲੋਂ ਕੋਵਿਡ ਪ੍ਰਬੰਧਨ ਦੀਆਂ ਤਿਆਰੀਆਂ ਲਈ ਮਾਤਾ ਕੌਸ਼ੱਲਿਆ ਤੇ ਰਾਜਿੰਦਰਾ ਹਸਪਤਾਲ ਦੀ ਅਚਨਚੇਤ ਚੈਕਿੰਗ
- ਕੋਵਿਡ ਤੋਂ ਬਚਾਅ ਲਈ ਟੈਸਟਿੰਗ, ਦਵਾਈਆਂ, ਆਈਸੋਲੇਸ਼ਨ, ਆਈ.ਸੀ.ਯੂ, ਬੈਡ, ਆਕਸੀਜਨ ਪਲਾਂਟ, ਸਿਹਤ ਅਮਲੇ ਸਮੇਤ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ-ਡਾ. ਬਲਬੀਰ ਸਿੰਘ
- ਕਿਹਾ, ਕੋਵਿਡ ਬਾਰੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਗਿਆਨ, ਪਹਿਲਾਂ ਦੀ ਤਰ੍ਹਾਂ ਨੁਕਸਾਨ ਦਾ ਕੋਈ ਖ਼ਤਰਾ ਨਹੀਂ, ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ
ਪਟਿਆਲਾ, 28 ਮਈ 2025: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਫੈਲਣ ਦੀ ਕਿਸੇ ਵੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਦੀ ਸੰਭਾਲ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਅਗੇਤੀਆਂ ਹੀ ਮੁਕੰਮਲ ਹਨ।
ਸਿਹਤ ਮੰਤਰੀ ਨੇ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਕੋਵਿਡ ਤੋਂ ਬਚਾਅ ਲਈ ਟੈਸਟਿੰਗ, ਕੋਵਿਡ ਸਹੂਲਤਾਂ, ਦਵਾਈਆਂ, ਆਈਸੋਲੇਸ਼ਨ, ਆਈ.ਸੀ.ਯੂ, ਬੈਡ, ਟੈਸਟਿੰਗ, ਆਕਸੀਜਨ ਪਲਾਂਟ, ਸਿਹਤ ਅਮਲੇ ਦੀ ਉਪਲਬੱਧਤਾ ਦਾ ਜਾਇਜ਼ਾ ਲਿਆ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਕੋਵਿਡ ਦੀ ਬਿਮਾਰੀ ਤੋਂ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਾਡੀ ਫ਼ੌਜ ਸਦਾ ਤਿਆਰ ਰਹਿੰਦੀ ਹੈ, ਉਸੇ ਤਰ੍ਹਾਂ ਹੀ ਸਾਡੇ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਕਟਰ ਤੇ ਸਮੁੱਚਾ ਸਿਹਤ ਅਮਲਾ ਵੀ ਕਿਸੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ 24 ਘੰਟੇ ਨਿਰੰਤਰ ਤਿਆਰ-ਬਰ-ਤਿਆਰ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਦੀ ਸਿਹਤ ਦੀ ਸੰਭਾਲ ਦੇ ਸਮੁੱਚੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਰਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਕੋਵਿਡ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੋਵਾਂ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀਆਂ ਤਿਆਰੀਆਂ ਪੁਖ਼ਤਾ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਸੁਪਰਸਪੈਸ਼ਿਲਿਟੀ ਵਿੰਗ ਵਿਖੇ ਕਿਸੇ ਵੀ ਐਮਰਜੈਂਸੀ ਲਈ 40 ਬੈਡ ਪੂਰੀ ਤਰ੍ਹਾਂ ਤਿਆਰ ਹਨ, ਸਾਰੀਆਂ ਦਵਾਈਆਂ, ਟ੍ਰੇਂਡ ਸਟਾਫ਼, ਆਈਸੋਲੇਸ਼ਨ, ਐਮਰਜੈਂਸੀ ਵਰਤੋਂ ਲਈ ਸਾਜੋ-ਸਮਾਨ, ਤਿੰਨ ਪਰਤੀ ਆਕਸੀਜਨ ਪਲਾਂਟ, ਜਿਸ 'ਚ ਲਿਕੁਇਡ ਆਕਸੀਜਨ, ਮਲਟੀਲੇਅਰ ਸਿਲੰਡਰ ਸਪਲਾਈ ਅਤੇ ਪੀ.ਐਸ.ਏ. ਪਲਾਂਟ, ਜੈਨਰੇਟਰ ਸੈਟ ਵੀ ਪੂਰੀ ਤਰ੍ਹਾਂ ਤਿਆਰ ਹਨ। ਇਸ ਤੋਂ ਬਿਨ੍ਹਾਂ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ, ਜਿੱਥੇ ਕਿ 130 ਬੈਡ ਵੀ ਪੂਰੀ ਤਰ੍ਹਾਂ ਤਿਆਰ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੇ ਦੇਸ਼ ਦੇ ਦੁਸ਼ਮਣਾਂ ਦੀ ਤਰ੍ਹਾਂ ਹੀ ਕੋਵਿਡ ਵੀ ਸਾਡੀ ਸਿਹਤ ਦਾ ਦੁਸ਼ਮਣ ਹੈ ਜਿਸਨੇ 2020 'ਚ ਬਹੁਤ ਬਰਬਾਦੀ ਕੀਤੀ ਸੀ, ਪਰੰਤੂ ਹੁਣ ਇਸ ਬਾਰੇ ਸਾਡੇ ਸਿਹਤ ਮਾਹਰਾਂ ਨੂੰ ਪੂਰਾ ਗਿਆਨ ਵੀ ਹੈ ਅਤੇ ਅਜੇ ਤੱਕ ਕੋਵਿਡ ਦੇ ਮੌਜੂਦਾ ਰੂਪ ਬਾਰੇ ਸਾਡੀ ਸਰਕਾਰ ਅਤੇ ਵਿਸ਼ਵ ਸਿਹਤ ਸਿਹਤ ਸੰਸਥਾ ਨੇ ਇਸ ਨੂੰ ਚਿੰਤਾ ਵਾਲਾ ਵੇਰੀਐਂਟ ਨਹੀਂ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤਾਰੀਕ ਵਿੱਚ ਇਸ ਤੋਂ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ।
ਇਸ ਮੌਕੇ ਮੈਡੀਕਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਸਮੇਤ ਹੋਰ ਡਾਕਟਰ ਤੇ ਫੈਕਲਿਟੀ ਮੈਂਬਰ ਮੌਜੂਦ ਸਨ, ਜਿਨ੍ਹਾਂ ਨੇ ਸਿਹਤ ਮੰਤਰੀ ਨੂੰ ਕੋਵਿਡ ਪ੍ਰਬੰਧਨ ਦੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ।