ਨਿਵੇਕਲੀ 'ਪਹਿਲ' ਪ੍ਰੋਜੈਕਟ ਤਹਿਤ ਨਵਾਂ ਉਪਰਾਲਾ,ਹੁਣ ਸਵੈ ਸਹਾਇਤਾ ਗਰੁੱਪ ਤਿਆਰ ਕਰਨਗੇ ਮਿਡ-ਡੇ ਮੀਲ ਲਈ ਮਸਾਲੇ
* ਔਰਤਾਂ ਦੀ ਸਮਾਜਿਕ ਤੇ ਆਰਥਿਕ ਖੁਸ਼ਹਾਲੀ ਲਈ ਵਰਦਾਨ ਬਣੇਗਾ ‘ਪਹਿਲ ਆਜੀਵਿਕਾ ’ਦਾ ਇਹ ਪ੍ਰੋਜੈਕਟ- ਡਿਪਟੀ ਕਮਿਸ਼ਨਰ
* ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਮਹਿਲਾ ਸਸ਼ਕਤੀਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕ ਹੋਰ ਸਾਰਥਕ ਕਦਮ
* ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਇਸ ਉਪਰਾਲੇ ਦੀ ਦਿੱਤੀ ਵਧਾਈ
ਮਾਲੇਰਕੋਟਲਾ 28 ਮਈ 2025 - ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਔਰਤਾਂ ਦੀ ਸਮਾਜਿਕ ਤੇ ਵਿੱਤੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਬਲਾਕ ਵਿਖੇ ਜੋਸ਼ੋ ਫਰੋਸ਼ ਨਾਲ ਚਲਾਏ ਜਾ ਰਹੇ ਸਵੈ ਸਹਾਇਤਾ ਸਮੂਹਾਂ ਦੀ ਲੜੀ ਤਹਿਤ ਇੱਕ ਹੋਰ ਸ਼ਾਨਦਾਰ ਉਪਰਾਲੇ ਤਹਿਤ ਨਵੀਨਤਮ ‘ਪਹਿਲ’ ਪ੍ਰੋਜੈਕਟ ਤਹਿਤ ਹੁਣ ਪਿੰਡ ਗੁਵਾਰਾ ਦਾ ਸਵੈ ਸਹਾਇਤਾ ਗਰੁੱਪਾਂ (ਕਲਪਨਾ ਚਾਵਲਾ) ਦੀਆਂ ਔਰਤਾਂ ਦੁਆਰਾ ਮਿਡ-ਡੇ ਮੀਲ ਲਈ ਮਸਾਲਿਆਂ ਦੀ ਤਿਆਰੀ ਕੀਤੀ ਜਾਵੇਗੀ। ਇਸ ਨਿਵੇਕਲੇ ਉਪਰਾਲੇ ਦਾ ਉਦੇਸ਼ ਨਾ ਸਿਰਫ਼ ਸਕੂਲੀ ਬੱਚਿਆਂ ਨੂੰ ਪੋਸ਼ਟਿਕ ਭੋਜਨ ਦੇਣਾ ਹੈ, ਸਗੋਂ ਪਿੰਡਾਂ ਦੀਆਂ ਔਰਤਾਂ ਨੂੰ ਆਰਥਿਕ ਤੌਰ ਤੇ ਆਤਮਨਿਰਭਰ ਬਣਾਉਣਾ ਵੀ ਹੈ।
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਜ਼ਿਲ੍ਹੇ ਦੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਇਸ ਉਪਰਾਲੇ ਤੇ ਵਧਾਈ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਆਤਮ ਨਿਰਭਰ, ਸਸ਼ਕਤ ਤੇ ਮਜਬੂਤ ਬਣਾਉਣ ਵੱਲ ਨਿਰੰਤਰ ਯਤਨਸ਼ੀਲ ਹੈ। "ਇਸ ਨਵੀਂ ਨਿਵੇਕਲੀ ਸ਼ੁਰੂਆਤ ਰਾਹੀਂ, ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਮਸਾਲੇ ਤਿਆਰ ਕਰਨਗੀਆਂ, ਜਿਸ ਨਾਲ ਉਨ੍ਹਾਂ ਨੂੰ ਸਥਿਰ ਰੋਜ਼ਗਾਰ ਮਿਲੇਗਾ। ਇਹ ਮਸਾਲੇ ਸਰਕਾਰੀ ਸਕੂਲਾਂ ਵਿਚ ਚਲ ਰਹੀ ਮਿਡ-ਡੇ ਮੀਲ ਸਕੀਮ ਲਈ ਵਰਤੇ ਜਾਣਗੇ, ਜਿਸ ਨਾਲ ਪੋਸ਼ਟਿਕਤਾ ਅਤੇ ਸਵਾਦ ਦੋਵਾ ਵਿੱਚ ਸੁਧਾਰ ਆਵੇਗਾ।" ਇਹ ਉਪਰਾਲਾ ਮਹਿਲਾਵਾਂ ਨੂੰ ਸਿਰਫ ਰੋਜ਼ਗਾਰ ਹੀ ਨਹੀਂ ਦੇਵੇਗਾ, ਸਗੋਂ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰੇਗਾ ਅਤੇ ਸਮਾਜਿਕ ਤਬਕਿਆਂ ਵਿਚ ਉਨ੍ਹਾਂ ਦੀ ਸਥਿਤੀ ਮਜ਼ਬੂਤ ਬਣਾਏਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਪ੍ਰਫੁੱਲਤਾ ਲਈ ਜ਼ਿਲ੍ਹੇ ਵਿੱਚ ਬਹੁ- ਗਿਣਤੀ ਵਿੱਚ ਸਵੈ ਸਹਾਇਤਾ ਸਮੂਹ ਚੱਲ ਰਹੇ ਹਨ ਜਿਨ੍ਹਾਂ ਰਾਹੀਂ ਔਰਤਾਂ ਪ੍ਰਸ਼ਾਸਨਿਕ ਸਹਿਯੋਗ ਸਦਕਾ ਆਪਣੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਪਹਿਲ ਆਜੀਵਿਕਾ ’ ਰਾਹੀਂ ਸਿੱਧੇ ਤੇ ਅਸਿੱਧੇ ਤੌਰ ’ਤੇ ਪਿੰਡਾਂ ਦੀਆਂ 000 ਤੋਂ ਵਧੇਰੇ ਮਹਿਲਾਵਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਇਸ ਸਦਕਾ ਜਿਥੇ ਉਹ ਆਪਣੇ ਹੁਨਰ ਦੀ ਸੁਚੱਜੀ ਵਰਤੋਂ ਕਰ ਸਕਣਗੀਆਂ ਉਥੇ ਹੀ ਪਰਿਵਾਰਾਂ ਦੀ ਬਿਹਤਰੀ ਨੂੰ ਯਕੀਨੀ ਬਣਾਉਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਦੀਪ ਕੌਰ ਨੇ ਦੱਸਿਆ ਕਿ ਪਿੰਡ ਗੁਵਾਰਾ ਦਾ ਸਵੈ ਸਹਾਇਤਾ ਗਰੁੱਪਾਂ (ਕਲਪਨਾ ਚਾਵਲਾ) ਦੀਆਂ ਔਰਤਾਂ ਵਲੋਂ ਜ਼ਿਲ੍ਹੇ ਦੇ ਕੁਲ 293 ਸਕੂਲਾਂ ਵਿੱਚ ਪੜ੍ਹਦੇ 22 ਹਜਾਰ 533 ਵਿਦਿਆਰਥੀਆਂ ਦੀ ਮਿਡ-ਡੇ ਮੀਲ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਫ ਸੁਥਰੇ ਮਸਾਲੇ ਤਿਆਰ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਸਾਡਾ ਮਕਸਦ ਜ਼ਿਲ੍ਹੇ ਦੇ ਅੰਦਰ ਹੀ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਨ ਦੀਆਂ ਸੰਭਾਵਨਾਵਾਂ ਨੂੰ ਸਹੀ ਦਿਸ਼ਾ ਦਿੰਦੇ ਹੋਏ ਸਫ਼ਲਤਾ ਨਾਲ ਲਾਗੂ ਕਰਨਾ ਹੈ। ਕੁਸ਼ਲ ਗ੍ਰਹਿਨੀਆਂ ਹੋਣ ਕਾਰਨ ਮਸਾਲਿਆਂ ਦੀ ਅੱਛੀ ਪਹਿਚਾਣ ਹੁੰਦੀ ਹੈ । ਇਸ ਲਈ ਉਹ ਬੱਚਿਆਂ ਦੇ ਪੋਸ਼ਣ ਅਤੇ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚਾਉਂਣ ਵਾਲੇ ਮਸਾਲੇ ਗੁਣਵੰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕਰਨਗੀਆਂ । ਇਸ ਪਹਿਲਕਦਮੀ ਸਦਕਾ ਇਨ੍ਹਾਂ ਔਰਤਾਂ ਦਾ ਮਨੋਬਲ ਵਧੇਗਾ ਤੇ ਆਪਣੀ ਜਿੰਮੇਵਾਰੀ ਨੂੰ ਹੋਰ ਬਾਖੂਬੀ ਨਿਭਾਉਣਗੀਆਂ। ਉਨ੍ਹਾਂ ਦੱਸਿਆ ਕਿ ‘ਪਹਿਲ ਆਜੀਵਿਕਾ’ ਨੂੰ ਲੋੜੀਂਦੀ ਮਸ਼ੀਨਰੀ ਪ੍ਰਸ਼ਾਸਨਿਕ ਸਹਿਯੋਗ ਨਾਲ ਮੁਹੱਈਆ ਕਰਵਾਈ ਗਈ ਹੈ ਅਤੇ ਅਸੀਂ ਨਿਰੰਤਰ ਅਜਿਹੇ ਹੋਰ ਯਤਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਚਨਬੱਧ ਹਾਂ। ਇਸ ਮੌਕੇ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ ਮਸਾਲੇ ਸਪੁਰਦ ਵੀ ਕੀਤੇ ।